ਮੋਦੀ ਦੀ ਰੈਲੀ : ਕਰਤਾਰਪੁਰ ਲਾਂਘੇ ਰਾਹੀਂ ਸਿੱਖਾਂ ਨੂੰ ਨਾਲ ਤੋਰਨ ਦਾ ਯਤਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਦੀ ਚੋਣ ਪ੍ਰਚਾਰ ਮੁਹਿੰਮ ਦਾ ਆਗ਼ਾਜ਼ ਕਰ ਸਕਦੇ ਹਨ ਪ੍ਰਧਾਨ ਮੰਤਰੀ......

Narendra Modi

ਗੁਰਦਾਸਪੁਰ : ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੰਨ ਜਨਵਰੀ ਨੂੰ ਗੁਰਦਾਸਪੁਰ ਵਿਚ ਰੈਲੀ ਰੱਖ ਕੇ ਕਈਆਂ ਨੂੰ ਸ਼ਸ਼ੋਪੰਜ ਵਿਚ ਪਾ ਦਿਤਾ ਹੈ। ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਇਥੋਂ ਆਮ ਚੋਣਾਂ ਲਈ ਭਾਜਪਾ ਦੀ ਚੋਣ ਮੁਹਿੰਮ ਦਾ ਬਿਗਲ ਵਜਾ ਸਕਦੇ ਹਨ। ਇਹ ਵੀ ਚਰਚਾ ਹੈ ਕਿ ਸੱਤਾਧਿਰ ਕਰਤਾਰਪੁਰ ਮਾਮਲੇ ਵਿਚ ਹੋਈ ਪ੍ਰਗਤੀ ਦਾ ਲਾਹਾ ਲੈਣਾ ਲਈ ਗੁਰਦਾਸਪੁਰ ਵਿਚ ਰੈਲੀ ਕਰ ਰਹੀ ਹੈ। ਭਾਜਪਾ ਸੂਤਰ ਦਸਦੇ ਹਨ ਕਿ ਭਾਜਪਾ ਇਸ ਵਾਰ ਗੁਰਦਾਸਪੁਰ ਤੋਂ ਕਿਸੇ ਨਵੇਂ ਸਿਆਸੀ ਚਿਹਰੇ ਨੂੰ ਚੋਣ ਮੈਦਾਨ ਵਿਚ ਲਿਆ ਸਕਦੀ ਹੈ।  

ਕਿਸੇ ਭਾਜਪਾ ਆਗੂ ਨੇ ਕਿਹਾ ਕਿ ਇਸ ਰੈਲੀ ਦਾ ਪ੍ਰਭਾਵ ਸਿਰਫ਼ ਗੁਰਦਾਸਪੁਰ ਹਲਕੇ 'ਤੇ ਹੀ ਨਹੀਂ ਸਗੋਂ ਪੰਜਾਬ ਦੇ ਸਾਰੇ 13 ਲੋਕ ਸਭਾ ਹਲਕਿਆਂ ਵਿਚ ਪੈਣ ਦੀ ਸੰਭਾਵਨਾ ਹੈ। ਅਕਾਲੀ ਦਲ ਅਤੇ ਭਾਜਪਾ ਆਗੂਆਂ ਨੇ 'ਰੋਜ਼ਾਨਾ ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਲ ਦੀ ਘੜੀ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਦੇ ਨਾਂਅ ਦੀ ਚਰਚਾ ਹੈ ਜਿਸ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ।

ਸ਼ਾਇਦ ਇਹੋ ਕਾਰਨ ਹੈ ਕਿ ਪੰਜਾਬ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਨੇ ਰੈਲੀ ਦੀ ਕਮਾਂਡ ਸਵਰਨ ਸਲਾਰੀਆ ਦੇ ਹੱਥਾਂ ਵਿਚ ਦੇਣ ਦੀ ਬਜਾਏ ਭਾਜਪਾ ਦੇ  ਸੂਬਾ ਪ੍ਰਧਾਨ ਸ਼ਵੇਤ ਮਲਿਕ ਅਤੇ ਕੇਂਦਰੀ ਆਗੂ ਪ੍ਰਕਾਸ਼ ਝਾਅ ਨੂੰ ਸੌਂਪੀ ਹੋਈ ਹੈ। ਸ਼ਵੇਤ ਮਲਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਰੈਲੀ ਲਈ ਬਟਾਲਾ ਰੋਡ 'ਤੇ ਪੈਂਦੇ ਪੂਡਾ ਗਰਾਊਂਡ ਵਿਚ ਪੰਡਾਲ ਤਿਆਰ ਕੀਤਾ ਜਾ ਰਿਹਾ ਹੈ ਜੋ ਰੈਲੀ ਤੋਂ ਇਕ ਦਿਨ ਪਹਿਲਾਂ ਪੂਰੀ ਤਰ੍ਹਾਂ ਮੁਕੰਮਲ ਹੋ ਜਾਵੇਗਾ। 

ਇਥੇ ਹੀ ਆਰਜ਼ੀ ਪੁਲਿਸ ਪੋਸਟ ਬਣਾਈ ਗਈ ਹੈ। ਗੁਰਦਾਸਪੁਰ ਦੇ ਐਸਐਸਪੀ ਸਵਰਨਦੀਪ ਸਿੰਘ ਨੇ ਪੁਲਿਸ ਅਧਿਕਾਰੀਆਂ ਨਾਲ ਰੈਲੀ ਵਾਲੇ ਸਥਾਨ 'ਤੇ ਪੁੱਜ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪੰਡਾਲ ਵਿਚ ਕਰੀਬ ਇਕ ਲੱਖ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ 25 ਹਜ਼ਾਰ ਕੁਰਸੀਆਂ ਲਗਾਈਆਂ ਜਾ ਰਹੀਆਂ ਹੈ। ਪੰਡਾਲ ਵਿਚ ਪੁੱਜਣ ਲਈ ਹਰ ਵਿਅਕਤੀ ਨੂੰ ਤਿੰਨ ਸੁਰੱਖਿਆ ਘੇਰਿਆਂ ਵਿਚੋਂ ਗੁਜ਼ਰਨਾ ਪਵੇਗਾ।

Related Stories