ਪੰਜਾਬ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਵਾਦਾਂ ‘ਚ
ਕਾਂਗਰਸ ਵੱਲੋਂ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੂੰ ਜੋ ਸਟਾਰ ਪ੍ਰਚਾਰਕਾਂ ਦੀ ਸੂਚੀ ਸੌਂਪੀ ਗਈ ਹੈ, ਉਸ ਵਿਚ 22ਵੇਂ ਨੰਬਰ ਤੇ ਸ਼ਮਸ਼ੇਰ ਸਿੰਘ ਦੂਲੋਂ ਦਾ ਨਾਂਅ ਵੀ ਸ਼ਾਮਿਲ ਹੈ।
ਪੰਜਾਬ: ਲੋਕ ਸਭਾ ਚੋਣਾਂ ਦੀ ਜੰਗ ਜਿੱਤਣ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਜਿੱਥੇ ਇੱਕ ਪਾਸੇ ਸਿਆਸਤਦਾਨ ਜੋੜ-ਤੋੜ ਕਰਨ ਵਿਚ ਉਲਝੇ ਹੋਏ ਹੋਏ ਹਨ, ਉਥੇ ਹੀ ਨਿਤ ਦਿਨ ਕੋਈ ਨਾ ਕੋਈ ਬਿਆਨ ਜਾਂ ਸਿਆਸੀ ਸਰਗਰਮੀ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਬੀਤੇ ਦਿਨ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੈਬਿਨੇਟ ਮੰਤਰੀ ਲਾਲ ਸਿੰਘ ਨੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸਮਸ਼ੇਰ ਸਿੰਘ ਦੂਲੋਂ ਨੂੰ ਪਾਰਟੀ ਵਿਚੋਂ ਬਾਹਰ ਜਾਣ ਅਤੇ ਰਾਜ ਸਭਾ ਮੈਂਬਰਸ਼ਿਪ ਛੱਡਣ ਲਈ ਕਹਿ ਦਿੱਤਾ ਸੀ ਕਿਉਂਕਿ ਦੂਲੋਂ ਦੀ ਪਤਨੀ ਅਤੇ ਬੇਟੇ ਨੇ ਆਮ ਆਦਮੀ ਪਾਰਟੀ ਦਾ ਪੱਲ੍ਹਾ ਫੜ੍ਹ ਲਿਆ ਸੀ।
ਪਰ ਕਾਂਗਰਸ ਵੱਲੋਂ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੂੰ ਜੋ ਸਟਾਰ ਪ੍ਰਚਾਰਕਾਂ ਦੀ ਸੂਚੀ ਸੌਂਪੀ ਗਈ ਹੈ, ਉਸ ਵਿਚ 22ਵੇਂ ਨੰਬਰ ਤੇ ਸ਼ਮਸ਼ੇਰ ਸਿੰਘ ਦੂਲੋਂ ਦਾ ਨਾਂਅ ਵੀ ਸ਼ਾਮਿਲ ਹੈ। ਚੋਣ ਕਮਿਸ਼ਨ ਨੂੰ ਭੇਜੀ ਗਈ ਇਸ ਸੂਚੀ ਹੇਠ ਬਕਾਇਦਾ ਮੋਤੀਲਾਲ ਵੋਰਾ ਦੇ ਹਸਤਾਖਰ ਹਨ। ਇਸ ਲਿਸਟ ਵਿਚ ਦੂਲੋਂ ਦੇ ਨਾਂਅ ਦਾ ਸ਼ਾਮਿਲ ਹੋਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਉਹ ਇਹ ਕਿ ਇਹ ਲਿਸਟ ਹਾਈਕਮਾਂਡ ਵੱਲੋਂ ਪੰਜਾਬ ਦੀ ਲੀਡਰਸ਼ਿਪ ਨੂੰ ਪੁੱਛੇ ਬਿਨ੍ਹਾਂ ਤਿਆਰ ਕੀਤੀ ਗਈ ਹੈ ਅਤੇ ਜਾਂ ਫਿਰ ਦੋਵਾਂ ਦਾ ਆਪਸ ਵਿਚ ਕੋਈ ਤਾਲਮੇਲ ਹੀ ਨਹੀਂ।
ਬਹਿਰਹਾਲ ਇਸ ਲਿਸਟ ਵਿਚ ਦੂਲੋਂ ਦੇ ਨਾਂਅ ਨੇ ਸੂਬੇ ਦੀ ਲੀਡਰਸ਼ਿਪ ਦੀ ਕਾਰਗੁਜ਼ਾਰੀ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ।