ਸ਼ਾਹਕੋਟ ਜ਼ਿਮਨੀ ਚੋਣ: 76.60 ਫ਼ੀ ਸਦੀ ਪਈਆਂ ਵੋਟਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਅਸੈਂਬਲੀ ਹਲਕੇ ਦੇ ਜ਼ਿਮਨੀ ਚੋਣ ਲਈ ਜੋਸ਼ੋ-ਖਰੋਸ਼ ਨਾਲ ਪਈਆਂ ਵੋਟਾਂ ਤੋਂ ਚੋਣ ਅਧਿਕਾਰੀਆਂ ਨੇ ਅੰਦਾਜ਼ਾ ਲਗਾਇਆ ਹੈ ਕਿ 76.60 ਫ਼ੀ ...

Old Lady going for Voting

ਚੰਡੀਗੜ੍ਹ,ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਅਸੈਂਬਲੀ ਹਲਕੇ ਦੇ ਜ਼ਿਮਨੀ ਚੋਣ ਲਈ ਜੋਸ਼ੋ-ਖਰੋਸ਼ ਨਾਲ ਪਈਆਂ ਵੋਟਾਂ ਤੋਂ ਚੋਣ ਅਧਿਕਾਰੀਆਂ ਨੇ ਅੰਦਾਜ਼ਾ ਲਗਾਇਆ ਹੈ ਕਿ 76.60 ਫ਼ੀ ਸਦੀ ਤੋਂ ਵੱਧ ਵੋਟ ਪੋਲਿੰਗ ਦਾ ਅੰਕੜਾ ਹੋ ਸਕਦਾ ਹੈ।ਕੁਲ 236 ਪੋਲਿੰਗ ਸਟੇਸ਼ਨਾਂ ਅਤੇ 1,72,676 ਵੋਟਾਂ ਵਾਲੇ ਇਸ ਹਲਕੇ 'ਚ ਸ਼ਾਮ 6 ਵਜੇ ਤਕ ਵੋਟਾਂ ਪਾਉਣ ਦਾ ਸਮਾਂ ਰਖਿਆ ਗਿਆ ਸੀ, ਪਰ 7 ਵਜੇ ਤਕ ਲਾਈਨਾਂ 'ਚ ਲੱਗੇ ਵੋਟਰਾਂ ਵਲੋਂ ਅਪਣੇ ਹੱਕ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ।

ਮੁੱਖ ਚੋਣ ਅਧਿਕਾਰੀ ਡਾ. ਕਰਨਾ ਰਾਜੂ ਨੇ ਪ੍ਰੈੱਸ ਕਾਨਫ਼ਰੰਸ 'ਚ ਦਸਿਆ ਕਿ ਬਾਅਦ ਦੁਪਹਿਰ 3 ਵਜੇ ਤਕ ਦੀ ਵੋਟ ਪੋਲਿੰਗ ਫ਼ੀ ਸਦੀ 57 ਸੀ, 5 ਵਜੇ 69 ਫ਼ੀ ਸਦੀ ਸੀ ਅਤੇ ਆਖਰੀ ਹਿਸਾਬ-ਕਿਤਾਬ 'ਚ ਇਹ ਫ਼ੀ ਸਦੀ 75 ਤੋਂ ਵੱਧ ਸਕਦੀ ਹੈ। ਡਾ. ਰਾਜੂ ਨੇ ਦਸਿਆ ਕਿ ਇਕ ਪੋਲਿੰਗ ਸਟੇਸ਼ਨ ਤੋਂ ਸ਼ਿਕਾਇਤ ਮਿਲੀ ਸੀ ਕਿ ਕਿਸੇ ਸਿਆਸੀ ਪਾਰਟੀ ਦਾ ਏਜੰਟ ਕੋਈ ਹਥਿਆਰ ਲੈ ਕੇ ਪੁਲਿੰਗ ਸਟੇਸ਼ਨ ਦੇ ਅੰਦਰ ਆ ਗਿਆ ਸੀ ਜਿਸ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।

ਜੇ ਦੋਸ਼ੀ ਪਾਇਆ ਗਿਆ ਤਾਂ ਸਜ਼ਾ ਹੋਵੇਗੀ। ਸ਼੍ਰੋਮਣੀ ਅਕਾਲੀ ਦੇ ਅਜੀਤ ਸਿੰਘ ਕੋਹਾੜ ਦੇ ਅਕਾਲ ਚਲਾਣੇ ਕਰ ਕੇ ਸ਼ਾਹਕੋਟ ਦੀ ਜ਼ਿਮਨੀ ਚੋਣ ਕਰਵਾਉਣੀ ਪਈ ਹੈ, ਜਿਸ 'ਚ ਕੁਲ 12 ਉਮੀਦਵਾਰ ਹਨ। ਅਕਾਲੀ ਦਲ ਵਲੋਂ ਨਾਇਬ ਸਿੰਘ ਕੋਹਾੜ, ਕਾਂਗਰਸ ਤੋਂ ਹਰਦੇਵ ਲਾਡੀ, 'ਆਪ' ਤੋਂ ਰਤਨ ਸਿੰਘ ਵਿਚਾਲੇ ਤਿਕੋਨਾ ਤੇ ਸਖ਼ਤ ਮੁਕਾਬਲਾ ਹੈ। ਸਾਰੇ 236 ਬੂਥਾਂ ਤੋਂ ਈ.ਵੀ.ਐਮ. ਮਸ਼ੀਨਾਂ ਭਾਰੀ ਸੁਰੱਖਿਆ ਹੇਠ ਜਲੰਧਰ ਦੇ ਸਟੋਰ ਰੂਪ 'ਚ ਦੇਰ ਰਾਤ ਪਹੁੰਚਾ ਦਿਤੀਆਂ ਗਈਆਂ ਹਨ। ਵੋਟਾਂ ਦੀ ਗਿਣਤੀ 31 ਮਈ ਸਵੇਰੇ 8 ਵਜੇ ਹੋਵੇਗੀ ਅਤੇ ਦੋ ਘੰਟੇ 'ਚ ਹੀ ਨਤੀਜਾ ਸਾਹਮਣੇ ਆ ਜਾਵੇਗਾ।