ਸੁਖਜਿੰਦਰ ਰੰਧਾਵਾ ਨੇ ਜਥੇਦਾਰ ਨੂੰ ਲਿਖਿਆ ਪੱਤਰ, PTC 'ਤੇ ਗੁਰਬਾਣੀ ਪ੍ਰਸਾਰਣ ਰੋਕਣ ਦੀ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਹਨਾਂ ਕਿਹਾ ਕਿ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਤਾਂ ਸਮੁੱਚੀ ਸਿੱਖ ਸੰਗਤ ਦੇ ਹਿਰਦੇ ਵਲੂੰਧਰੇ ਗਏ।

Sukhjinder Singh Randhawa and Giani Harpreet Singh

 

ਚੰਡੀਗੜ੍ਹ: ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਜਿਨਸੀ ਸੋਸ਼ਣ ਦੇ ਦੋਸ਼ਾਂ ਵਿਚ ਘਿਰੇ ਪੀਟੀਸੀ ਚੈਨਲ ’ਤੇ ਗੁਰਬਾਣੀ ਪ੍ਰਸਾਰਣ ਰੋਕਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਵੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਇਹ ਮੰਗ ਚੁੱਕੀ ਗਈ ਸੀ।


Photo

ਸੁਖਜਿੰਦਰ ਰੰਧਾਵਾ ਨੇ ਲਿਖਿਆ ਕਿ ਸ੍ਰੀ ਗੁਰੂ ਰਾਮ ਦਾਸ ਜੀ ਦੇ ਪਾਵਨ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਰੋਜ਼ਾਨਾ ਹੋਣ ਵਾਲੇ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਨਿੱਜੀ ਚੈਨਲ ਪੀਟੀਸੀ ਵੱਲੋਂ ਕੀਤਾ ਜਾਂਦਾ ਹੈ। ਸਿੱਧੇ ਪ੍ਰਸਾਰਣ ਦੇ ਅਧਿਕਾਰ ਸਿਰਫ਼ ਇਸੇ ਚੈਨਲ ਕੋਲ ਹਨ। ਸਮੁੱਚੀ ਸਿੱਖ ਸੰਗਤ ਜਾਣਦੀ ਹੈ ਕਿ ਇਸ ਚੈਨਲ ਦੀ ਮਲਕੀਅਤ ਬਾਦਲ ਪਰਿਵਾਰ ਕੋਲ ਹੈ। ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਵੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਇਕ ਇੰਟਰਵਿਊ ਖੁਲਾਸਾ ਕਰ ਚੁੱਕੇ ਹਨ ਕਿ ਉਹ ਪੀਟੀਸੀ ਚੈਨਲ ਦੇ ਮਾਲਕ ਹਨ।


Photo

ਉਹਨਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਕਈ ਵਾਰ ਮੰਗ ਕਰ ਚੁੱਕੀ ਹੈ ਕਿ ਸਭ ਧਰਮਾਂ ਦੇ ਸਾਂਝੇ ਪਵਿੱਤਰ ਅਸਥਾਨ ਵਿਖੇ ਹੋਣ ਵਾਲੇ ਗੁਰਬਾਣੀ ਕੀਰਤਨ ਦਾ ਟੈਲੀਕਾਸਟ ਕਰਨ ਦੇ ਅਧਿਕਾਰ ਇਕ ਚੈਨਲ ਵਿਸ਼ੇਸ਼ ਨੂੰ ਦੇਣ ਦੀ ਬਜਾਏ ਸਭ ਚੈਨਲਾਂ ਨੂੰ ਬਰਾਬਰ ਦੇਣੇ ਚਾਹੀਦੇ ਹਨ। ਸਾਬਕਾ ਉੱਪ ਮੁੱਖ ਮੰਤਰੀ ਨੇ ਲਿਖਿਆ, “ਬਾਦਲ ਪਰਿਵਾਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਲੱਗੇ ਘੋਰ ਇਲਜ਼ਾਮਾਂ ਦੇ ਚੱਲਦਿਆਂ ਸਮੁੱਚੀ ਸਿੱਖ ਸੰਗਤ ਨੂੰ ਇਸ ਗੱਲ ਦਾ ਵੱਡਾ ਇਤਰਾਜ਼ ਰਿਹਾ ਹੈ ਕਿ ਅਜਿਹੇ ਪਰਿਵਾਰ ਦੇ ਨਿੱਜੀ ਚੈਨਲ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਸਿੱਧਾ ਪ੍ਰਸਾਰਣ ਕਰਨ ਦੇ ਅਧਿਕਾਰ ਨਹੀਂ ਦੇਣੇ ਚਾਹੀਦੇ”।

Sukhjinder Singh Randhawa

ਉਹਨਾਂ ਕਿਹਾ ਕਿ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਤਾਂ ਸਮੁੱਚੀ ਸਿੱਖ ਸੰਗਤ ਦੇ ਹਿਰਦੇ ਹੀ ਵਲੂੰਧਰੇ ਗਏ। ਪੀਟੀਸੀ ਚੈਨਲ ਵੱਲੋਂ ਕਰਵਾਏ ਗਏ “ਮਿਸ ਪੰਜਾਬਣ” ਨਾਮ ਦੇ ਪ੍ਰੋਗਰਾਮ ਦੌਰਾਨ ਚੈਨਲ ਦੇ ਅਧਿਕਾਰੀਆਂ ਉੱਤੇ ਸੈਕਸ ਸਕੈਂਡਲ ਦੇ ਬਹੁਤ ਹੀ ਗੰਭੀਰ ਦੋਸ਼ ਲੱਗੇ ਹਨ। ਇਸ ਸੰਬੰਧੀ ਪੰਜਾਬ ਪੁਲਿਸ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਥਾਣੇ ਵਿੱਚ ਚੈਨਲ ਦੇ ਅਧਿਕਾਰੀਆਂ ਸਣੇ ਕਈ ਵਿਅਕਤੀਆਂ ਖਿਲਾਫ ਕੇਸ ਦਰਜ ਵੀ ਕੀਤਾ ਗਿਆ ਹੈ। ਇਹ ਮਾਮਲਾ ਬਹੁਤ ਹੀ ਸੰਗੀਨ ਹੈ ਜੋ ਸਾਡੇ ਸੱਭਿਅਕ ਸਮਾਜ ਦੇ ਮੱਥੇ ਉੱਤੇ ਕਲੰਕ ਹੈ। ਸਿੱਖ ਸੰਗਤ ਲਈ ਇਹ ਮਾਮਲਾ ਹੋਰ ਵੀ ਸੰਵੇਦਨਸ਼ੀਲ ਹੋ ਜਾਂਦਾ ਹੈ

Giani Harpreet Singh

ਉਹਨਾਂ ਕਿਹਾ ਕਿ ਜਦੋਂ ਅਜਿਹਾ ਘੋਰ ਅਪਰਾਧ ਅਜਿਹੇ ਚੈਨਲ ਦੇ ਪ੍ਰੋਗਰਾਮ ਦੌਰਾਨ ਕੀਤਾ ਜਾਂਦਾ ਹੈ ਜਿਸ ਚੈਨਲ ਉੱਪਰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਪਵਿੱਤਰ ਗੁਰਬਾਣੀ ਦਾ ਰੋਜ਼ਾਨਾ ਸਿੱਧਾ ਪ੍ਰਸਾਰਣ ਚੱਲਦਾ ਹੋਵੇ। ਇਸ ਨਾਲ ਸਮੁੱਚੀ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ। ਇਸ ਮਾਮਲੇ ਵਿਚ ਸਖਤ ਫੈਸਲਾ ਲੈਂਦੇ ਹੋਏ ਜਿੱਥੇ ਪੀਟੀਸੀ ਚੈਨਲ ਉੱਤੇ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ’ਤੇ ਤੁਰੰਤ ਰੋਕ ਲਾ ਕੇ ਇਸ ਦੇ ਅਧਿਕਾਰ ਸਾਰੇ ਚੈਨਲਾਂ ਨੂੰ ਬਰਾਬਰ ਦਿੱਤੇ ਜਾਣ ਅਤੇ ਚੈਨਲਾਂ ਦੇ ਮਾਲਕਾਂ ਖਿਲਾਫ ਇਸ ਘੋਰ ਅਪਰਾਧ ਲਈ ਸੰਦੇਸ਼ ਜਾਰੀ ਕੀਤੇ ਜਾਣ।