ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਿਸ਼ੇਸ਼ ਜਾਂਚ ਟੀਮ ਵਲੋਂ ਚੀਮਾ ਕੋਲੋਂ ਪੁਛਗਿੱਛ
ਐਸਆਈਟੀ' ਵੱਲੋਂ ਪੁੱਛਗਿੱਛ ਕਰਨ ਵਾਸਤੇ ਅੱਜ ਪੰਜਾਬ ਦੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੂੰ ਬੁਲਾਇਆ ਗਿਆ...
ਚੰਡੀਗੜ੍ਹ : ਬੇਅਦਬੀ 'ਤੇ ਗੋਲੀਕਾਂਡ ਦੇ ਮਾਮਲਿਆਂ ਦੀ ਜਾਂਚ ਕਰ ਰਹੀ 'ਐਸਆਈਟੀ' ਵੱਲੋਂ ਪੁੱਛਗਿੱਛ ਕਰਨ ਵਾਸਤੇ ਅੱਜ ਪੰਜਾਬ ਦੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੂੰ ਬੁਲਾਇਆ ਗਿਆ ਅਤੇ ਡੇਢ ਘੰਟੇ ਤੱਕ ਪੁਛਗਿਛ ਕੀਤੀ ਗਈ। ਜਾਂਚ ਟੀਮ ਦੇ ਅਹਿਮ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਇਸ ਪੁਛਗਿੱਛ ਦਾ ਖੁਲਾਸਾ ਕੀਤਾ ਹੈ। ਚੀਮਾ ਫ਼ਰੀਦਕੋਟ ਸਥਿਤ ਵਿਸ਼ੇਸ਼ ਜਾਂਚ ਟੀਮ ਦੇ ਕੈਂਪ ਦਫ਼ਤਰ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਮਾਲਵਾ ਜ਼ੋਨ ਯੂਥ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੁਮਾਣਾ ਤੋਂ ਅਕਾਲੀ ਸਮਰਥਕ ਵੀ ਮੌਜੂਦ ਸਨ।
ਦਸ ਦਈਏ ਕਿ ਵਿਸ਼ੇਸ਼ ਜਾਂਚ ਟੀਮ ਵੱਲੋਂ ਕੁਝ ਦਿਨ ਪਹਿਲਾਂ ਦਲਜੀਤ ਸਿੰਘ ਚੀਮਾ ਨੂੰ ਜਾਂਚ ਵਿਚ ਸ਼ਾਮਲ ਹੋਣ ਵਾਸਤੇ ਸੰਮਨ ਭੇਜੇ ਗਏ ਸਨ। ਇਥੇ ਵਰਨਣਯੋਗ ਹੈ ਕਿ ਡਾ. ਚੀਮਾ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਰੀਬੀ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਡਾ. ਦਲਜੀਤ ਸਿੰਘ ਚੀਮਾ ਦਾ ਨਾਂਅ ਬੋਲਦਾ ਹੈ। ਉਸ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ
ਈਸ਼-ਨਿੰਦਾ ਮਾਮਲੇ ਵਿਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ ਕੀਤੇ ਜਾਣ ਦੇ ਮਾਮਲੇ ਨਾਲ ਡਾ. ਚੀਮਾ ਵੀ ਕਥਿਤ ਤੌਰ 'ਤੇ ਨੇੜਿਓਂ ਜੁੜੇ ਰਹੇ ਹਨ। ਸੰਮਨ ਮਿਲਣ ਤੋਂ ਬਾਅਦ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਸੀ ਕਿ ਵਿਸ਼ੇਸ਼ ਜਾਂਚ ਟੀਮ ਨੂੰ ਪੂਰਾ ਸਹਿਯੋਗ ਦਿਤਾ ਜਾਵੇਗਾ। ਜ਼ਿਕਰਯੋਗ ਹੈ ਕਿ ਵਿਸ਼ੇਸ਼ ਜਾਂਚ ਟੀਮ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੋਵਾਂ ਤੋਂ ਪਹਿਲਾਂ ਹੀ ਪੁੱਛਗਿੱਛ ਕਰ ਚੁੱਕੀ ਹੈ। ਕਮਿਸ਼ਨ ਦੀ ਰਿਪੋਰਟ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਨੇ ਕਮਿਸ਼ਨ ਅੱਗੇ ਦਿਤੀ ਅਪਣੀ ਗਵਾਹੀ ਵਿਚ ਦਸਿਆ ਸੀ ਕਿ
ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਵਾਲੀ ਕੋਠੀ ਵਿਚ ਸਾਰੇ ਜਥੇਦਾਰਾਂ ਦੀ ਮੌਜੂਦਗੀ ਵਿਚ ਡੇਰਾ ਸਿਰਸਾ ਦੇ ਮੁਖੀ ਦੀ ਮੁਆਫ਼ੀ ਮੰਗਣ ਬਾਰੇ ਚਿੱਠੀ ਡਾ. ਚੀਮਾ ਨੇ ਹੀ ਉੱਚੀ-ਉੱਚੀ ਪੜ੍ਹ ਕੇ ਸੁਣਾਈ ਸੀ। ਬਾਦਲ ਪਰਿਵਾਰ ਵਿਰੁੱਧ ਦਿਤੇ ਇਸ ਬਿਆਨ ਤੋਂ ਹਿੰਮਤ ਸਿੰਘ ਬਾਅਦ ਵਿਚ ਮੁੱਕਰ ਗਏ ਸਨ ਤੇ ਇਹ ਆਖ ਦਿਤਾ ਸੀ ਕਿ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਨ੍ਹਾਂ 'ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਪੇਸ਼ ਕੀਤੇ ਜਾਣ ਵਾਲੇ ਦਸਤਾਵੇਜ਼ਾਂ 'ਤੇ ਹਸਤਾਖ਼ਰ ਕਰਨ ਲਈ ਦਬਾਅ ਪਾਇਆ ਸੀ ਪਰ ਹੁਣ ਦੇਖਣਾ ਹੋਵੇਗਾ ਕਿ ਵਿਸ਼ੇਸ਼ ਜਾਂਚ ਟੀਮ ਡਾ. ਦਲਜੀਤ ਸਿੰਘ ਚੀਮਾ ਕੋਲੋਂ ਕੀ ਪੁਛਗਿਛ ਕਰਦੀ ਹੈ।