ਬਾਦਲਾਂ ਦੀਆਂ 800 ਬਸਾਂ ਗ਼ੈਰ-ਕਾਨੂੰਨੀ, ਮੁੱਖ ਮੰਤਰੀ ਬਣੇ ਮੂਕ ਦਰਸ਼ਕ : ਚੀਮਾ
ਬੇਸ਼ਕ ਦੋ ਸਾਲ ਪਹਿਲਾਂ ਬਾਦਲ ਪਰਵਾਰ ਦੇ ਬੱਸ ਮਾਫ਼ੀਏ ਅਤੇ ਹੋਰ ਧਾਂਦਲੀਆਂ ਨੂੰ ਖ਼ਤਮ ਕਰਨ ਲਈ ਪੰਜਾਬ ਦੇ ਵੋਟਰਾਂ ਨੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੁੱਟ ਦਾ ਤਖ਼ਤਾ ਪਲਟ.....
ਚੰਡੀਗੜ੍ਹ : ਬੇਸ਼ਕ ਦੋ ਸਾਲ ਪਹਿਲਾਂ ਬਾਦਲ ਪਰਵਾਰ ਦੇ ਬੱਸ ਮਾਫ਼ੀਏ ਅਤੇ ਹੋਰ ਧਾਂਦਲੀਆਂ ਨੂੰ ਖ਼ਤਮ ਕਰਨ ਲਈ ਪੰਜਾਬ ਦੇ ਵੋਟਰਾਂ ਨੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੁੱਟ ਦਾ ਤਖ਼ਤਾ ਪਲਟ ਦਿਤਾ ਸੀ ਪਰ 10 ਸਾਲ ਪਹਿਲਾ ਵਾਲੀ ਹੀ ਹਾਲਤ ਚਲ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਖ਼ਾਸਕਰ ਮੁੱਖ ਮੰਤਰੀ ਸਰਕਾਰ ਨੂੰ ਕਰੋੜਾਂ ਦੇ ਲੱਗ ਰਹੇ ਚੂਨੇ ਅਤੇ ਘਾਟੇ ਤੋਂ ਜਾਣੂੰ ਹੋ ਕੇ ਵੀ ਚੁੱਪ ਬੈਠੇ ਹਨ। ਇਹ ਦੋਸ਼ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਹੋਰਾਂ ਨੇ ਪ੍ਰੈਸ ਕਾਨਫ਼ਰੰਸ 'ਚ ਲਾਏ।
ਉਨ੍ਹਾਂ ਕਿਹਾ ਕਿ ਬਾਦਲ ਪਰਵਾਰ ਦੀਆਂ ਅੱਜ ਵੀ ਕਰੀਬ 800 ਬਸਾਂ ਖ਼ਾਸ ਕਰ ਕੇ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਚੱਲ ਰਹੀਆਂ ਹਨ। ਇਹ ਬਸਾਂ ਦਿੱਲੀ ਏਅਰਪੋਰਟ ਦਾ ਕਿਰਾਇਆ 3000 ਰੁਪਏ ਪ੍ਰਤੀ ਸਵਾਰੀ ਚਾਰਜ ਕਰਦੀਆਂ ਹਨ ਜਦਕਿ ਪੀ.ਆਰ.ਟੀ.ਸੀ. ਜਾਂ ਰੋਡਵੇਜ਼ ਕੇਵਲ 1040 ਰੁਪਏ ਲੈਂਦੀਆਂ ਹਨ।
ਸੈਕਟਰ 39 ਦੀ ਸਰਕਾਰੀ ਰਿਹਾਇਸ਼ 'ਤੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਵਿਧਾਇਕ ਅਮਨ ਅਰੋੜਾ ਸਮੇਤ ਪ੍ਰੋ. ਬਲਜਿੰਦਰ ਕੌਰ ਨੇ ਤੱਥਾਂ ਤੇ ਅੰਕੜਿਆਂ ਦੇ ਆਧਾਰ 'ਤੇ ਦਸਿਆ ਕਿ ਕਿਵੇਂ ਬਾਦਲ ਪਰਵਾਰ ਦੀਆਂ 800 ਬਸਾਂ ਪੰਜਾਬ ਸਮੇਤ ਹਿਮਾਚਲ, ਹਰਿਆਣਾ, ਜੰਮੂ, ਦਿੱਲੀ ਤੇ ਹੋਰ ਥਾਵਾਂ 'ਤੇ ਕੰਟਰੈਕਟ ਕੈਰਿਜ ਕੈਟਾਗਿਰੀ ਦੀ ਆੜ ਵਿਚ ਨਿਯਮਾਂ ਤੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਚਲ ਜਾ ਰਹੀਆਂ ਹਨ।