ਫ਼ਰਵਰੀ ਦੇ ਆਖ਼ਰੀ ਹਫ਼ਤੇ ਇਜਲਾਸ ਸ਼ੁਰੂ ਹੋਣ ਦੀ ਸੰਭਾਵਨਾ

ਏਜੰਸੀ

ਖ਼ਬਰਾਂ, ਪੰਜਾਬ

ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਗਵਾਹ ਦਾ ਪਰਵਾਰ ਵੀ ਮਿਲਿਆ ਮੁੱਖ ਮੰਤਰੀ ਨੂੰ

File

ਚੰਡੀਗੜ੍ਹ- ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ ਭਲਕੇ ਬਾਅਦ ਦੁਪਹਿਰ ਢਾਈ ਵਜੇ ਸੈਕਟਰ-3 ਦੇ ਪੰਜਾਬ ਭਵਨ ਵਿਚ ਸੱਦੀ ਗਈ ਹੈ। ਇਸ ਮਹੱਤਵਪੂਰਨ ਬੈਠਕ ਵਿਚ ਹੋਰ ਮੁੱਦਿਆਂ 'ਤੇ ਹੋਣ ਵਾਲੀ ਚਰਚਾ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸਰਕਾਰ ਦੇ ਅੰਦਰੂਨੀ ਸੂਤਰਾਂ ਨੇ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਹੋਣ ਵਾਲੀ ਬੈਠਕ ਵਿਚ ਫ਼ੈਸਲਾ ਕੀਤਾ ਜਾਵੇਗਾ ਕਿ ਸਾਲ 2020-21 ਦੇ ਸਾਲਾਨਾ ਬਜਟ ਪ੍ਰਸਤਾਵਾਂ ਦੀ ਰੂਪ ਰੇਖਾ ਕੀ ਹੋਵੇਗੀ।

ਕਿੰਨੀ ਕੁ ਮਾਲੀਆ ਆਮਦਨ, ਕਿੰਨਾ ਕੁ ਖ਼ਰਚਾ ਅਤੇ ਘਾਟਾ ਕਿੰਨਾ ਕੁ ਬਣੇਗਾ ਅਤੇ ਕਰਜ਼ੇ ਦੀ ਪੰਡ ਮੌਜੂਦਾ 2,29,000 ਕਰੋੜ ਤੋਂ ਵੱਧ ਕੇ 2,60,000 ਕਰੋੜ ਤਕ ਜਾਵੇਗੀ ਜਾਂ ਇਸ ਤੋਂ ਵੀ ਟੱਪ ਜਾਵੇਗੀ। ਵਿਦੇਸ਼ ਗਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਸ ਕੈਬਨਿਟ ਮੀਟਿੰਗ ਲਈ ਵਾਪਸ ਨਵੀਂ ਦਿੱਲੀ ਪਹੁੰਚਣਗੇ। ਸੂਤਰਾਂ ਨੇ ਇਹ ਵੀ ਦਸਿਆ ਕਿ ਫ਼ਰਵਰੀ ਦੇ ਆਖ਼ਰੀ ਹਫ਼ਤੇ ਯਾਨੀ 25-26 ਫ਼ਰਵਰੀ ਤੋਂ ਸ਼ੁਰੂ ਹੋ ਕੇ ਇਹ ਬਜਟ ਇਜਲਾਸ ਮਾਰਚ ਦੇ ਦੂਜੇ ਹਫ਼ਤੇ ਵਿਚ ਖ਼ਤਮ ਹੋ ਜਾਵੇਗਾ।

ਕੁਲ 10 ਜਾਂ 12 ਬੈਠਕਾਂ ਵਾਲੇ ਇਸ ਇਜਲਾਸ ਵਿਚ 2 ਬੈਠਕਾਂ ਰਾਜਪਾਲ ਦੇ ਭਾਸ਼ਣ 'ਤੇ ਪਾਸ ਕੀਤੇ ਜਾਣ ਵਾਲੇ ਧਨਵਾਦ ਦੇ ਮਤੇ ਲਈ ਦੋ ਦਿਨ ਬਜਟ ਬਹਿਸ ਲਈ, 3 ਵੀਰਵਾਰ ਗ਼ੈਰ ਸਰਕਾਰੀ ਕੰਮਕਾਜ ਵਾਸਤੇ ਅਤੇ ਬਾਕੀ 2 ਜਾਂ 3 ਦਿਨ ਬਿੱਲ ਪਾਸ ਕਰਨ ਲਈ ਰੱਖੇ ਜਾਣਗੇ। ਪੰਜਾਬ ਭਵਨ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕਾਂਗਰਸੀ ਸੰਸਦ ਮੈਂਬਰਾਂ ਨਾਲ ਕਈ ਘੰਟੇ ਬੈਠਕ ਕੇ ਕੇਂਦਰ ਸਰਕਾਰ ਦੇ ਬਜਟ ਸੈਸ਼ਨ ਉਨ੍ਹਾਂ ਵਲੋਂ ਪਾਸ ਕੀਤੇ ਵਿਵਾਦਗ੍ਰਸਤ ਸੀ.ਏ.ਏ ਯਾਨੀ ਨਾਗਰਿਕਤਾ ਸੋਧ ਐਕਟ ਸਮੇਤ ਪੰਜਾਬ ਦੀ ਵਿੱਤੀ ਹਾਲਤ 'ਤੇ ਚਰਚਾ ਕੀਤੀ।

