ਅਧਿਆਪਕ ਦੀ ਸੋਚ ਨੂੰ ਸਲਾਮ, ਖੋਲ੍ਹਿਆ ਕਿਤਾਬਾਂ ਦਾ ਠੇਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਠੇਕੇ ਤੋਂ ਮਿਲਦੀਆਂ ਹਨ ਮੁਫ਼ਤ ਅੰਗਰੇਜ਼ੀ ਤੇ ਦੇਸੀ ਕਿਤਾਬਾਂ 

Teacher Darshandeep Singh open library

ਖੰਨਾ : ਨਸ਼ਿਆਂ ਦੀ ਬਿਮਾਰੀ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਤਬਾਹੀ ਦੇ ਕੰਢੇ 'ਤੇ ਲਿਆਂਦਾ ਹੈ। ਸਰੀਰਕ ਅਤੇ ਮਾਨਸਕ ਬਿਮਾਰੀਆਂ ਵਿਚ ਆਏ ਦਿਨ ਵਾਧਾ ਹੋ ਰਿਹਾ ਹੈ। ਪੰਜਾਬ 'ਚ ਜਿਥੇ ਥਾਂ-ਥਾਂ 'ਤੇ ਸ਼ਰਾਬ ਦੇ ਠੇਕੇ ਖੁਲ੍ਹੇ ਪਏ ਹਨ। ਅਜਿਹੇ 'ਚ ਖੰਨਾ-ਮਲੇਰਕੋਟਲਾ ਰੋਡ ਉਤੇ ਪਿੰਡ ਜਰਗੜੀ 'ਚ ਵੀ ਇਕ ਠੇਕਾ ਖੁਲ੍ਹਿਆ ਹੈ।

ਇਸ ਠੇਕੇ ਦੀ ਖ਼ਾਸ ਗੱਲ ਹੈ ਕਿ ਇਥੇ ਸ਼ਰਾਬ ਦਾ ਨਸ਼ਾ ਨਹੀਂ, ਸਗੋਂ ਗਿਆਨ ਦਾ ਨਸ਼ਾ ਮਿਲਦਾ ਹੈ, ਉਹ ਵੀ ਮੁਫ਼ਤ। ਪਿੰਡ ਜਰਗੜੀ ਦੇ ਅਧਿਆਪਕ ਦਰਸ਼ਨਦੀਪ ਸਿੰਘ ਗਿੱਲ ਵਲੋਂ ਇਹ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣੀ ਮੋਟਰ ਉਤੇ 'ਠੇਕਾ ਕਿਤਾਬ ਦੇਸੀ ਤੇ ਅੰਗਰੇਜ਼ੀ' ਨਾਂ ਹੇਠ ਕਿਤਾਬਾਂ ਦੀ ਲਾਇਬ੍ਰੇਰੀ ਖੋਲ੍ਹੀ ਹੈ।

ਇਸ ਠੇਕੇ 'ਚ 2 ਹਜ਼ਾਰ ਦੇ ਕਰੀਬ ਕਿਤਾਬਾਂ ਰੱਖੀਆਂ ਗਈਆਂ ਹਨ ਅਤੇ ਇਨ੍ਹਾਂ ਕਿਤਾਬਾਂ ਨੂੰ ਬੱਚੇ ਮੁਫ਼ਤ ਪੜ੍ਹਨ ਲਈ ਲਿਜਾ ਸਕਦੇ ਹਨ। ਇਸ ਮੌਕੇ ਕਿਤਾਬਾਂ ਦੇ ਦਰਸ਼ਨਦੀਪ ਸਿੰਘ ਨੇ ਅਜੋਕੀ ਪੀੜੀ ਨਸ਼ਿਆਂ 'ਚ ਡੁੱਬਦੀ ਜਾ ਰਹੀ ਹੈ ਅਤੇ ਨੌਜਵਾਨਾਂ ਨੂੰ ਸ਼ਰਾਬ ਆਦਿ ਨਸ਼ਿਆਂ ਤੋਂ ਦੂਰ ਰੱਖ ਕੇ ਪੰਜਾਬੀ ਮਾਂ ਬੋਲੀ ਅਤੇ ਕਿਤਾਬਾਂ ਦੇ ਨਸ਼ੇ ਨਾਲ ਜੋੜਨ ਲਈ ਇਸ ਦਾ ਨਿਰਮਾਣ ਕੀਤਾ ਗਿਆ ਹੈ, ਕਿਉਂਕਿ ਕਿਤਾਬਾਂ ਦਾ ਨਸ਼ਾ ਇਕ ਅਜਿਹਾ ਨਸ਼ਾ ਹੈ ਜੋ ਕਿਸੇ ਨੂੰ ਲੱਗ ਜਾਵੇ ਤਾਂ ਇਨਸਾਨ ਜ਼ਿੰਦਗੀ ਦੀ ਖੇਡ 'ਚ ਕਦੇ ਵੀ ਹਾਰ ਨਹੀਂ ਸਕਦਾ। ਦਰਸ਼ਨਦੀਪ ਨੇ ਦਸਿਆ ਕਿ ਉਨ੍ਹਾਂ ਕੋਲ ਸਾਹਿਤ ਦੀਆਂ 2000 ਕਿਤਾਬਾਂ ਹਨ ਅਤੇ ਇਸ ਦਾ ਮਕਸਦ ਇਲਾਕਾ ਵਾਸੀਆਂ ਤੋਂ ਇਲਾਵਾ ਹੋਰ ਪਾਠਕ ਵੀ ਕਿਤਾਬਾਂ ਨਾਲ ਜੁੜ ਸਕਣ।

ਦਰਸ਼ਨਦੀਪ ਸਿੰਘ ਗਿੱਲ ਦੀ ਇਸ ਲਾਇਬ੍ਰੇਰੀ 'ਚ ਪੰਜਾਬੀ ਮਾਂ ਬੋਲੀ ਤੇ ਸਾਹਿਤ ਤੋਂ ਇਲਾਵਾ ਸੇਧ ਭਰਪੂਰ ਸਤਰਾਂ, ਆਲੇ ਦੁਆਲੇ ਲਮਕਾਏ ਫੁੱਲ ਬੂਟੇ, ਪੁਰਾਤਨ ਅਤੇ ਆਧੁਨਿਕ ਵਸਤਾਂ ਖਿੱਚ ਦਾ ਕੇਂਦਰ ਹਨ। ਇਸ ਫਾਰਮ ਹਾਊਸ 'ਤੇ ਮੇਨ ਗੇਟ ਲਗਾ ਕੇ ਬਣਾਏ ਕਮਰੇ 'ਚ ਲਾਇਬਰੇਰੀ ਦੇ ਅੰਦਰ ਅਲਮਾਰੀ 'ਚ ਕਿਤਾਬਾਂ ਦਾ ਭੰਡਾਰ ਹੈ ਅਤੇ ਅੰਦਰ ਬੈਠ ਕੇ ਅਤੇ ਲੇਟ ਕੇ ਪੜ੍ਹਨ ਲਈ ਕੁਰਸੀਆਂ ਤੇ ਦੀਵਾਨ ਬੈੱਡ ਸਮੇਤ ਵਧੀਆ ਪ੍ਰਬੰਧ ਹੈ। ਇਸ ਦੇ ਅੰਦਰ ਰਸੋਈ ਵੀ ਬਣਾਈ ਗਈ ਹੈ। ਲਾਇਬ੍ਰੇਰੀ ਦੀਆਂ ਕੰਧਾਂ ਉਤੇ ਅੰਦਰ-ਬਾਹਰ ਸੰਦੇਸ਼ ਭਰਪੂਰ ਲਾਈਨਾਂ ਵੀ ਲਿਖੀਆਂ ਹਨ। ਇਕ ਸਾਈਡ ਖੂਹ ਤੇ ਟਿੰਡਾਂ ਵੀ ਬਣਾਈਆਂ ਗਈਆਂ ਹਨ।