ਢੀਂਡਸਾ ਅਤੇ ਜੀਕੇ ਤੋਂ ਬਾਅਦ ਸੁਖਬੀਰ ਨੇ ਵੀ ਭਰੀ ਜੇ.ਪੀ. ਨੱਡਾ ਦੇ 'ਦਰਬਾਰ ਦੀ ਚੌਕੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖ ਲੱਖ ਕਹਿਣ 'ਵਖਰੀ ਕੌਮ' ਪਰ ਵੱਡੀ ਗਿਣਤੀ ਸਿੱਖ ਲੀਡਰਸ਼ਿਪ ਭਾਜਪਾ ਦੀ ਝੋਲੀ ਚੁੱਕ ਬਣੀ

Photo

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਸ਼੍ਰੋਮਣੀ ਅਕਾਲੀ ਦਲ ਦੀ ਇਕ ਦਹਾਕਾ ਪੁਰਾਣੀ ਸਿਆਸਤ ਅਫ਼ਸੋਸਜਨਕ ਦੌਰ 'ਚ ਪਹੁੰਚ ਚੁੱਕੀ ਹੈ, ਕਿਉਂਕਿ ਇਸ ਵੇਲੇ ਅਸਲ ਤੇ ਸਫ਼ਲ ਅਕਾਲੀ ਦਲ ਹੋਣ ਦਾ ਪੈਮਾਨਾ ਇਹ ਰਹਿ ਗਿਆ ਹੈ ਕਿ ਕੌਣ ਭਾਰਤੀ ਜਨਤਾ ਪਾਰਟੀ ਜਾਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦਾ ਵੱਡਾ ਥਾਪੜਾ ਅਪਣੀ ਪਿੱਠ 'ਤੇ ਲਗਵਾ ਸਕਦਾ ਹੈ।

ਇਹਨੀਂ ਦਿਨੀਂ ਇਸ ਗੱਲ ਦੀ ਪ੍ਰਤੱਖ ਮਿਸਾਲ ਅਕਾਲੀ ਹੋਣ ਦੇ ਝੰਡਾ ਬਰਦਾਰ ਬਣੇ ਹੋਏ ਮੋਹਰੀ ਸਿੱਖ ਸਿਆਸੀ ਆਗੂਆਂ ਦੇ 'ਚਾਲ ਚੱਲਣ' 'ਚ ਵੇਖੀ ਜਾ ਸਕਦੀ ਹੈ। ਦਿੱਲੀ ਚੋਣਾਂ ਨੂੰ ਲੈ ਕੇ ਭਾਜਪਾ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਰੇਆਮ ਛਣਕਣਾ ਵਿਖਾ ਦਿਤਾ ਗਿਆ ਹੋਣ ਤੋਂ ਬਾਅਦ ਅਕਾਲੀ ਲਿਖਾਈ ਫਿਰਦੇ ਲਗਭਗ ਸਾਰੇ ਦਲ ਇਸ ਦੌੜ 'ਚ ਪੈ ਗਏ ਹਨ ਕਿ ਭਾਜਪਾ ਦਾ ਕਿਹੜਾ ਅਕਾਲੀ ਦਲ ਚਹੇਤਾ ਹੈ?

ਜਿਉਂ ਹੀ ਬਾਦਲ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਨੇ ਦਿੱਲੀ ਚੋਣਾਂ ਲਈ ਇੱਕ ਵੀ ਸੀਟ ਦੇਣ ਤੋਂ ਕੋਰਾ ਇਨਕਾਰ ਕਰ ਦਿਤਾ ਤਾਂ ਸੱਭ ਤੋਂ ਪਹਿਲਾਂ ਪਦਮਸ੍ਰੀ ਰਾਜ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਵਜ਼ੀਰ ਤੇ ਅੱਜ ਕੱਲ੍ਹ ਟਕਸਾਲੀ ਦਲ ਦੇ ਪ੍ਰਾਹੁਣੇ ਬਣੇ ਹੋਏ ਸੁਖਦੇਵ ਸਿੰਘ ਢੀਂਡਸਾ ਗੱਜ-ਵੱਜ ਕੇ ਨਵ ਨਿਯੁਕਤ ਭਾਜਪਾ ਕੌਮੀ ਪ੍ਰਧਾਨ ਜੇਪੀ ਨੱਡਾ ਨੂੰ ਵਧਾਈ ਦੇਣ ਪੁੱਜੇ।