ਸਭਾ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ ਸਮੇਤ ਕਈ ਸੰਸਦੀ ਮੈਂਬਰਾਂ ਨੇ ਸੁਝਾਅ ਦਿਤੇ। ਪਤਾ ਲੱਗਾ ਹੈ ਕਿ ਸ. ਬਾਜਵਾ, ਸ. ਦੂਲੋ, ਮਨੀਸ਼ ਤਿਵਾੜੀ ਤੇ ਹੋਰਨਾਂ ਨੇ ਪੰਜਾਬ ਦੇ ਬਜਟ ਪ੍ਰਸਤਾਵ ਨੂੰ ਲੋਕ ਪੱਖੀ ਅਤੇ ਵਿਕਾਸ ਪੱਖੀ ਤਿਆਰ ਕਰਨ ਲਈ ਸੁਝਾਅ ਦਿਤੇ। ਇਹ ਵੀ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਨੇ ਅਪਣੀ ਹੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਲੋਕ ਸਭਾ ਤੇ ਰਾਜ ਸਭਾ ਵਿਚ ਮੋਦੀ ਸਰਕਾਰ ਵਿਰੋਧੀ ਕਾਂਗਰਸੀ ਨੀਤੀਆਂ ਦੇ ਹੱਕ ਵਿਚ ਚਲਣ 'ਤੇ ਅੜੇ ਰਹਿਣ ਦੀ ਸਲਾਹ ਦਿਤੀ ਹੈ।

ਜ਼ਿਕਰਯੋਗ ਹੈ ਕਿ ਰਾਜਸਥਾਨ, ਪੰਜਾਬ, ਕੇਰਲ ਤੇ ਪੱਛਮੀ ਬੰਗਾਲ ਦੀਆਂ 4 ਵਿਧਾਨ ਸਭਾਵਾਂ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁਧ ਮਤਾ ਪਾਸ ਕੀਤਾ ਹੈ।
ਬੈਠਕ ਵਿਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਬਹਿਬਲ ਕਲਾਂ ਗੋਲੀ ਕਾਂਡ ਦੇ ਬਣੇ ਮੁੱਖ ਗਵਾਹ, ਮਰਹੂਮ ਸੁਰਜੀਤ ਸਿੰਘ ਦੇ ਪੀੜਤ ਪਰਵਾਰ ਯਾਨੀ ਪਤਨੀ ਅਤੇ ਬੇਟੇ ਨੂੰ ਮੁੱਖ ਮੰਤਰੀ ਕੋਲ ਲਿਜਾ ਕੇ ਦੁੱਖ ਦਰਦ ਦੀ ਕਹਾਣੀ ਬਿਆਨ ਕੀਤੀ। ਇਸ ਪਰਵਾਰ ਨੇ ਮੰਤਰੀ ਗੁਰਪ੍ਰੀਤ ਕਾਂਗੜ ਤੇ ਮੁੱਖ ਮੰਤਰੀ ਦੇ ਸਲਾਹਕਾਰ ਕੁਸ਼ਲਦੀਪ ਢਿੱਲੋਂ ਜੋ ਫ਼ਰੀਦਕੋਟ ਤੋਂ ਕਾਂਗਰਸੀ ਵਿਧਾਇਕ ਹਨ 'ਤੇ ਦੋਸ਼ ਲਾਇਆ ਕਿ ਇਨ੍ਹਾਂ ਵਲੋਂ ਸਤਾਏ ਸੁਰਜੀਤ ਸਿੰਘ ਹਫ਼ਤਾ ਪਹਿਲਾਂ ਅਕਾਲ ਚਲਾਣਾ ਕਰ ਗਏ।

5 ਸਾਲ ਪਹਿਲਾਂ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਉਪਰੰਤ ਪੁਲਿਸ ਦੀ ਗੋਲੀ ਦੇ ਸ਼ਿਕਾਰ ਦੋ ਸਿੱਖ ਨੌਜਵਾਨਾਂ ਦੇ ਕੇਸ ਵਿਚ ਸਰਕਾਰ ਵਲੋਂ ਮੁੱਖ ਗਵਾਹ ਸੁਰਜੀਤ ਸਿੰਘ ਨੂੰ ਦਿਤੀ ਸੁਰੱਖਿਆ ਦੇ ਬਾਵਜੂਦ ਵੀ ਨਾ ਬਚਾਉਣਾ, ਕਾਂਗਰਸ ਸਰਕਾਰ ਦੇ ਰਵਈਏ 'ਤੇ ਕਈ ਸਵਾਲ ਖੜੇ ਕਰਦਾ ਹੈ। ਗੁਰਪ੍ਰੀਤ ਕਾਂਗੜ ਤੇ ਕੁਸ਼ਲਦੀਪ ਢਿੱਲੋਂ ਦੋਵੇਂ ਸਿਰਕੱਢ ਕਾਂਗਰਸੀ ਨੇਤਾਵਾਂ ਨੇ 3 ਦਿਨ ਪਹਿਲਾਂ ਪ੍ਰੈਸ ਕਾਨਫ਼ਰੰਸ ਕਰ ਕੇ ਅਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਸੀ।