ਫੂਡ ਇੰਡਸਟਰੀ ਦੇ ਹਲਾਤਾਂ ਬਾਰੇ 'ਨਿੱਕ ਬੇਕਰਜ਼' ਦੇ ਮਾਲਕ ਨਾਲ ਖਾਸ ਗੱਲਬਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੋਜ਼ਾਨਾ ਸਪੋਕਸਮੈਨ ਦੀ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਚੰਡੀਗੜ੍ਹ ਦੀ ਮਸ਼ਹੂਰ ਕੰਪਨੀ 'ਨਿੱਕ ਬੇਕਰਜ਼' ਦੇ ਮਾਲਕ ਨਿੱਕ ਨਾਲ ਗੱਲਬਾਤ ਕੀਤੀ।

Photo

ਚੰਡੀਗੜ੍ਹ:  ਰੋਜ਼ਾਨਾ ਸਪੋਕਸਮੈਨ ਦੀ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਚੰਡੀਗੜ੍ਹ ਦੀ ਮਸ਼ਹੂਰ ਕੰਪਨੀ 'ਨਿੱਕ ਬੇਕਰਜ਼' ਦੇ ਮਾਲਕ ਨਿੱਕ ਨਾਲ ਗੱਲਬਾਤ ਕੀਤੀ। ਇਸ ਦੌਰਾਨ ਨਿੱਕ ਨਾਲ ਉਦਯੋਗ ਦੇ ਤਾਜ਼ਾ ਹਾਲਾਤਾਂ ਬਾਰੇ ਗੱਲਬਾਤ ਕੀਤੀ ਗਈ। ਨਿੱਕ ਨੇ ਕਿਹਾ ਕਿ ਇਹ ਸਮਾਂ ਸਾਰਿਆਂ ਲਈ ਬਹੁਤ ਮੁਸ਼ਕਿਲ ਹੈ।

ਉਹਨਾਂ ਦੱਸਿਆ ਕਿ ਫਿਲਹਾਲ ਉਹਨਾਂ ਦੀ ਕੰਪਨੀ ਵੱਲੋਂ ਜ਼ਰੂਰੀ ਚੀਜ਼ਾਂ ਦੀ ਹੀ ਵਿਕਰੀ ਕੀਤੀ ਜਾ ਰਹੀ ਹੈ, ਜਿਸ ਦੀ ਸਰਕਾਰ ਵੱਲੋਂ ਉਹਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਵੇਚੀਆਂ ਜਾ ਰਹੀਆਂ ਚੀਜ਼ਾਂ ਉਹਨਾਂ ਦੀ ਕੁੱਲ ਵਿਕਰੀ ਦਾ ਸਿਰਫ 5 ਫੀਸਦੀ ਹਿੱਸਾ ਹਨ। ਉਹਨਾਂ ਦੱਸਿਆ ਕਿ ਇਸ ਦੌਰਾਨ ਉਹਨਾਂ ਦੀ ਪਹਿਲ ਵਰਕਰਾਂ ਅਤੇ ਗਾਹਕਾਂ ਦੀ ਸੁਰੱਖਿਆ ਹੈ। 

ਉਹਨਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦੱਸਿਆ ਕਿ  ਨਿੱਕ ਬੇਕਰਜ਼ ਵਿਚ ਕੁੱਲ 800 ਦੇ ਕਰੀਬ ਲੋਕ ਕੰਮ ਕਰਦੇ ਹਨ ਪਰ ਲੌਕਡਾਊਨ ਤੇ ਕੋਰੋਨਾ ਵਾਇਰਸ ਦੇ ਚਲਦਿਆਂ ਉਹਨਾਂ ਦੇ ਕਰੀਬ 60 ਕਰਮਚਾਰੀ ਹੀ ਕੰਮ 'ਤੇ ਆ ਰਹੇ ਹਨ। ਜੋ ਕਿ ਕੁੱਲ ਸਟਾਫ ਦੇ 10 ਪ੍ਰਤੀਸ਼ਤ ਦੇ ਕਰੀਬ ਹਨ। ਉਹਨਾਂ ਦੱਸਿਆ ਕਿ ਕੰਪਨੀ ਕੰਮ 'ਤੇ ਆ ਰਹੇ ਵਰਕਰਾਂ ਨੂੰ ਤਨਖਾਹ ਦੇ ਰਹੀ ਹੈ ਪਰ ਜਿਹੜੇ ਵਰਕਰ ਘਰ ਬੈਠੇ ਹਨ ਉਹਨਾਂ ਦੀ ਤਨਖ਼ਾਹ ਬਾਰੇ ਵੀ ਚਰਚਾ ਕੀਤੀ ਜਾ ਰਹੀ  ਹੈ। 