ਇਸ਼ਾਰਾ ਸਿੱਧਾ ਸੀ ਕਿ ਜਿਵੇਂ ਕਿ ਢੀਂਡਸਾ ਬਾਰੇ ਕਿਹਾ ਜਾਂਦਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਿਚ ਭਾਜਪਾ ਦੇ ਸੱਭ ਤੋਂ ਕਰੀਬੀ ਤੇ ਅੰਦਰੂਨੀ ਨੇਤਾ ਮੰਨੇ ਜਾਂਦੇ ਹਨ, ਸ਼ਾਇਦ ਇਸੇ ਗੱਲ ਦੀ ਠੁੱਕ ਵਜਾਉਣ ਵਾਸਤੇ ਢੀਂਡਸਾ ਨੇ ਨੱਡਾ ਨਾਲ ਗਲਵੱਕੜੀ ਪਾਈ। 

ਇਨ੍ਹਾਂ ਸਤਰਾਂ ਅਤੇ ਕਾਲਮ ਤਹਿਤ ਹੀ ਬੀਤੇ ਦਿਨ ਸਪੋਕਸਮੈਨ ਨੇ ਦਸਿਆ ਸੀ ਕਿ ਇਸ ਗੱਲ ਤੋਂ ਖੌਫ਼ਜ਼ਦਾ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਲੀਡਰਸ਼ਿਪ ਮੰਗਲਵਾਰ ਰਾਤ ਹੀ ਦਿੱਲੀ ਸੱਦ ਲਈ ਹੈ ਬਿਲਕੁਲ ਇਹ ਗੱਲ ਸੱਚ ਸਾਬਤ ਹੋਈ, ਕਿਉਂਕਿ ਸੁਖਬੀਰ ਸਿੰਘ ਬਾਦਲ ਲਾਮ ਲਸ਼ਕਰ ਲੈ ਕੇ ਪਹਿਲਾਂ ਨੱਡਾ ਦੇ ਕੋਲ ਪੁੱਜੇ ਉਨ੍ਹਾਂ ਨੂੰ ਵਧਾਈ ਦਿਤੀ।

ਫਿਰ ਨੱਡਾ ਸੁਖਬੀਰ ਦੀ ਰਿਹਾਇਸ਼ ਪੁੱਜੇ ਜਿੱਥੇ ਆ ਕੇ ਸੁਖਬੀਰ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਦਿੱਲੀ ਚੋਣਾਂ 'ਚ ਭਾਜਪਾ ਨੇ ਠੁਠ ਵਿਖਾਇਆ, ਪਰ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ ਤੇ ਅਸੀਂ ਬਿਨਾਂ ਸ਼ਰਤ ਦਿੱਲੀ ਚੋਣਾਂ 'ਚ ਭਾਜਪਾ ਨੂੰ ਹਮਾਇਤ ਦਿੰਦੇ ਹਾਂ। (ਮੰਨਿਆ ਜੂਨੀਅਰ ਬਾਦਲ ਨੇ ਇਸ ਭਾਸ਼ਾ ਸ਼ੈਲੀ  ਚ ਇਹ ਭਾਵ ਪ੍ਰਗਟ ਨਹੀਂ ਕੀਤੇ ਪਰ ਸਿਆਸੀ ਮੰਸ਼ਾ ਇਹੀ ਰਹੀ ਹੋਣ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ)।

