ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਪੀ.ਜੀ.ਆਈ. ਨਾ ਭੇਜੇ ਜਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਾਇਰੈਕਟਰ ਵਲੋਂ ਦੂਜੇ ਸੂਬਿਆਂ ਨੂੰ ਅਪੀਲ

Photo

ਚੰਡੀਗੜ੍ਹ (ਭਜਨੀ): ਚੀਨ ਤੋਂ ਆਏ 'ਕੋਰੋਨਾ ਵਾਇਰਸ' ਦੇ ਕਹਿਰ ਤੋਂ ਬਾਅਦ ਪੀ. ਜੀ. ਆਈ. ਨੇ ਦੇਸ਼ ਦੇ ਕਈ ਸੂਬਿਆਂ ਨੂੰ ਇਥੇ ਮਰੀਜ਼ ਨਾ ਭੇਜਣ ਦੀ ਅਪੀਲ ਕੀਤੀ ਹੈ। ਪੀ. ਜੀ. ਆਈ. ਦੇ ਡਾਇਰੈਕਟਰ ਜਗਤ ਰਾਮ ਨੇ ਦਸਿਆ ਕਿ 23 ਜਨਵਰੀ ਨੂੰ ਵਿਭਾਗ ਦੀ ਇਕ ਮੀਟਿੰਗ ਹੋਈ ਸੀ, ਜਿਸ 'ਚ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਸਪੈਸ਼ਲ ਆਈਸੋਲੇਸ਼ਨ ਵਾਰਡ ਬਣਾਉਣ ਦਾ ਫ਼ੈਸਲਾ ਪਹਿਲਾਂ ਹੀ ਲੈ ਲਿਆ ਸੀ।

ਉਨ੍ਹਾਂ ਨੇ ਕਿਹਾ ਕਿ ਸਥਿਤੀ ਗੰਭੀਰ ਨਹੀਂ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ, ਹਰਿਆਣਾ, ਹਿਮਾਚਲ ਅਤੇ ਦੂਜੇ ਸੂਬਿਆਂ ਦੇ ਪ੍ਰਿੰਸੀਪਲ ਸਕੱਤਰਾਂ ਨੂੰ ਪੀ. ਜੀ. ਆਈ. ਨੇ ਇਕ ਚਿੱਠੀ ਲਿਖੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਸ਼ੱਕੀ ਮਰੀਜ਼ ਨੂੰ ਪੀ. ਜੀ. ਆਈ. ਨਾ ਭੇਜੋ। ਆਈਸੋਲੇਸ਼ਨ ਵਾਰਡ ਹਰ ਜਗ੍ਹਾ ਬਣਾਏ ਜਾ ਸਕਦੇ ਹਨ।

ਜਿਥੋਂ ਤਕ ਜਾਂਚ ਦੀ ਗੱਲ ਹੈ ਤਾਂ ਸੈਂਪਲ ਪੂਣੇ 'ਚ ਭੇਜੇ ਜਾ ਰਹੇ ਹਨ, ਜੇਕਰ ਸਾਰੇ ਸ਼ੱਕੀ ਮਰੀਜ਼ ਪੀ. ਜੀ. ਆਈ. ਆਉਣ ਲੱਗੇ ਤਾਂ ਹਾਲਾਤ ਮੁਸ਼ਕਲ ਹੋ ਸਕਦੇ ਹਨ। ਜ਼ਿਕਰਯੋਗ ਹੈ  ਕਿ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਵੀ ਅਪਣੀ ਪੂਰੀ ਤਿਆਰੀ ਕਰ ਲਈ ਹੈ। 

ਕੇਂਦਰੀ ਸਿਹਤ ਮੰਤਰਾਲੇ ਨੇ ਚੀਨ ਵਿਚ ਕੋਰੋਨਾ ਵਾਇਰਸ ਦੇ ਹਮਲੇ ਦੇ ਮੱਦੇਨਜ਼ਰ ਭਾਰਤ ਆਉਣ ਵਾਲੇ ਯਾਤਰੀਆਂ ਦੀ ਸਿਹਤ ਜਾਂਚ ਲਈ ਦੇਸ਼ ਦੇ 21 ਹਵਾਈ ਅੱਡਿਆਂ ‘ਤੇ ‘ਥਰਮਲ ਜਾਂਚ’ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਚੀਨ ਦੀ ਯਾਤਰਾ ਕਰਨ ਤੋਂ ਬਚਣ ਦਾ ਆਦੇਸ਼ ਵੀ ਜਾਰੀ ਕੀਤਾ ਹੈ। ਦੱਸ ਦਈਏ ਕਿ ਇਹ ਵਾਇਰਸ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਤੇਜ਼ੀ ਨਾਲ ਫੈਲ ਰਿਹਾ ਹੈ। 

ਇਸ ਵਾਇਰਸ ਦੇ ਲੱਛਣ ਨਿਮੋਨੀਆ ਦੀ ਤਰ੍ਹਾਂ ਹਨ। ਦਰਅਸਲ ਇਹ ਵਾਇਰਸ ਜਾਨਵਰਾਂ ਵਿਚ ਵੀ ਪਾਇਆ ਜਾਂਦਾ ਹੈ ਕਿਉਂਕਿ ਚੀਨ ਵਿਚ ਸਮੁੰਦਰੀ ਜੀਵਾਂ ਨੂੰ ਵੱਡੇ ਪੱਧਰ ‘ਤੇ ਖਾਧਾ ਜਾਂਦਾ ਹੈ। ਇਸੇ ਕਾਰਨ ਇਹ ਵਾਇਰਸ ਸਭ ਤੋਂ ਪਹਿਲਾਂ ਚੀਨ ਦੇ ਸਮੁੰਦਰ ਦੇ ਆਸ-ਪਾਸ ਦੇ ਇਲਾਕਿਆਂ ਵਿਚ ਫੈਲਿਆ ਹੈ।

ਕੋਰੋਨਾ ਵਾਇਰਸ ਦੇ ਲੱਛਣ
ਬੁਖ਼ਾਰ ਹੋਣਾ, ਸਾਹ ਲੈਣ ਵਿਚ ਮੁਸ਼ਕਲ ਹੋਣਾ, ਸਰਦੀ-ਜ਼ੁਕਾਮ, ਖਾਂਸੀ ਹੋਣਾ, ਸਿਰ-ਦਰਦ ਅਤੇ ਸਰੀਰ ਦੇ ਅੰਗਾਂ ਦਾ ਸੁੰਨ ਪੈ ਜਾਣਾ। ਦੱਸ ਦਈਏ ਕਿ ਕੋਰੋਨਾ ਵਾਇਰਸ ਵਿਚ ਕਿਸੇ ਵੀ ਕਿਸਮ ਦੀ ਕੋਈ ਐਂਟੀਬਾਇਓਟਿਕ ਕੰਮ ਨਹੀਂ ਕਰ ਰਹੀ ਹੈ।

ਕੋਰੋਨਾ ਵਾਇਰਸ ਤੋਂ ਬਚਾਅ
ਇਸ ਦਾ ਬਚਾਅ ਬਿਮਾਰ ਲੋਕਾਂ ਤੋਂ ਦੂਰ ਰਹਿ ਕੇ ਕੀਤਾ ਜਾ ਸਕਦਾ ਹੈ। ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਜਾਂ ਸੈਨਟਾਇਜ਼ਰ ਨਾਲ ਸਾਫ਼ ਕਰੋ।  ਖੰਘ ਅਤੇ ਛਿੱਕ ਆਉਣ ਵੇਲੇ, ਆਪਣੀ ਨੱਕ ਅਤੇ ਮੂੰਹ ਨੂੰ ਟਿਸ਼ੂ ਨਾਲ ਢੱਕੋ।

ਜ਼ੁਕਾਮ ਜਾਂ ਫਲੂ ਵਰਗੇ ਲੱਛਣ ਵਾਲੇ ਲੋਕਾਂ ਨਾਲ ਨੇੜਲੇ ਸੰਪਰਕ ਕਰਨ ਤੋਂ ਪਰਹੇਜ਼ ਕਰੋ। ਇਸ ਤੋਂ ਇਲਾਵਾ, ਖਾਣਾ ਚੰਗੀ ਤਰ੍ਹਾਂ ਪਕਾਓ, ਮੀਟ ਅਤੇ ਅੰਡੇ ਪਕਾਉਣ ਤੋਂ ਬਾਅਦ ਹੀ ਖਾਓ. ਜਾਨਵਰਾਂ ਦੇ ਸੰਪਰਕ ਵਿਚ ਘੱਟ ਆਓ।