ਨਿੱਕ ਨੇ ਦੱਸਿਆ ਕਿ ਉਹਨਾਂ ਦੀ ਸਰਕਾਰ ਨਾਲ ਵੀ ਗੱਲਬਾਤ ਜਾਰੀ ਹੈ ਤੇ ਉਹਨਾਂ ਵੱਲੋਂ ਫਿਲਹਾਲ ਕੋਈ ਨੋਟਿਸ ਨਹੀਂ ਆਇਆ। ਉਹਨਾਂ ਦੱਸਿਆ ਕਿ ਉਹਨਾਂ ਦੇ ਵਰਕਰ ਪੂਰੀ ਸਫਾਈ ਅਤੇ ਸੁਰੱਖਿਆ ਨਾਲ ਖਾਣਾ ਬਣਾ ਰਹੇ ਹਨ ਤੇ ਉਹਨਾਂ ਨੂੰ ਆਉਣ-ਜਾਣ ਲਈ ਕਰਫਿਊ ਪਾਸ ਜਾਰੀ ਕਰਵਾਏ ਗਏ ਹਨ। 

ਉਹਨਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਸੁਰੱਖਿਆ ਲਈ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਲਈ ਆਉਣ ਵਾਲਾ ਖਰਚਾ ਵੀ ਕਾਫੀ ਵਧ ਗਿਆ ਹੈ। 
ਉਹਨਾਂ ਦੱਸਿਆ ਕਿ ਉਹਨਾਂ ਦੀ ਹੁਣ ਸਿਰਫ ਇਹੀ ਇੱਛਾ ਹੈ ਕਿ ਸਾਰਾ ਕੰਮ ਪਹਿਲਾਂ ਦੀ ਤਰ੍ਹਾਂ ਹੀ ਸ਼ੁਰੂ ਹੋ ਜਾਵੇ। ਉਹਨਾਂ ਕਿਹਾ ਕਿ ਸਰਕਾਰ ਉਹਨਾਂ ਦੀ ਸਰਕਾਰ ਨੂੰ ਅਪੀਲ ਹੈ ਕਿ ਉਹ ਅਰਥਵਿਵਥਾ ਨੂੰ ਖੋਲਣ ਦੀ ਤਿਆਰੀ ਕਰਨ ਨਹੀਂ ਦਾ ਉਦਯੋਗ ਦੀ ਹਾਲਤ ਖ਼ਰਾਬ ਹੋ ਸਕਦੀ ਹੈ। 

ਉਹਨਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਵਿਚ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ।  ਨਿੱਕ ਨੇ ਦੱਸਿਆ ਕਿ ਉਹਨਾਂ ਨੂੰ ਬਚਪਨ ਤੋਂ ਖਾਣ-ਪੀਣ ਤੇ ਖਾਣਾ ਬਣਾਉਣ ਦਾ ਸ਼ੌਂਕ ਸੀ। ਇਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਪਿਤਾ ਨੇ ਗਾਈਡ ਕੀਤਾ ਤੇ ਇਸ ਤੋਂ ਬਾਅਦ ਉਹਨਾਂ ਨੇ ਅਪਣੇ ਭਵਿੱਖ ਵਿਚ ਕੁਕਿੰਗ ਕਰਨ ਬਾਰੇ ਸੋਚਿਆ, ਇਸ ਦੌਰਾਨ ਉਹਨਾਂ ਨੇ ਅਪਣੇ ਮਾਤਾ ਤੇ ਇੰਟਰਨੈੱਟ ਦੀ ਸਹਾਇਤਾ ਲਈ। ਇਸ ਦੌਰਾਨ ਉਹਨਾਂ ਨੂੰ ਪਰਿਵਾਰ ਦਾ ਸਹਿਯੋਗ ਵੀ ਮਿਲਿਆ।

ਉਹਨਾਂ ਦੱਸਿਆ ਕਿ ਜ਼ਿੰਦਗੀ ਵਿਚ ਸਭ ਤੋਂ ਪਹਿਲਾਂ ਉਹਨਾਂ ਨੇ ਫਰੂਟ ਕੇਕ ਬਣਾਇਆ ਸੀ। ਉਹਨਾਂ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਕੋਈ ਕੰਮ ਕਰਨ ਲਈ ਜਨੂਨ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਜਦੋਂ ਵੀ ਉਹ ਕੋਈ ਨਵੀਂ ਚੀਜ਼ ਬਣਾਉਂਦੇ ਹਨ ਤਾਂ ਸਭ ਤੋਂ ਪਹਿਲਾਂ ਅਪਣੇ ਪਰਿਵਾਰ ਨੂੰ ਟੇਸਟ ਕਰਵਾਉਂਦੇ ਹਨ ਤੇ ਉਹਨਾਂ ਦੀ ਸਲਾਹ ਲੈਂਦੇ ਹਨ।