ਹੁਣ ਨਜ਼ਰ ਨਹੀਂ ਆਉਂਦੇ ਮਾਲਵੇ ਦੀ ਸ਼ਾਨ ਰਹੇ ਅੰਗੂਰਾਂ ਦੇ ਬਾਗ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਨੇ ਕਿਸੇ ਵੇਲੇ ਇਕ ਰੁਪਏ ਕਿਲੋ ਅੰਗੂਰ ਵੀ ਵੇਚੇ

Grapes

ਸ਼ਹਿਣਾ: ਅੱਜ ਤੋਂ 20-25 ਸਾਲ ਪਹਿਲਾ ਕਿਸਾਨਾਂ ਨੇ ਅੰਗੂਰਾਂ ਦੀ ਖੇਤੀ ਲਈ ਬਾਗ਼ ਲਾਉਣੇ ਸ਼ੁਰੂ ਕੀਤੇ ਸਨ ਤੇ ਮਾੜੇ ਤੋਂ ਮਾੜੇ ਕਿਸਾਨਾਂ ਨੇ ਵੀ ਆਰਥਿਕ ਲਾਹਾ ਲੈਣ ਲਈ ਅਪਣੇ ਖੇਤਾਂ 'ਚ ਬਾਗ਼ ਲਾ ਲਏ ਸਨ। ਟਿੱਬਿਆਂ ਵਾਲੀ ਮਾਲਵਾ ਪੱਟੀ ਅੰਗੂਰਾਂ ਦੇ ਬਾਗ਼ਾਂ ਵਾਲਾ ਖੇਤਰ ਬਣ ਗਿਆ ਸੀ। ਵਿਸ਼ੇਸ਼ ਕਰ ਕੇ ਬਠਿੰਡਾ, ਮਾਨਸਾ ਤੇ ਬਰਨਾਲਾ ਜ਼ਿਲ੍ਹਿਆਂ 'ਚ ਕੁੱਝ ਕੁ ਸਾਲਾਂ 'ਚ ਹਜ਼ਾਰਾਂ ਏਕੜ 'ਚ ਅੰਗੂਰਾਂ ਦੇ ਬਾਗ਼ ਲੱਗ ਗਏ ਸਨ ਪਰ  ਸੈਕੜਿਆਂ ਦੀ ਗਿਣਤੀ 'ਚ ਨਜ਼ਰ ਆਉਦੇ ਅੰਗੂਰਾਂ ਦੇ ਬਾਗ਼ ਗਧੇ ਦੇ ਸਿੰਗਾਂ ਵਾਂਗ ਅਲੋਪ ਹੋ ਗਏ ਤੇ ਹੁਣ ਕਿਤੇ ਵੀ ਨਜ਼ਰ ਨਹੀ ਆਉਂਦੇ। ਸੰਨ 1994 ਤੋਂ 2000 ਤਕ ਦੇਸੀ ਅੰਗੂਰਾਂ ਦਾ ਕਾਫ਼ੀ ਬੋਲਬਾਲਾ ਰਿਹਾ।

ਕਿਸੇ ਵੇਲੇ ਪੇਂਡੂਆਂ ਲਈ ਸੁਪਨਾ ਰਹੇ ਅੰਗੂਰ ਪਿੰਡਾਂ ਅੰਦਰ ਟਰਾਲੀਆਂ 'ਤੇ ਵਿਕਣ ਲਈ ਆਇਆ ਕਰਦੇ ਸਨ। ਦਿਨ ਰਾਤ ਦੀ ਮਿਹਨਤ ਤੋਂ ਬਾਅਦ ਪੈਦਾ ਕੀਤੇ ਇਨ੍ਹਾਂ ਅੰਗੂਰਾਂ ਨੂੰ ਲੋਕ ਇਕ ਰੁਪਏ ਕਿਲੋ ਵੀ ਨੱਕ ਮਾਰ ਕੇ ਖ਼ਰੀਦਦੇ ਸਨ। ਪੰਜਾਬ ਦੀ ਮਾਲਵਾ ਪੱਟੀ ਦੇ ਅੰਗੂਰ ਉਤਪਾਦਕਾਂ ਨੂੰ ਸ਼ੁਰੂ ਤੋਂ ਹੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਦਾ ਰਿਹਾ ਕਿਉਕਿ ਮਾਲਵਾ ਪੱਟੀ ਦੇ ਬਾਜ਼ਾਰ 'ਚ ਆ ਰਹੇ ਅੰਗੂਰਾਂ ਨਾਲੋਂ ਲੋਕ ਮਹਾਰਾਸ਼ਟਰ ਅਤੇ ਗੁਜਰਾਤ ਦੇ ਅੰਗੂਰਾਂ ਨੂੰ ਵਧੇਰੇ ਪਸੰਦ ਕਰਦੇ ਹਨ। ਇਸ ਦਾ ਮੁੱਖ ਕਾਰਨ ਮਾਲਵੇ ਦੇ ਅੰਗੂਰਾਂ ਦਾ ਖੱਟਾ ਹੋਣਾ ਹੈ ਜਦਕਿ ਗੁਜਰਾਤ ਦੇ ਅੰਗੂਰ ਮਿੱਠੇ ਹੁੰਦੇ ਹਨ।

