ਕੋਰੋਨਾ ਪੀੜਤਾਂ ਦੀ ਮਦਦ ਲਈ ਅੱਗੇ ਆਈ ਯੁਨਾਈਟਡ ਸਿੱਖਜ਼ ਸੰਸਥਾ, ਮੁਫ਼ਤ ਦਿੱਤੀ ਜਾ ਰਹੀ ਆਕਸੀਜਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਦੌਰਾਨ ਆਕਸੀਜਨ ਦੀ ਕਮੀ ਕਾਰਨ ਲੋਕ ਪ੍ਰੇਸ਼ਾਨ ਨਜ਼ਰ ਆ ਰਹੇ ਹਨ

Free oxygen provided by United Sikhs in delhi

ਲੁਧਿਆਣਾ (ਰਾਜਵਿੰਦਰ ਸਿੰਘ): ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਦੌਰਾਨ ਆਕਸੀਜਨ ਦੀ ਕਮੀ ਕਾਰਨ ਲੋਕ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਅਤੇ ਆਕਸੀਜਨ ਦੀ ਕਮੀ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਰਹੀ ਹੈ। ਇਸ ਮੁਸ਼ਕਿਲ ਸਮੇਂ ਵਿਚ ਸਮਾਜ ਸੇਵੀ ਸੰਸਥਾ ਯੁਨਾਈਟਡ ਸਿੱਖਜ਼ ਵਲੋਂ ਪਹਿਲਕਦਮੀ ਕੀਤੀ ਗਈ ਹੈ। ਸੰਸਥਾ ਵੱਲੋਂ ਵੱਖ-ਵੱਖ ਥਾਵਾਂ ਤੋਂ ਆਕਸੀਜਨ ਸਿਲੰਡਰ ਇਕੱਠੇ ਕਰਕੇ ਦਿੱਲੀ ਵਿਚ ਲੋਕਾਂ ਨੂੰ ਮੁਫ਼ਤ ਆਕਸੀਜਨ ਦਿੱਤੀ ਜਾ ਰਹੀ ਹੈ।

ਦਿੱਲੀ ਤੋਂ ਆਏ ਯੁਨਾਈਟਡ ਸਿੱਖਜ਼ ਦੇ ਡਾਇਰੈਕਟਰ ਜਸਮੀਤ ਸਿੰਘ ਨੇ ਕਿਹਾ ਕਿ ਦਿੱਲੀ ਵਿੱਚ ਆਕਸੀਜਨ ਦੀ ਬਹੁਤ ਜ਼ਿਆਦਾ ਕਿੱਲਤ ਹੋਣ ਕਾਰਨ ਖਾਲੀ ਸਿਲੰਡਰ ਵੀ ਨਹੀਂ ਮਿਲਦਾ ਹੈ ਜਿਸ ਕਾਰਨ ਉਹਨਾਂ ਨੇ ਟੀਮ ਨੂੰ ਪੰਜਾਬ ਵਿਚੋਂ ਸਿਲੰਡਰਾਂ ਦਾ ਬੰਦੋਬਸਤ ਕਰਨ ਲਈ ਕਿਹਾ ਹੈ। ਉਹਨਾਂ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਵੀ ਪੰਜਾਬ ਦੀ ਟੀਮ ਦੇ ਸਹਿਯੋਗ ਨਾਲ ਆਕਸੀਜਨ ਸਿਲੰਡਰ ਲੈ ਕੇ ਦਿੱਲੀ ਗਏ ਸਨ ਅਤੇ ਹੋਰ ਲੋੜ ਪੈਣ ’ਤੇ ਉਹ ਫਿਰ ਪੰਜਾਬ ਆਏ। ਲੁਧਿਆਣੇ ਵਿਚ ਇਕ ਫੈਕਟਰੀ ਮਾਲਕ ਨੇ ਉਹਨਾਂ ਨੂੰ ਮੁਫ਼ਤ ਵਿਚ ਖਾਲੀ ਸਿਲੰਡਰ ਦਿੱਤੇ।  

ਯੁਨਾਈਟਡ ਸਿੱਖਜ਼ ਦੇ ਡਾਇਰੈਕਟਰ ਵੱਲੋਂ ਫੈਕਟਰੀ ਮਾਲਕ ਦਾ ਧੰਨਵਾਦ ਕੀਤਾ ਗਿਆ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਦਿੱਲੀ ਵਿਚ ਇੱਕ ਡਰਾਈਵ ਚਲਾਈ ਜਾ ਰਹੀ ਹੈ ਜਿਸ ਵਿਚ ਕੋਈ ਵੀ ਵਿਅਕਤੀ ਉਹਨਾਂ ਵੱਲੋਂ ਕੀਤੀ ਜਾ ਰਹੀ ਮੁਫ਼ਤ ਸੇਵਾ ਦਾ ਲਾਭ ਲੈ ਸਕਦਾ ਹੈ। ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕੀ ਇਸ ਮਹਾਂਮਾਰੀ ਦੇ ਸਮੇਂ ਜੇਕਰ ਕੋਈ ਲੋੜਵੰਦਾਂ ਦੀ ਮਦਦ ਕਰ ਸਕਦਾ ਹੈ ਤਾਂ ਉਹ ਅੱਗੇ ਆਵੇ।

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸੰਸਥਾ ਵੱਲੋਂ ਵਿਦੇਸ਼ ਤੋਂ ਕੌਂਸਨਟ੍ਰੈਟੋਰਸ ਮੰਗਵਾਏ ਗਏ ਹਨ ਜੋ ਜਲਦ ਹੀ ਭਾਰਤ ਪਹੁੰਚਣਗੇ। ਪੰਜਾਬ ਦੀ ਟੀਮ ਦੇ ਮੈਂਬਰਾਂ ਨੇ ਵੀ ਕਿਹਾ ਕੇ ਉਹਨਾਂ ਨੂੰ ਪਰਮਾਤਮਾ ਨੇ ਜਿਹੜੀ ਸੇਵਾ ਬਖ਼ਸ਼ੀ ਹੈ, ਉਹ ਤਨ ਮਨ ਧੰਨ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਜੇਕਰ ਪੰਜਾਬ ਵਿਚ ਕਿਸੇ ਤਰ੍ਹਾਂ ਦੀ ਵੀ ਸੇਵਾ ਦੀ ਜ਼ਰੂਰਤ ਹੈ ਤਾਂ ਉਹਨਾਂ ਦੀ ਟੀਮ ਆਪਣੀ ਸਮਰੱਥਾ ਤੋਂ ਵੱਧ ਕੇ ਸੇਵਾ ਕਰੇਗੀ।