ਕੇਂਦਰ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਸਮਾਰਟ ਸਿਟੀ ਪ੍ਰਾਜੈਕਟ ਲਈ 27.11 ਕਰੋੜ ਰੁਪਏ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਤਿੰਨ ਸਾਲਾ ਪ੍ਰਾਜੈਕਟ ਦੀ ਸ਼ੁਰੂਆਤ ਕਰਨਗੇ

Captain Amarinder Singh

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੇ ਇਤਿਹਾਸਕ ਮੌਕੇ ਦੀ ਸ਼ੁਰੂਆਤ ਵਜੋਂ ਕੇਂਦਰ ਸਰਕਾਰ ਨੇ ਸੁਲਤਾਨਪੁਰ ਲੋਧੀ ਸਮਾਰਟ ਸਿਟੀ ਪ੍ਰਾਜੈਕਟ ਲਈ ਉਲੀਕੇ ਫ਼ੰਡਾਂ ਵਿਚੋਂ ਅਪਣੇ ਹਿਸੇ ਦੀ 27.11 ਕਰੋੜ ਦੀ ਪਹਿਲੀ ਕਿਸ਼ਤ ਜਾਰੀ ਕਰ ਦਿਤੀ। ਸਮਾਰਟ ਸਿਟੀ ਮਿਸ਼ਨ ਤਹਿਤ ਇਸ ਪ੍ਰਾਜੈਕਟ ਦੀ ਅਨੁਮਾਨਿਤ ਕੀਮਤ 271.11 ਕਰੋੜ ਰੁਪਏ ਹੈ ਜੋ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਦਰਮਿਆਨ ਬਰਾਬਰ ਵੰਡੀ ਜਾਵੇਗੀ। ਇਹ ਰਾਸ਼ੀ ਤਿੰਨ ਕਿਸ਼ਤਾਂ 20:40:40 ਦੇ ਹਿਸਾਬ ਨਾਲ ਜਾਰੀ ਕੀਤੀ ਜਾਵੇਗੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਪੁਰਬ ਸਬੰਧੀ ਹੋਣ ਵਾਲੇ ਮਹਾਨ ਸਮਾਗਮਾਂ ਦੌਰਾਨ ਗੁਰੂ ਸਾਹਿਬ ਜੀ ਨਾਲ ਸਬੰਧਤ ਵੱਖ-ਵੱਖ ਨਗਰਾਂ ਅਤੇ ਖੇਤਰਾਂ ਲਈ ਲੰਮਾ ਸਮਾਂ ਚੱਲਣ ਵਾਲੇ ਵਿਕਾਸ ਪ੍ਰਾਜੈਕਟਾਂ ਦੀ ਲੜੀ ਦੀ ਸ਼ੁਰੂਆਤ ਕਰਨਗੇ। ਸੁਲਤਾਨਪੁਰ ਲੋਧੀ ਸਿਟੀ ਵਿਕਾਸ ਪ੍ਰਾਜੈਕਟ, ਇਨ੍ਹਾਂ ਪ੍ਰਾਜੈਕਟਾਂ ਵਿਚ ਪ੍ਰਮੁੱਖ ਤੌਰ 'ਤੇ ਸ਼ਾਮਲ ਹੈ। ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਹ ਪ੍ਰਾਜੈਕਟ ਵੱਧ ਤੋਂ ਵੱਧ ਤਿੰਨ ਸਾਲਾਂ ਵਿਚ ਮੁਕੰਮਲ ਹੋਵੇਗਾ।

ਸੂਬਾ ਸਰਕਾਰ ਨੇ ਸੁਲਤਾਨਪੁਰ ਲੋਧੀ ਨੂੰ ਇਕ ਵਿਰਾਸਤੀ ਸ਼ਹਿਰ ਵਜੋਂ ਵਿਕਸਿਤ ਕਰਨ ਸਮੇਤ ਕੇਂਦਰ ਸਰਕਾਰ ਨੂੰ ਕਈ ਪ੍ਰਾਜੈਕਟਾਂ ਦਾ ਪ੍ਰਸਤਾਵ ਭੇਜਿਆ ਸੀ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਪਣੇ ਜੀਵਨ ਦਾ ਕਾਫੀ ਸਮਾਂ ਪਵਿੱਤਰ ਨਗਰ ਸੁਲਤਾਨਪੁਰ ਲੋਧੀ ਵਿਚ ਬਤੀਤ ਕੀਤਾ ਸੀ। ਬੁਲਾਰੇ ਨੇ ਦਸਿਆ ਕਿ ਉਕਤ ਕਮੇਟੀ ਨੇ 'ਪਿੰਡ ਬਾਬੇ ਨਾਨਕ ਦਾ' ਨੂੰ ਸ਼ਾਮਲ ਕਰਦਿਆਂ ਇਤਿਹਾਸਕ ਨਗਰ ਦੀ ਵਿਸ਼ੇਸ਼ ਵਿਕਾਸ ਯੋਜਨਾ ਨੂੰ ਮਨਜ਼ੂਰੀ ਦਿਤੀ ਸੀ।