ਸ਼੍ਰੋਮਣੀ ਅਕਾਲੀ ਦਲ ਦਾ ਨੱਢਾ ਨੂੰ ਜਵਾਬ- ਕਿਸਾਨਾਂ ਦੇ ਹੱਕਾਂ ਲਈ ਤੋੜਿਆ ਭਾਜਪਾ ਨਾਲੋਂ ਨਾਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਪ੍ਰਧਾਨ ਨੂੰ ਅਜਿਹੀ ਗੁੰਮਰਾਹਕੁੰਨ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ- ਦਲਜੀਤ ਚੀਮਾ

Daljeet Singh Cheema

ਚੰਡੀਗੜ੍ਹ: ਭਾਜਪਾ ਪ੍ਰਧਾਨ ਜੇਪੀ ਨੱਢਾ ਦੇ ਬਿਆਨ ਦਾ ਜਵਾਬ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਉਹਨਾਂ ਨੇ ਕਿਸਾਨਾਂ ਦੇ ਹੱਕਾਂ ਲਈ ਭਾਜਪਾ ਨਾਲੋਂ ਨਾਤਾ ਤੋੜਿਆ ਹੈ। ਅਕਾਲੀ ਦਲ ਨੇ ਕਿਹਾ ਕਿ ਭਾਜਪਾ ਪ੍ਰਧਾਨ ਜੇਪੀ ਨੱਢਾ ਦਾ ਬਿਆਨ ਤੱਥ ਵਿਹੂਣਾ ਅਤੇ ਅਸਲ ਸੱਚ ਤੋਂ ਕੋਹਾਂ ਦੂਰ ਹੈ।

ਸੀਨੀਅਰ ਅਕਾਲੀ ਆਗੂ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਲੋਕ ਬਾਖ਼ੂਬੀ ਜਾਣਦੇ ਹਨ ਕਿ ਕਿਸਾਨਾਂ ਦੇ ਹੱਕਾਂ ਦੇ ਰਖਵਾਲੇ ਸ਼੍ਰੋਮਣੀ ਅਕਾਲੀ ਦਲ ਨੇ 'ਅੰਨਦਾਤੇ ਕਿਸਾਨਾਂ' ਦੇ ਹਿਤਾਂ ਨੂੰ ਮੁੱਖ ਰੱਖਦੇ ਹੋਏ ਐਨਡੀਏ ਸਰਕਾਰ ਨਾਲੋਂ ਗਠਜੋੜ ਤੋੜਿਆ ਹੈ। ਉਹਨਾਂ ਕਿਹਾ ਕਿ ਭਾਜਪਾ ਪ੍ਰਧਾਨ ਨੂੰ ਅਜਿਹੀ ਗੁੰਮਰਾਹਕੁੰਨ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਸੱਚ ਨੂੰ ਕਦੇ ਝੁਠਲਾਇਆ ਨਹੀਂ ਜਾ ਸਕਦਾ।

ਡਾਕਟਰ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ। ਜਿਸ ਨੂੰ ਇੰਦਰਾ ਗਾਂਧੀ ਵੀ ਦਬਾ ਨਹੀਂ ਸਕੀ ਤਾਂ ਹੁਣ ਦੀ ਕਾਂਗਰਸ ਅਕਾਲੀ ਦਲ 'ਤੇ ਕਿਵੇਂ ਦਬਾਅ ਬਣਾ ਸਕਦੀ ਹੈ।  ਉਹਨਾਂ ਕਿਹਾ ਕਿ ਭਾਜਪਾ ਪ੍ਰਧਾਨ ਨੂੰ ਅਸਲੀ ਤੱਥ ਲੋਕਾਂ ਸਾਹਮਣੇ ਪੇਸ਼ ਕਰਨੇ ਚਾਹੀਦੇ ਹਨ। ਦੱਸ ਦਈਏ ਕਿ ਬੀਤੇ ਦਿਨ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਕਾਂਗਰਸ ਦੇ ਦਬਾਅ ਹੇਠ ਆਉਣ ਦਾ ਦੋਸ਼ ਲਗਾਇਆ ਸੀ।