Punjab News: ਲੁਧਿਆਣਾ ਵਿਚ ਕਾਰੋਬਾਰੀ ਨਾਲ ਲੁੱਟ; ਨਿਹੰਗਾਂ ਦੇ ਬਾਣੇ ’ਚ ਆਏ ਬਦਮਾਸ਼ਾਂ ਨੇ ਘਰ ਦੇ ਬਾਹਰ ਕੀਤਾ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੇਢ ਲੱਖ ਰੁਪਏ ਅਤੇ 2 ਮੋਬਾਈਲ ਫ਼ੋਨ ਖੋਹੇ

Robbery with businessman in Ludhiana

Punjab News: ਲੁਧਿਆਣਾ ਵਿਚ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਫੁੱਲਾਂ ਦੇ ਵਪਾਰੀ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਹੈ। ਨਿਹੰਗਾਂ ਦੇ ਬਾਣੇ ਵਿਚ ਆਏ ਲੁਟੇਰਿਆਂ ਨੇ ਉਸ ਦੇ ਘਰ ਦੇ ਬਾਹਰ ਬਰਛੇ ਨਾਲ ਹਮਲਾ ਕਰਕੇ ਡੇਢ ਲੱਖ ਰੁਪਏ ਦੀ ਨਕਦੀ ਅਤੇ ਦੋ ਮੋਬਾਈਲ ਫੋਨ ਖੋਹ ਲਏ। ਕਾਰੋਬਾਰੀ ਨੇ ਭੱਜਣ ਵਾਲੇ ਬਦਮਾਸ਼ਾਂ ਦਾ ਪਿੱਛਾ ਕੀਤਾ, ਪਰ ਬਦਮਾਸ਼ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।

ਘਟਨਾ ਵਾਲੀ ਥਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਇਹ ਘਟਨਾ ਕੈਦ ਹੋ ਗਈ। ਰਾਤ ਕਰੀਬ 11.30 ਵਜੇ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿਤਾ। ਜ਼ਖਮੀ ਹਾਲਤ 'ਚ ਵਪਾਰੀ ਅਪਣੇ ਬੇਟੇ ਸਮੇਤ ਇਲਾਜ ਲਈ ਸਿਵਲ ਹਸਪਤਾਲ ਪਹੁੰਚਿਆ।  ਉਸ ਦੇ ਹੱਥ ਅਤੇ ਸਿਰ ਉਤੇ ਸੱਟਾਂ ਲੱਗੀਆਂ ਹਨ।

ਜਾਣਕਾਰੀ ਦਿੰਦਿਆਂ ਪੀੜਤ ਨਰੇਸ਼ ਸ਼ਰਮਾ ਨੇ ਦਸਿਆ ਕਿ ਉਹ ਫੁੱਲਾਂ ਦਾ ਕਾਰੋਬਾਰ ਕਰਦਾ ਹੈ। ਘਟਨਾ ਸਮੇਂ ਉਹ ਮਲਹੋਤਰਾ ਰਿਜ਼ੋਰਟ ਤੋਂ ਸਜਾਵਟ ਕਰਕੇ ਘਰ ਪਰਤਿਆ ਸੀ। ਪਿਛਲੇ 4 ਦਿਨਾਂ ਤੋਂ ਉਹ ਲਗਾਤਾਰ ਵਿਆਹ ਸਮਾਗਮਾਂ ਆਦਿ ਵਿਚ ਕੰਮ ਕਰ ਰਿਹਾ ਸੀ। ਫੀਲਡ ਗੰਜ ਦੇ ਕੁਚਾ 'ਚ ਬਾਈਕ ਸਵਾਰ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ।

ਬਾਈਕ ਸਵਾਰ ਨਿਹੰਗਾਂ ਨੇ ਉਸ ਨੂੰ ਗਾਲਾਂ ਕੱਢੀਆਂ ਅਤੇ ਉਸ ਦਾ ਮੋਬਾਈਲ ਅਤੇ ਨਕਦੀ ਖੋਹਣ ਦੀ ਕੋਸ਼ਿਸ਼ ਕੀਤੀ। ਨਰੇਸ਼ ਅਨੁਸਾਰ ਜਦੋਂ ਉਸ ਨੇ ਬਦਮਾਸ਼ਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਬਰਛੇ ਨਾਲ ਉਸ ਦੇ ਹੱਥੋਂ ਮੋਬਾਈਲ ਅਤੇ ਪੈਸੇ ਖੋਹ ਲਏ। ਉਸ ਨੇ ਬਦਮਾਸ਼ਾਂ ਦਾ ਕਾਫੀ ਦੂਰ ਤਕ ਪਿੱਛਾ ਕੀਤਾ, ਪਰ ਉਹ ਭੱਜਣ ਵਿਚ ਕਾਮਯਾਬ ਹੋ ਗਏ।

ਪੀੜਤ ਨਰੇਸ਼ ਦੀ ਭੈਣ ਨੇ ਦਸਿਆ ਕਿ ਥਾਣਾ ਡਵੀਜ਼ਨ ਨੰਬਰ 2 ਉਨ੍ਹਾਂ ਦੇ ਘਰ ਤੋਂ ਕਰੀਬ 200 ਮੀਟਰ ਦੀ ਦੂਰੀ 'ਤੇ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਪਰਿਵਾਰ ਨਵ-ਨਿਯੁਕਤ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੂੰ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਨ ਅਤੇ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ ਹੈ।

 (For more news apart from Robbery with businessman in Ludhiana, stay tuned to Rozana Spokesman)