ਫ਼ਰਜ਼ੀ ਗ਼ੈਰਤਮੰਦ ਹੈ ਸੁਖਪਾਲ ਸਿੰਘ ਖਹਿਰਾ : ਮਨਜੀਤ ਸਿੰਘ ਬਿਲਾਸਪੁਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਅਨੁਸੂਚਿਤ ਜਾਤੀ (ਐਸ.ਸੀ) ਵਿੰਗ ਦੇ ਪ੍ਰਧਾਨ ਮਨਜੀਤ ਸਿੰਘ ਬਿਲਾਸਪੁਰ ਅਤੇ ਸਹਿ-ਪ੍ਰਧਾਨ...

Manjeet Singh Bilaspur

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਅਨੁਸੂਚਿਤ ਜਾਤੀ (ਐਸ.ਸੀ) ਵਿੰਗ ਦੇ ਪ੍ਰਧਾਨ ਮਨਜੀਤ ਸਿੰਘ ਬਿਲਾਸਪੁਰ ਅਤੇ ਸਹਿ-ਪ੍ਰਧਾਨ ਕੁਲਵੰਤ ਸਿੰਘ ਪੰਡੋਰੀ (ਦੋਵੇਂ ਵਿਧਾਇਕ) ਨੇ ਸੁਖਪਾਲ ਸਿੰਘ ਖਹਿਰਾ ਨੂੰ ਫ਼ਰਜ਼ੀ ਗ਼ੈਰਤਮੰਦ ਕਰਾਰ ਦਿੰਦੇ ਹੋਏ ਕਿਹਾ ਕਿ ਜੇਕਰ ਖਹਿਰਾ 'ਚ ਰੱਤੀ-ਮਾਸਾ ਵੀ ਗ਼ੈਰਤ ਹੈ ਤਾਂ ਉਹ ਸਪੀਕਰ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਤੋਂ ਪਹਿਲਾਂ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣ।

'ਆਪ' ਮੁੱਖ ਦਫ਼ਤਰ ਵਲੋਂ ਜਾਰੀ ਸਾਂਝੇ ਬਿਆਨ ਰਾਹੀਂ ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਖਹਿਰਾ ਅੱਤ ਦਰਜੇ ਦਾ ਮੌਕਾਪ੍ਰਸਤ ਅਤੇ ਕੁਰਸੀ ਦਾ ਲਾਲਚੀ ਹੈ। 'ਆਪ' ਦੇ ਚੋਣ ਨਿਸ਼ਾਨ ਝਾੜੂ ਅਤੇ 'ਆਪ' ਆਗੂਆਂ-ਵਲੰਟੀਅਰਾਂ ਦੇ ਪ੍ਰਚਾਰ ਨਾਲ ਜਿੱਤੀ ਵਿਧਾਇਕੀ ਦਾ 'ਆਪ' ਨਾਲੋਂ ਅਲੱਗ ਹੋ ਕੇ ਵੀ ਮੋਹ ਨਾ ਛੱਡਣਾ ਖਹਿਰਾ ਦੀ ਮੌਕਾਪ੍ਰਸਤੀ ਅਤੇ ਲੋਭ-ਲਾਲਚੀ ਫ਼ਿਤਰਤ ਦਾ ਸਬੂਤ ਹੈ। ਮਨਜੀਤ ਸਿੰਘ ਬਿਲਾਸਪੁਰ ਨੇ ਸੁਖਪਾਲ ਸਿੰਘ ਖਹਿਰਾ ਉਤੇ ਦਲਿਤ ਵਿਰੋਧੀ ਹੋਣ ਦੇ ਦੋਸ਼ ਲਗਾਏ।

ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਉਤੇ 100 ਅਹੁਦੇ ਕੁਰਬਾਨ ਕਰਨ ਦੇ ਫ਼ਰਜ਼ੀ ਦਾਅਵੇ ਕਰਨ ਵਾਲੇ ਸੁਖਪਾਲ ਸਿੰਘ ਖਹਿਰਾ ਇਨ੍ਹਾਂ ਵੀ ਜ਼ਰ ਨਹੀਂ ਸਕੇ ਕਿ ਪਾਰਟੀ ਨੇ ਵਿਰੋਧੀ ਧਿਰ ਦੀ ਕੁਰਸੀ ਖਹਿਰਾ ਤੋਂ ਲੈ ਕੇ ਇਕ ਦਲਿਤ ਵਿਧਾਇਕ ਨੂੰ ਕਿਉਂ ਅਤੇ ਕਿਵੇਂ ਦੇ ਦਿਤੀ। ਕੁਲਵੰਤ ਸਿੰਘ ਪੰਡੋਰੀ ਨੇ ਦਾਅਵਾ ਕੀਤਾ ਕਿ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਏ ਜਾਣ ਮਗਰੋਂ ਖਹਿਰਾ ਦੀ ਇਸ ਗੱਲ 'ਚ ਦਮ ਨਹੀਂ ਸੀ ਕਿ ਉਹ ਉਸ ਦੇ ਗਰੁੱਪ ਦੇ ਮਾਸਟਰ ਬਲਦੇਵ ਸਿੰਘ, ਜਗਤਾਰ ਸਿੰਘ ਜੱਗਾ ਜਾਂ ਪਿਰਮਲ ਸਿੰਘ ਖ਼ਾਲਸਾ ਨੂੰ ਜੇਕਰ ਵਿਰੋਧੀ ਧਿਰ ਦਾ ਨੇਤਾ ਬਣਾ ਦਿਤਾ ਜਾਵੇ ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ।

ਬਿਲਾਸਪੁਰ ਮੁਤਾਬਕ ਜੇਕਰ ਖਹਿਰਾ ਦੀ ਥਾਂ ਇਨ੍ਹਾਂ ਤਿੰਨਾਂ ਦਲਿਤ ਵਿਧਾਇਕਾਂ 'ਚੋਂ ਵੀ ਕਿਸੇ ਇਕ ਨੂੰ ਖਹਿਰਾ ਦੀ ਥਾਂ ਵਿਰੋਧੀ ਧਿਰ ਦਾ ਨੇਤਾ ਬਣਾ ਦਿਤਾ ਜਾਂਦਾ ਤਾਂ ਵੀ ਖਹਿਰਾ ਨੇ ਪਾਰਟੀ ਤੋੜਨੀ ਹੀ ਸੀ ਕਿਉਂਕਿ ਖਹਿਰਾ ਦੇ ਸੁਭਾਅ 'ਚ ਨਾ ਕੁਰਸੀ ਦਾ ਤਿਆਗ ਹੈ ਅਤੇ ਨਾ ਹੀ ਦਲਿਤ ਵਰਗ ਦਾ ਸਨਮਾਨ ਹੈ।