ਠੰਢੇ ਪਏ ਲੁਧਿਆਣਾ ਦੇ ਉਦਯੋਗ - ਮਜ਼ਦੂਰ 'ਛੁੱਟੀਆਂ ਮਨਾਉਣ' ਲਈ ਮਜਬੂਰ
ਸਨਅਤਕਾਰ ਮਜ਼ਦੂਰਾਂ ਨੂੰ ਇੱਕ-ਦੋ ਮਹੀਨੇ ਦੀ ਛੁੱਟੀ ਲਈ ਘਰ ਜਾਣ ਲਈ ਕਹਿ ਰਹੇ ਹਨ।
ਲੁਧਿਆਣਾ - ਸਾਲ ਦੇ ਇਸ ਸਮੇਂ ਦੌਰਾਨ, ਉਦਯੋਗ ਜਗਤ ਹਮੇਸ਼ਾ ਮਜ਼ਦੂਰਾਂ ਦੀ ਕਮੀ ਨਾਲ ਜੂਝਦਾ ਹੈ, ਅਤੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਜੱਦੀ ਪਿੰਡਾਂ ਨੂੰ ਜਾਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਚੱਲਦੀਆਂ ਹਨ, ਕਿਉਂ ਕਿ ਉਦਯੋਗਪਤੀਆਂ ਨੂੰ ਡਰ ਹੁੰਦਾ ਹੈ ਕਿ ਮਜ਼ਦੂਰਾਂ ਦੀ ਘਾਟ ਨਾਲ ਉਨ੍ਹਾਂ ਨੂੰ ਉਤਪਾਦਨ ਵਿੱਚ ਭਾਰੀ ਨੁਕਸਾਨ ਹੋਵੇਗਾ। ਪਰ, ਇਸ ਵਾਰ ਦ੍ਰਿਸ਼ ਬਿਲਕੁਲ ਵੱਖਰਾ ਹੈ।
ਸਨਅਤਕਾਰ ਮਜ਼ਦੂਰਾਂ ਨੂੰ ਇੱਕ-ਦੋ ਮਹੀਨੇ ਦੀ ਛੁੱਟੀ ਲਈ ਘਰ ਜਾਣ ਲਈ ਕਹਿ ਰਹੇ ਹਨ। ਕਾਰਨ ਹੈ ਬਾਜ਼ਾਰ 'ਚ ਮੰਦੀ, ਜਿਸ ਕਾਰਨ ਆਰਡਰ ਸਿਰਫ 40-50 ਫ਼ੀਸਦੀ ਰਹਿ ਗਏ ਹਨ। ਉਦਯੋਗ ਜਗਤ ਦੇ ਨੁਮਾਇੰਦਿਆਂ ਵੱਲੋਂ ਇਸ ਬਾਰੇ ਭਾਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਹ ਮਾਹੌਲ ਛੇ ਮਹੀਨੇ ਹੋਰ ਇਸੇ ਤਰ੍ਹਾਂ ਜਾਰੀ ਰਿਹਾ, ਤਾਂ ਇਹ ਉਦਯੋਗਾਂ ਲਈ ਤਬਾਹਕੁੰਨ ਸਾਬਤ ਹੋਵੇਗਾ।
ਸਾਈਕਲ ਉਦਯੋਗ ਨਾਲ ਜੁੜੇ ਇੱਕ ਅਹੁਦੇਦਾਰ ਦਾ ਕਹਿਣਾ ਹੈ ਕਿ ਲੋਕ ਆਮ ਸਾਈਕਲਾਂ ਦੀ ਥਾਂ ਈ-ਬਾਈਕ, ਈ-ਰਿਕਸ਼ਾ ਆਦਿ ਲੈ ਰਹੇ ਹਨ। ਸਾਈਕਲ ਉਦਯੋਗ ਮਾੜੇ ਦੌਰ ਵਿੱਚੋਂ ਲੰਘ ਰਿਹਾ ਹੈ। ਨਹੀਂ ਤਾਂ, ਹੁੰਦਾ ਇਹ ਸੀ ਕਿ ਦੀਵਾਲੀ ਦੇ ਤਿਉਹਾਰ ਦੌਰਾਨ ਜਾਂ ਇਸ ਤੋਂ ਬਾਅਦ, ਪਿੰਡਾਂ ਨੂੰ ਜਾਣ ਵਾਲੇ ਮਜ਼ਦੂਰਾਂ ਨੂੰ ਮੁਨਾਫ਼ੇ ਭਰੀਆਂ ਪੇਸ਼ਕਸ਼ਾਂ ਦੇ ਕੇ ਰੋਕਿਆ ਜਾਂਦਾ ਸੀ। ਇਸ ਵਾਰ ਅਜਿਹਾ ਨਹੀਂ ਹੈ।
ਇੱਕ ਪਰਵਾਸੀ ਮਜ਼ਦੂਰ ਦੀ ਪਤਨੀ ਨੇ ਕਿਹਾ ਕਿ ਆਮ ਤੌਰ 'ਤੇ ਪਹਿਲਾਂ ਉਹ ਛਠ ਪੂਜਾ ਲਈ ਇੱਕ ਹਫ਼ਤੇ ਲਈ ਪਿੰਡ ਜਾਂਦੇ ਸੀ, ਪਰ ਇਸ ਸਾਲ ਉਨ੍ਹਾਂ ਦਾ 15 ਦਿਨ ਰੁਕਣ ਦਾ ਪ੍ਰੋਗਰਾਮ ਹੈ, ਕਿਉਂ ਕਿ ਉਸ ਦਾ ਪਤੀ ਜੋ ਠੇਕੇ 'ਤੇ ਟਾਈਲਾਂ ਲਗਾਉਣ ਦਾ ਕੰਮ ਕਰਦਾ ਹੈ, ਉਸਾਰੀ ਦੇ ਕੰਮ ਵਿੱਚ ਕਮੀ ਕਾਰਨ ਵਿਹਲਾ ਹੈ।