ਬਹਾਲੀ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠੇ ਸ਼੍ਰੋਮਣੀ ਕਮੇਟੀ ਦੇ ਫ਼ਾਰਗ ਮੁਲਾਜ਼ਮ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦੋ ਨੇ ਸ਼ੁਰੂ ਕੀਤੀ ਭੁੱਖ ਹੜਤਾਲ

Pic-4

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਵਿਚੋਂ ਫ਼ਾਰਗ ਕੀਤੇ 532 ਮੁਲਾਜ਼ਮਾਂ ਵਿਚੋਂ ਕਰੀਬ 50 ਮੁਲਾਜ਼ਮ ਅੱਜ ਅਪਣੀ ਬਹਾਲੀ ਨੂੰ ਲੈ ਕੇ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੂੰਦਰੀ ਹਾਲ ਦੇ ਬਾਹਰ ਧਰਨੇ 'ਤੇ ਬੈਠ ਗਏ। ਇਨ੍ਹਾਂ ਵਿਚੋਂ ਦੋ ਮੁਲਾਜਮ ਹਰਜੀਤ ਸਿੰਘ ਅਤੇ ਸੁਖਮਨ ਸਿੰਘ ਭੁੱਖ ਹੜਤਾਲ 'ਤੇ ਬੈਠੇ।  ਸ਼੍ਰੋਮਣੀ ਕਮੇਟੀ ਦੇ 98 ਸਾਲ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਫ਼ਾਰਗ ਕੀਤੇ ਮੁਲਾਜ਼ਮਾਂ ਨੂੰ ਕਮੇਟੀ ਦੇ ਦਫ਼ਤਰ ਦੇ ਬਾਹਰ ਹੀ ਧਰਨੇ 'ਤੇ ਭੁੱਖ ਹੜਤਾਲਾਂ ਕਰਨੀਆਂ ਪਈਆਂ ਹੋਣ।

ਅੱਜ ਦੁਪਿਹਰ ਨੂੰ ਇਹ ਮੁਲਾਜ਼ਮ ਕਮੇਟੀ ਦੇ ਮੁੱਖ ਦਫ਼ਤਰ ਦੇ ਬਾਹਰ  ਬੈਠੇ ਤੇ ਇਨ੍ਹਾਂ ਫ਼ਾਰਗ ਮੁਲਾਜਮਾਂ ਵਲੋਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ਼ਮਸ਼ੇਰ ਸਿੰਘ ਨੇ ਦਸਿਆ ਕਿ 31 ਮਾਰਚ 2018 ਨੂੰ ਬਿਨਾਂ ਕਿਸੇ ਕਸੂਰ ਤੋਂ ਨੌਕਰੀਆਂ ਤੋਂ ਕੱਢ ਦਿਤਾ ਗਿਆ ਸੀ। ਅਪਣੀ ਬਹਾਲੀ ਨੂੰ ਲੈ ਕੇ ਉਹ ਅੱਜ ਫਿਰ ਇਥੇ ਆਏ ਹਨ। ਉਨ੍ਹਾਂ ਦਸਿਆ ਕਿ ਉਹ ਚਾਰ ਵਾਰ ਪਹਿਲਾਂ ਵੀ ਧਰਨੇ ਲਗਾ ਚੁੱਕੇ ਹਨ ਤੇ ਕਮੇਟੀ ਦੇ ਅਹੁਦੇਦਾਰਾਂ ਨੇ ਦਰਬਾਰ ਸਾਹਿਬ ਵਲ ਮੂੰਹ ਕਰ ਕੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਨੂੰ ਛੇਤੀ ਬਹਾਲ ਕਰ ਦਿਤਾ ਜਾਵੇਗਾ। ਇਸ ਮਾਮਲੇ ਵਿਚ ਬਣੀ ਸਬ ਕਮੇਟੀ ਜਿਸ ਦੀ ਪ੍ਰਧਾਨਗੀ ਸ਼੍ਰੋਮਣੀ ਕਮੇਟੀ ਦੇ  ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਕਰ ਰਹੇ ਹਨ, ਨੇ ਵੀ ਉਨ੍ਹਾਂ ਨੂੰ ਇਨਸਾਫ਼ ਨਹੀਂ ਦਿਤਾ।

ਉਨ੍ਹਾਂ ਦਸਿਆ ਕਿ ਉਨ੍ਹਾਂ ਕਮੇਟੀ ਵਿਰੁਧ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਕੇਸ ਵੀ ਕੀਤਾ ਹੋਇਆ ਹੈ। ਕਮੇਟੀ ਦੇ ਅਧਿਕਾਰੀਆਂ ਤੇ ਅਹੁਦੇਦਾਰਾਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਉਨ੍ਹਾਂ ਨੂੰ ਬਹਾਲ ਕਰ ਦਿੰਦੇ ਹਨ, ਉਹ ਅਪਣਾ ਹਲਫ਼ੀਆ  ਬਿਆਨ ਦੇ ਦਿਉ। ਸ਼ਮਸ਼ੇਰ ਸਿੰਘ ਮੁਤਾਬਕ 160 ਦੇ ਕਰੀਬ ਮੁਲਾਜ਼ਮਾਂ ਨੇ ਅਪਣੇ ਹਲਫ਼ੀਆ ਬਿਆਨ ਵੀ ਦੇ ਦਿਤੇ ਹਨ, ਫਿਰ ਵੀ ਮਸਲਾ ਹੱਲ ਨਹੀਂ ਹੋਇਆ। ਉਨਾਂ ਕਿਹਾ ਕਿ ਜਦ ਤਕ ਮਸਲਾ ਹੱਲ ਨਹੀ ਹੁੰਦਾ, ਉਦੋਂ ਤਕ ਭੁੱਖ ਹੜਤਾਲ ਜਾਰੀ ਰਹੇਗੀ।