ਫੁਲਕਾਰੀਆਂ ਅਤੇ ਹੱਥ-ਸ਼ਿਲਪਾਂ ਆਨਲਾਈਨ ਵੇਚੇਗੀ ਪੰਜਾਬ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਈ-ਮਾਰਕਿਟਿੰਗ ਨਾਲ ਲਘੂ ਉਦਯੋਗਾਂ ਨੂੰ ਪੰਜਾਬ ਅੰਦਰ ਵਧਣ-ਫੁਲਣ ਵਿਚ ਮਦਦ ਮਿਲੇਗੀ : ਵਿਜੇ ਇੰਦਰ ਸਿੰਗਲਾ

Punjab Pulkari and Handicrafts be marketed on e-commerce portals : Vijay Inder Singla

ਚੰਡੀਗੜ੍ਹ : ਟਰਾਈਡੈਂਟ ਗਰੁੱਪ ਦੇ Amazon.com ਜ਼ਰੀਏ ਗਲੋਬਲ ਮਾਰਕਿਟ ਵਿਚ ਸਫ਼ਲ ਆਨਲਾਈਨ ਦਾਖਲੇ ਤੋਂ ਪ੍ਰਭਾਵਿਤ ਹੁੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਦੀਆਂ ਫੁਲਕਾਰੀਆਂ ਅਤੇ ਹੱਥ-ਸ਼ਿਲਪਾਂ ਦੀ ਈ-ਕਾਮਰਸ ਪੋਰਟਲਾਂ 'ਤੇ ਮਾਰਕਿਟਿੰਗ ਕੀਤੀ ਜਾਣੀ ਚਾਹੀਦੀ ਹੈ।
ਸਿੰਗਲਾ ਨੇ ਕਿਹਾ ਕਿ ਈ-ਕਾਮਰਸ ਪੋਰਟਲ ਭਾਰਤੀ ਵਿਕਰੇਤਾਵਾਂ ਲਈ ਲਾਭਦਾਇਕ ਪਲੇਟਫਾਰਮ ਹਨ ਅਤੇ ਇਨ੍ਹਾਂ ਪਲੇਟਫ਼ਾਰਮਾਂ 'ਤੇ ਵਿਸ਼ਵ ਭਰ ਦੇ ਖਰੀਦਦਾਰ ਮੌਜ਼ੂਦ ਹਨ। ਇਨਨ੍ਹਾਂ ਪਲੇਟਫ਼ਾਰਮਾਂ 'ਤੇ ਵਿਕਰੀ ਦੀ ਕਾਫੀ ਸਮਰੱਥਾ ਹੋਣ ਦੇ ਨਾਲ ਮਾਰਕਿਟਿੰਗ ਲਾਗਤ ਵੀ ਕਾਫੀ ਘੱਟ ਹੈ।

ਉਨ੍ਹਾਂ ਸੁਝਾਅ ਦਿੱਤਾ ਕਿ ਸਥਾਨਕ ਹੱਥ-ਸ਼ਿਲਪਾ ਦੀ ਵਿਕਰੀ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਪਲੇਟਫਾਰਮਾਂ 'ਤੇ ਵਿਕਰੀ ਲਈ ਪੇਸ਼ਕਾਰੀ ਕਰਨੀ ਚਾਹੀਦੀ ਹੈ। ਸਿੰਗਲਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੋਲ ਇਹ ਮੁੱਦਾ ਉਠਾਉਣਗੇ ਕਿ ਵਿਸ਼ਵ ਭਰ ਦੇ ਐਨ.ਐਰ.ਆਈ. ਖ਼ਪਤਕਾਰਾਂ ਦੀ ਲੋੜ ਨੂੰ ਪੂਰਾ ਕਰਨ ਲਈ  ਪੰਜਾਬ ਦੀਆਂ ਫੁਲਕਾਰੀਆਂ ਅਤੇ ਹੱਥ-ਸ਼ਿਲਪਾਂ ਦੀ ਈ-ਕਾਮਰਸ ਪੋਰਟਲਾਂ 'ਤੇ ਮਾਰਕਿਟਿੰਗ ਕੀਤੀ ਜਾਵੇ। ਉਹਨਾਂ ਕਿਹਾ ਕਿ ਇਸ ਨਾਲ ਨਿਰਯਾਤ ਨੂੰ ਬੜਾਵਾ ਮਿਲਣ ਦੇ ਨਾਲ ਲਘੂ ਉਦਯੋਗਾਂ ਨੂੰ ਪੰਜਾਬ ਅੰਦਰ ਵਧਣ-ਫੁਲਣ ਵਿਚ ਮਦਦ ਮਿਲੇਗੀ।