ਜਿਸ ਕਾਰਨ ਦੇਸੀ ਅੰਗੂਰਾਂ ਨਾਲੋਂ ਗੁਜਰਾਤੀ ਅੰਗੂਰਾਂ ਦੀ ਵਿਕਰੀ ਭਾਰੀ ਹੁੰਦੀ ਹੈ। ਮਾਲਵੇ ਦੇ ਬਾਗ਼ਵਾਨ ਅੰਗੂਰ ਦੇ ਖੱਟੇ ਹੋਣ ਕਾਰਨ ਦੁਖੀ ਹਨ। ਇਸ ਲਈ ਖੇਤੀ ਵਿਭਿੰਨਤਾ ਤੋਂ ਤੋਬਾ ਕਰਨ ਲੱਗ ਪਏ ਹਨ। ਵਰਣਨਯੋਗ ਹੈ ਕਿ ਮਾਲਵਾ ਪੱਟੀ ਦੇ ਸੈਂਕੜੇ ਬਾਗ਼ਵਾਨਾਂ ਨੇ ਅੰਗੂਰਾਂ ਦੇ ਬਾਗ਼ਾਂ ਨੂੰ ਵੱਧ ਮੁਨਾਫਾ ਮਿਲਣ ਦੀ ਉਮੀਦ ਨਾਲ ਅਤੇ ਚੰਗੇ ਭਾਅ ਮਿਲਣ ਦੀ ਉਮੀਦ ਕੀਤੀ ਸੀ ਪਰ ਬਾਜ਼ਾਰ 'ਚ ਘੱਟ ਭਾਅ ਨੇ ਬਾਗ਼ਵਾਨਾਂ ਦਾ ਕਚੂੰਮਰ ਕੱਢ ਦਿਤਾ ਹੈ। ਕਿਸਾਨਾਂ ਨੇ ਦਸਿਆ ਕਿ ਦੇਸੀ ਅੰਗੂਰ ਕਿਤੇ ਵੀ 7-8 ਰੁਪਏ ਕਿਲੋ ਤੋ ਵੱਧ ਨਹੀਂ ਵਿਕਦੇ ਸਨ

ਜਿਸ ਤੋਂ ਕਿਸਾਨ ਅੰਗੂਰਾਂ ਨਾਲ ਘਾਟੇ ਵਾਲਾ ਸੌਦਾ ਸਮਝ ਕੇ ਅੰਗੂਰਾ ਤੋਂ ਤੋਬਾ ਕਰ ਗਿਆ। ਅੱਗੇ ਰੇਹੜੀਆਂ ਤੇ ਮਲਵਈ ਅੰਗੂਰ 15 ਤੋਂ 20 ਰੁਪਏ ਕਿਲੋ ਤੋਂ ਵੱਧ ਨਹੀ ਵਿਕਦੇ ਹਨ। ਮਲਵਈ ਅੰਗੂਰ ਨੂੰ ਹੋਰ ਕੋਈ ਗਾਹਕ ਖ਼ਰੀਦ ਨਹੀਂ ਰਿਹਾ ਸੀ ਸਗੋਂ ਟਾਵੇਂ ਟਾਵੇਂ ਪੇਂਡੂ ਗਾਹਕ ਦੀ ਇਸ ਦੀ ਖ਼ਰੀਦ ਕਰਦੇ ਹਨ। ਇਹੀ ਕਾਰਨ ਹੈ ਕਿ ਪੂਰੀ ਮਾਲਵਾ ਪੱਟੀ ਵਿਚ ਹੁਣ ਨਾਮਾਤਰ ਹੀ ਬਾਗ਼ ਰਹਿ ਗਏ ਹਨ। ਮਈ ਜੂਨ ਮਹੀਨੇ 'ਚ ਦੇਸੀ ਅੰਗੂਰ ਦੀ ਆਮਦ ਨਾਮਾਤਰ ਹੋਣ ਦੀ ਉਮੀਦ ਹੈ।

ਜਾਣਕਾਰੀ ਅਨੁਸਾਰ ਬਾਜ਼ਾਰ 'ਚ ਗੁਜਰਾਤ ਅਤੇ ਮਹਾਰਾਸ਼ਟਰ ਦਾ ਜੋ ਅੰਗੂਰ ਆ ਰਿਹਾ ਹੈ। ਉਸ ਨੂੰ ਗਾਹਕ 60 ਤੋਂ 80 ਰੁਪਏ ਕਿਲੋ ਖ਼ਰੀਦ ਕੇ ਖ਼ੁਸ਼ ਹੈ। ਗੁਜਰਾਤੀ ਅੰਗੂਰ ਮਾਲਵੇ ਅੰਗੂਰਾਂ ਨਾਲੋਂ ਅਕਾਰ ਵਿਚ ਲੰਬਾ ਅਤੇ ਮੋਟਾ ਹੁੰਦਾ ਹੈ ਅਤੇ ਉਸ ਦਾ ਸਵਾਦ ਵੀ ਮਾਲਵੇ ਦੇ ਅੰਗੂਰ ਨਾਲੋਂ ਮਿੱਠਾ ਹੁੰਦਾ ਹੈ। ਫਲ ਵਿਕਰੇਤਾਵਾਂ ਤੇ ਆੜ੍ਹਤੀਆਂ ਦਾ ਮੰਨਣਾ ਹੈ ਕਿ ਬਾਹਰੋਂ ਆਏ ਅੰਗੂਰ ਦੀ ਕੁਆਲਟੀ ਮਾਲਵੇ ਦੇ ਅੰਗੂਰ ਨਾਲੋਂ ਚੰਗੀ ਹੈ ਅਤੇ ਇਸੇ ਕਾਰਨ ਵਿਕਰੀ ਵੱਧ ਹੁੰਦੀ ਹੈ।

ਕੁੱਲ ਮਿਲਾ ਕੇ ਮਾਲਵਾ ਪੱਟੀ ਦੇ ਅੰਗੂਰ ਖ਼ਾਤਮੇ ਦੀ ਕਗਾਰ 'ਤੇ ਹਨ। ਕਿਸਾਨਾਂ ਨੇ ਦਸਿਆ ਕਿ ਸਰਕਾਰ ਹਮੇਸ਼ਾ ਹੀ ਕਿਸਾਨਾਂ ਨੂੰ ਬਲਦਵੀਂ ਫਸਲ ਕਰਨ ਦੀ ਸਲਾਹ ਦਿੰਦੀ ਹੈ ਪ੍ਰੰਤੂ ਸਰਕਾਰ ਬਦਲਵੀਂ ਫ਼ਸਲ ਲਈ ਮੰਡੀਕਰਨ ਦਾ ਉਚਿਤ ਪ੍ਰਬੰਧਕ ਨਹੀ ਕਰਦੀ। ਇਸ ਲਈ ਅੱਕੇ ਕਿਸਾਨਾਂ ਨੇ ਸਾਰੇ ਬਾਗ਼ ਪੁੱਟ ਦਿਤੇ ਤੇ ਰਵਾਇਤੀ ਖੇਤੀ ਹੀ ਸ਼ੁਰੂ ਕਰ ਦਿਤੀ। ਹੁਣ ਦੂਰ ਦੂਰ ਤਕ ਬਾਗ਼ ਦਿਖਾਈ ਨਹੀਂ ਦਿੰਦੇ।