ਇਸੇ ਦੌਰਾਨ ਸੁਖਬੀਰ ਦੇ ਬੇਹੱਦ ਕਰੀਬੀ ਰਹਿ ਚੁੱਕੇ ਤੇ ਪੰਜਾਬ 'ਚ ਅਕਾਲੀਆਂ 'ਤੇ ਲੱਗੇ ਬਹਿਬਲ ਕਲਾਂ ਤੇ ਬਰਗਾੜੀ ਦੇ ਧੱਬੇ ਕਰ ਕੇ ਵਿਦੇਸ਼ 'ਚ ਜੁੱਤੀਆਂ ਖਾ ਕੇ ਆਏ ਦਿੱਲੀ ਗੁਰਦੁਆਰਾ ਸਿੱਖ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਵਲੋਂ ਬਣਾਈ ਗਈ ਨਵੀਂ ਪਾਰਟੀ 'ਜਾਗੋ' ਨੇ ਵੀ ਬਿਨਾਂ ਸ਼ਰਤ ਬਿਨਾਂ ਕਿਸੇ ਸੀਟ ਦੇ ਲੈਣ-ਦੇਣ ਤੋਂ ਭਾਜਪਾ ਨੂੰ ਹੀ ਦਿੱਲੀ ਚੋਣਾਂ 'ਚ ਹਮਾਇਤ ਦੇਣ ਦਾ ਐਲਾਨ ਵੀ ਕੀਤਾ ਜਾ ਚੁੱਕਾ ਹੈ।

ਇਸ ਸੱਭ ਵਰਤਾਰੇ ਤੋਂ ਇਹ ਮਹਿਸੂਸ ਹੋ ਰਿਹਾ ਹੈ ਕਿ ਸਿੱਖ ਭਾਵੇਂ ਅਪਣੇ ਆਪ ਨੂੰ ਇੱਕ ਵੱਖਰੀ ਕੌਮ ਹੋਣ ਦੀ ਲੱਖ ਦੁਹਾਈ ਪਾਉਂਦੇ ਰਹਿਣ ਪਰ ਸਿੱਖਾਂ ਦੇ ਨੇਤਾ ਹੁਣ ਭਾਜਪਾ ਦੇ ਝੋਲੀ ਚੁੱਕ ਬਣੇ ਹੋਣ ਦਾ ਠੱਪਾ ਲਵਾਉਣ ਲਈ ਇੱਕ ਦੂਜੇ ਤੋਂ ਅੱਗੇ ਵਧ ਵਧ ਕੇ ਭਾਜਪਾ ਦੇ ਦਰਬਾਰ ਚ 'ਚੌਕੀਆਂ' ਭਰ ਰਹੇ ਹਨ।

ਜਿਸ ਤੋਂ ਸਪੱਸ਼ਟ ਹੈ ਕਿ ਪੰਜਾਬ ਵਿਚ 117 ਚੋਂ ਸਿਰਫ਼ 23 ਸੀਟਾਂ 'ਤੇ ਚੋਣ ਲੜਨ ਲਈ ਪਿਛਲੇ ਦੋ ਢਾਈ ਦਹਾਕਿਆਂ ਤੋਂ ਮਜਬੂਰ ਹੋਈ ਭਾਜਪਾ ਸੂਬੇ ਵਿਚ ਭਾਵੇਂ ਕਮਜ਼ੋਰ ਮੰਨੀ ਜਾਂਦੀ ਹੈ ਪਰ ਕੇਂਦਰ 'ਚ ਭਾਜਪਾ ਦੇ ਦਬਦਬੇ ਨੇ ਸਿੱਖ ਸਿਆਸੀ ਜਮਾਤਾਂ ਨੂੰ ਬੁਰੀ ਤਰ੍ਹਾਂ ਲਤਾੜ ਪਛਾੜ ਦਿਤਾ ਹੈ ਜਿਸ ਤੋਂ ਇਕ ਗੱਲ ਪ੍ਰਤੱਖ ਹੈ ਕਿ ਸਿੱਖ ਰਾਜਨੀਤੀ ਅਤੇ ਧਰਮ ਹੁਣ ਅਪਣੀ ਲੀਡਰਸ਼ਿਪ ਸਦਕਾ ਆਰਐਸਐਸ ਕੋਲ 'ਗਿਰਵੀ' ਹੋਣ ਜਾ ਰਿਹਾ ਹੈ।