ਸ਼੍ਰੋਮਣੀ ਕਮੇਟੀ ਵਲੋਂ 12 ਅਰਬ ਰੁਪਏ ਤੋਂ ਵੱਧ ਦਾ ਬਜਟ ਸਰਬ ਸੰਮਤੀ ਨਾਲ ਪਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਸਾਲ 2019-20 ਦਾ 12 ਅਰਬ, 5 ਕਰੋੜ ਰੁਪਏ ਦੇ ਕਰੀਬ ਦਾ ਬਜਟ ਜੈਕਾਰਿਆਂ ਦੀ ਗੂੰਜ ਦੌਰਾਨ ਸਰਬ ਸੰਮਤੀ ਨਾਲ ਪਾਸ ਕੀਤਾ।

SGPC

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਸਾਲ 2019-20 ਦਾ 12 ਅਰਬ, 5 ਕਰੋੜ ਰੁਪਏ ਦੇ ਕਰੀਬ ਦਾ ਬਜਟ ਜੈਕਾਰਿਆਂ ਦੀ ਗੂੰਜ ਦੌਰਾਨ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਜੋ ਪਿਛਲੇ ਸਾਲ ਦੇ 11 ਅਰਬ 59 ਕਰੋੜ 67 ਲੱਖ ਰੁਪਏ ਦੇ ਬਜਟ ਤੋਂ ਤਕਰੀਬਨ 45 ਕਰੋੜ ਰੁਪਏ ਜ਼ਿਆਦਾ ਹੈ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲਾ ਅਤੇ ਚੀਫ਼ ਸਕੱਤਰ ਡਾ. ਰੂਪ ਸਿੰਘ ਸਮੇਤ ਹੋਰ ਕਮੇਟੀ ਮੈਂਬਰ ਹਾਜ਼ਰ ਸਨ।

ਇਸ ਬਜਟ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧਰਮ ਪ੍ਰਚਾਰ ਲਈ 84 ਕਰੋੜ ਰੁਪਏ ਰੱਖੇ ਗਏ  ਹਨ। ਜਦਕਿ ਵਿਦਿਅਕ ਅਦਾਰਿਆਂ ਲਈ 238 ਕਰੋੜ ਰੁਪਏ ਰਾਖਵੇਂ ਰੱਖੇ ਗਏ। ਇਸ ਤੋਂ ਇਲਾਵਾ ਨਵੀਆਂ ਸਰਾਵਾਂ ਬਣਾਉਣ ਲਈ 8 ਕਰੋੜ, ਗੁਰਦੁਆਰਾ ਸਾਹਿਬਾਨ ਵਿਚ ਬਿਜਲੀ ਦੀ ਨਿਰਵਿਘਨ ਸਪਲਾਈ ਲਈ ਜਨਰੇਟਰ ਲੈਣ ਲਈ 29 ਕਰੋੜ 89 ਲੱਖ ਰੁਪਏ,  ਸਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ 280 ਕਰੋੜ ਰੁਪਏ, ਜਨਰਲ ਬੋਰਡ ਫ਼ੰਡ 72 ਕਰੋੜ 50 ਲੱਖ ਰੁਪਏ, ਟਰੱਸਟ ਫ਼ੰਡ ਲਈ 50 ਕਰੋੜ 60 ਲੱਖ ਰੁਪਏ ਰਾਖਵੇਂ ਰੱਖੇ ਗਏ ਹਨ।

ਇਨ੍ਹਾਂ ਤੋਂ ਇਲਾਵਾ ਬਜਟ ਵਿਚ ਮਾਰੂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ, ਗ਼ਰੀਬ ਬੱਚਿਆਂ ਦੀ ਪੜ੍ਹਾਈ ਤੇ ਆਰਥਿਕ ਪੱਖੋਂ ਕਮਜ਼ੋਰ ਵਿਅਕਤੀਆਂ ਦੀ ਮਦਦ ਲਈ ਇਕ ਕਰੋੜ 95 ਲੱਖ ਰੁਪਏ ਰੱਖੇ ਗਏ ਹਨ। ਜਦਕਿ ਕੁਦਰਤੀ ਆਫ਼ਤਾਂ ਲਈ 70 ਲੱਖ ਰੁਪਏ, ਧਰਮੀ ਫੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ 2 ਕਰੋੜ ਰੁਪਏ, ਸਿੱਖ ਇਤਿਹਾਸ ਦੀ ਖੋਜ ਅਤੇ ਹੋਰ ਪੁਰਾਤਨ ਗ੍ਰੰਥਾਂ ਦੀ ਛਪਾਈ ਲਈ 70 ਲੱਖ ਰੁਪਏ, ਵਿਦੇਸ਼ਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਅਨੁਸਾਰ ਛਪਾਈ ਲਈ 2 ਕਰੋੜ 50 ਲੱਖ ਰੁਪਏ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਲਈ 12 ਕਰੋੜ 63 ਲੱਖ ਰੁਪਏ ਰੱਖੇ ਗਏ ਨੇ।

ਬਜਟ ਨੂੰ ਭਾਵੇਂ ਸਰਬਸੰਮਤੀ ਨਾਲ ਪਾਸ ਕਰ ਦਿਤਾ ਗਿਆ, ਪਰ ਅੰਮ੍ਰਿਤਸਰ ਦੇ ਤੇਜ਼ਾ ਸਿੰਘ ਸਮੁੰਦਰੀ ਹਾਲ ਵਿਚ ਹੋਏ ਬਜਟ ਇਜਲਾਸ ਵਿਚ ਕੁੱਝ ਮੁੱਦਿਆਂ ਨੂੰ ਲੈ ਕੇ ਕਾਫ਼ੀ ਹੰਗਾਮਾ ਵੀ ਹੋਇਆ। ਕਈ ਮੈਂਬਰਾਂ ਦੀ ਬਰਗਾੜੀ ਕਾਂਡ ਅਤੇ ਮੁਲਾਜ਼ਮਾਂ ਦੀ ਭਰਤੀ ਵਿਚ ਧਾਂਦਲੀ ਦੇ ਮੁੱਦੇ 'ਤੇ ਆਪਸ ਵਿਚ ਤਲਖ਼ ਕਲਾਮੀ ਕਰਦੇ ਨਜ਼ਰ ਆਏ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੇ ਫ਼ੈਸਲੇ ਲਈ ਭਾਰਤ-ਪਾਕਿਸਤਾਨ ਦੋਵੇਂ ਸਰਕਾਰਾਂ ਦਾ ਧੰਨਵਾਦ ਵੀ ਕੀਤਾ। 

ਦਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਜ 'ਤੇ ਵੀ ਅਕਸਰ ਸਵਾਲ ਉਠਦੇ ਰਹੇ ਹਨ। ਧਰਮ ਪ੍ਰਚਾਰ ਦੇ ਮਾਮਲੇ ਵਿਚ ਵੀ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ 'ਤੇ ਵਿਰੋਧੀਆਂ ਵਲੋਂ ਨਿਸ਼ਾਨੇ ਸਾਧੇ ਜਾਂਦੇ ਰਹੇ ਹਨ, ਪਰ ਹੁਣ ਦੇਖਣਾ ਹੋਵੇਗਾ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਅਪਣੇ ਕੰਮਾਂ ਨੂੰ ਸਹੀ ਤਰੀਕੇ ਨਾਲ ਕਰਵਾਉਣ ਵਿਚ ਕਿੰਨੀ ਕੁ ਸਫ਼ਲ ਹੁੰਦੀ ਹੈ।