Sukhpal Singh Khaira ਵੱਲੋਂ UAPA ਵਿਰੁੱਧ ਡਟਣ ਵਾਲੇ ਲੋਕਾਂ ਦਾ ਧੰਨਵਾਦ
ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਉਹ ਲੋਕਾਂ...
ਕਪੂਰਥਲਾ: ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ, ਜੋ ਯੂਏਪੀਏ ਵਰਗੇ ਕਾਲੇ ਕਾਨੂੰਨ ਦੀ ਦੁਰਵਰਤੋਂ ਦਾ ਮੁੱਦਾ ਉਠਾਉਣ ਲਈ ਅਕਾਲ ਤਖ਼ਤ ਸਾਹਿਬ 'ਤੇ ਪੁੱਜੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਉਹ ਕੋਚਿੰਗ ਸੈਂਟਰਾਂ ਤੋਂ ਇਲਾਵਾ ਜਿੰਮ, ਸਕਿਲ ਡਿਵੈਲਪਮੈਂਟ ਸੈਂਟਰਾਂ ਅਤੇ ਸਿੱਖਿਅਕ ਅਦਾਰਿਆਂ ਨੂੰ ਵੀ ਖੋਲ੍ਹੇ ਤਾਂ ਜੋ ਉਸ ਨਾਲ ਜੁੜੇ ਲੋਕਾਂ ਦੀ ਰੋਜ਼ੀ ਰੋਟੀ ਚੱਲ ਸਕੇ।
ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਉਹ ਲੋਕਾਂ ਦਾ ਧੰਨਵਾਦ ਇਸ ਲਈ ਕਰਨਾ ਚਾਹੁੰਦੇ ਹਨ ਕਿਉਂ ਕਿ ਇਹ ਜ਼ੁਲਮ ਬਹੁਤ ਹੀ ਗਰੀਬ ਪਰਿਵਾਰਾਂ ਤੇ ਢਾਹਿਆ ਗਿਆ ਹੈ। ਇਸੇ ਦੇ ਨਾਲ ਹੀ ਉਹਨਾਂ ਨੇ ਬਹੁਤ ਸਾਰੇ ਲੀਡਰਾਂ ਦੇ ਨਾਮ ਲੈ ਕੇ ਉਹਨਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਕੋਵਿਡ-19 ਬਾਰੇ ਕਿਹਾ ਕਿ ਸਰਕਾਰ ਨੇ ਬਹੁਤੇ ਕਾਰੋਬਾਰ ਤਾਂ ਖੋਲ੍ਹ ਦਿੱਤੇ ਹਨ ਪਰ ਕੁੱਝ ਕੁ ਅਜੇ ਵੀ ਬੰਦ ਹਨ।
ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਅਦਾਰੇ ਬੰਦ ਪਏ ਹਨ ਉਹਨਾਂ ਨੂੰ ਸਾਵਧਾਨੀਆਂ ਹੇਠ ਖੋਲ੍ਹਿਆ ਜਾਵੇ। ਦਸ ਦਈਏ ਕਿ ਯੂਆਪਾ ਕਾਨੂੰਨ ਨੂੰ ਲੈ ਕੇ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਲਗਾਤਾਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੁਣ ਇਕ ਵਾਰ ਫਿਰ ਖਹਿਰਾ ਵੱਲੋਂ ਯੂਆਪਾ ਤਹਿਤ ਚੁੱਕੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਨਾਲ ਲੈ ਕੇ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਦਿੱਤਾ ਗਿਆ ਹੈ।
ਨਾਲ ਹੀ ਖਹਿਰਾ ਨੇ ਕਿਹਾ ਕਿ ਸਰਕਾਰ ਅਤੇ ਪੁਲਿਸ ਅਪਣੀ ਮਿਲੀਭੁਗਤ ਕਰ ਕੇ ਪੰਜਾਬ ਦੇ ਲੋਕਾਂ ਨੂੰ ਦਬਾਉਣਾ ਚਾਹੁੰਦੀ ਹੈ। ਹੁਣ ਸੁਖਪਾਲ ਦੇ ਵੱਲੋਂ ਪੰਜਾਬ ਸਰਕਾਰ ਦੇ ਕੋਲੋਂ ਯੂਆਪਾ ਤਹਿਤ ਦਰਜ ਕੀਤੇ ਕੇਸਾਂ ਦਾ ਰਵਿਊ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ। ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ, “ਕੇਂਦਰ ਅਤੇ ਪੰਜਾਬ ਸਰਕਾਰ ਨੇ ਹੁਣ ਯੂਆਪਾ ਕਾਨੂੰਨ ਦਾ ਦੁਰਉਪਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ।
ਪਿਛਲੇ ਕੁੱਝ ਦਿਨਾਂ ਦੇ ਵਿਚ ਪੰਜਾਬ ਪੁਲਿਸ ਨੇ 16 ਕੇਸ ਯੂਆਪਾ ਤਹਿਤ ਦਰਜ ਕੀਤੇ ਹਨ। ਇਸ ਕਾਨੂੰਨ ਵਿਚ ਨੌਜਵਾਨਾਂ ਨੂੰ ਖਾਲਿਸਤਾਨ ਦੇ ਪੈਰੋਕਾਰ ਦੱਸ ਚੁੱਕ-ਚੁੱਕ ਕੇ ਜੇਲ੍ਹਾਂ ਵਿਚ ਸੁੱਟਿਆ ਜਾਂਦਾ ਹੈ।” ਇਹ ਨੌਜਵਾਨ ਦਲਿਤ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ ਤੇ ਇਹ ਬੇਗੁਨਾਹ ਵੀ ਹਨ।
ਸੁਖਪਾਲ ਖਹਿਰਾ ਨੇ ਅੱਗੇ ਕਿਹਾ ਕਿ, “ਯੂਆਪਾ ਤਹਿਤ ਜਿੰਨੇ ਵੀ ਕੇਸ ਦਰਜ ਕੀਤੇ ਗਏ ਹਨ ਉਹਨਾਂ ਵਿਚ ਸਾਰੇ ਦਲਿਤ ਪਰਿਵਾਰਾਂ ਦੇ ਨੌਜਵਾਨ ਹਨ ਤੇ ਉਹਨਾਂ ਤੇ ਕੋਈ ਕੇਸ ਦਾ ਵੀ ਰਿਕਾਰਡ ਨਹੀਂ ਹੈ। ਇਹ ਸਰਕਾਰ ਦੀ ਸੋਚੀ ਸਮਝੀ ਸਾਜਿਜ਼ ਹੈ।” ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁੱਦੇ ਤੇ ਡੂੰਘਾਈ ਨਾਲ ਗੌਰ ਕਰਨ ਤੇ ਬੇਗੁਨਾਹਾਂ ਤੇ ਕੀਤੇ ਕੇਸ ਵਾਪਸ ਲਏ ਜਾਣ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।