ਐਮਾਜੌਨ 'ਤੇ ਆਪਣੇ ਉਤਪਾਦਾਂ ਨੂੰ ਲਾਂਚ ਕਰਨ ਉਪਰੰਤ ਲੁਧਿਆਣਾ ਦੇ ਟ੍ਰਾਈਡੈਂਟ ਗਰੁੱਪ ਅਤੇ ਐਮਾਜੌਨ ਦੁਆਰਾ ਸਾਂਝੇ ਤੌਰ 'ਤੇ ਜੇ.ਡਬਲਿਊ ਮੈਰੀਓਟ ਚੰਡੀਗੜ੍ਹ ਵਿਖੇ ਆਯੋਜਿਤ ਮੀਡੀਆ ਸੈਸ਼ਨ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਸਿੰਗਲਾ ਨੇ ਕਪੜਾ ਤਿਆਰ ਕਰਨ ਵਾਲੇ ਘਰੇਲੂ ਉਦਯੋਗਾਂ ਦੇ ਮੋਹਰੀ ਉਤਪਾਦਕਾਂ ਨੂੰ ਉਹਨਾਂ ਦੇ ਐਮਾਜੌਨ ਜ਼ਰੀਏ ਗਲੋਬਲ ਮਾਰਕਿਟ ਵਿਚ ਆਨਲਾਈਨ ਦਾਖਲੇ ਲਈ ਵਧਾਈ ਦਿੱਤੀ ਅਤੇ ਆਸ ਜਤਾਈ ਕਿ ਇਸ ਨਾਲ ਵੱਧ ਤੋਂ ਵੱਧ ਪੰਜਾਬੀ ਉਤਪਾਦਕਾਂ ਨੂੰ ਇਸ ਆਨਲਾਈਨ ਵਪਾਰ ਵਿਚ ਸ਼ਾਮਲ ਹੋਣ ਲਈ ਪ੍ਰੇਰਨਾ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਹਜ਼ਾਰ ਤੋਂ ਵੱਧ ਉਤਪਾਦਕ ਐਮਾਜੌਨ 'ਤੇ ਆਪਣੇ ਉਤਪਾਦਾਂ ਦੀ ਮਾਰਕਿਟਿੰਗ ਕਰ ਰਹੇ ਹਨ।

ਇਸ ਮੌਕੇ ਪਦਮਸ੍ਰੀ ਐਵਾਰਡੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਰਜਿੰਦਰ ਗੁਪਤਾ ਨੇ ਕਿਹਾ, "ਅਸੀਂ ਐਮਾਜੌਨ ਦੇ ਗਲੋਬਲ ਸੈਲਿੰਗ ਪ੍ਰੋਗਰਾਮ ਨਾਲ ਜੁੜ ਕੇ ਆਪਣੇ 'ਮੇਡ ਇੰਨ ਇੰਡੀਆ' ਉਤਪਾਦ ਇਸ ਦੇ ਗਲੋਬਲ ਪਲੇਟਫਾਰਮ ਜ਼ਰੀਏ ਵਿਸ਼ਵ ਭਰ ਦੇ ਖਪਤਕਾਰਾਂ ਤੱਕ ਪਹੁੰਚਾਉਣ ਲਈ ਬੇਹੱਦ ਖੁਸ਼ ਹਾਂ। ਇਸ ਦੀ ਸ਼ੁਰੂਆਤ ਨਾਲ ਅਸੀਂ ਡਿਜੀਟਲ ਰੂਪ ਵਿਚ ਆਪਣੀ ਪਹੁੰਚ ਨੂੰ ਅੱਗੇ ਵਧਾਉਣ ਅਤੇ ਆਪਣੇ ਉਤਪਾਦਾਂ ਨੂੰ ਕਪੜਾ ਤਿਆਰ ਕਰਨ ਵਾਲੇ ਘਰੇਲੂ ਉਦਯੋਗਾਂ ਦੇ ਖੇਤਰ ਵਿਚ ਪਹਿਲੀ ਪਸੰਦ ਬਣਾਉਣ ਲਈ ਆਸ ਕਰਦੇ ਹਾਂ।"

ਸੈਲਰ ਸਰਵਿਸਿਜ਼ ਐਮਾਜੌਨ ਇੰਡੀਆ ਦੇ ਉਪ ਪ੍ਰਧਾਨ ਗੋਪਾਲ ਪਿਲਈ ਨੇ ਕਿਹਾ, "ਐਮਾਜੌਨ ਗਲੋਬਲ ਸੈਲਿੰਗ ਪ੍ਰੋਗਰਾਮ ਜ਼ਰੀਏ ਭਾਰਤੀ ਨਿਰਯਾਤਕਾਰ ਨਾ ਸਿਰਫ਼ ਆਪਣੇ ਉਤਪਾਦ ਸਾਡੇ 12 ਅੰਤਰ-ਰਾਸ਼ਟਰੀ ਮਾਰਕਿਟਪਲੇਸਾਂ 'ਤੇ ਵਿਕਰੀ ਲਈ ਪੇਸ਼ ਕਰ ਸਕਦੇ ਹਨ ਬਲਕਿ ਇਸ ਈ-ਕਾਮਰਸ ਪਲੇਟਫਾਰਮ 'ਤੇ ਆਪਣੀ ਸਫਲ ਯਾਤਰਾ ਦੀ ਸ਼ੁਰੂਆਤ ਕਰ ਸਕਦੇ ਹਨ ਜਿਸ ਨਾਲ ਉਹਨਾਂ ਦਾ ਵਪਾਰ ਵਿਸ਼ਵ ਪੱਧਰ 'ਤੇ ਪਹੁੰਚਣ ਦੇ ਨਾਲ ਉਹਨਾਂ ਦੀ ਮਾਰਕਿਟ ਪਹੁੰਚ ਵੀ ਵਧੇਗੀ। ਅਸੀਂ ਭਾਰਤੀ ਬਰਾਂਡਾਂ ਅਤੇ ਲਘੂ, ਛੋਟੇ ਤੇ ਦਰਮਿਆਨੇ ਉਦਯੋਗਾਂ (ਐਮ.ਐਸ.ਐਮ.ਈਜ਼) ਦੀ ਵਿਸ਼ਵ ਦੇ ਖਪਤਕਾਰਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਂਦਿਆਂ ਵੱਧ ਤੋਂ ਵੱਧ ਉਦਯੋਗਾਂ ਨੂੰ ਇਸ ਅਧੀਨ ਲਿਆ ਕੇ ਇਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਣਾ ਚਾਹੁੰਦੇ ਹਾਂ।"