ਲੁਧਿਆਣਾ ’ਚ ਕਰੋੜਾਂ ਦੀ ਹੈਰੋਇਨ ਸਣੇ 2 ਔਰਤਾਂ ਸਮੇਤ 3 ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੈਰੋਇਨ ਤੋਂ ਇਲਾਵਾ ਦੋਸ਼ੀਆਂ ਕੋਲੋਂ 2 ਲੱਖ ਰੁਪਏ ਦੀ ਨਕਦੀ ਵੀ ਹੋਈ ਬਰਾਮਦ

Heroin recovered from Ludhiana

ਲੁਧਿਆਣਾ: ਲੁਧਿਆਣਾ ’ਚ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ਼.) ਵਲੋਂ ਭਾਰੀ ਮਾਤਰਾ ’ਚ ਹੈਰੋਇਨ ਬਰਾਮਦ ਕਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ, 10 ਕਰੋੜ ਦੀ ਹੈਰੋਇਨ ਸਣੇ 2 ਔਰਤਾਂ ਸਮੇਤ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸ.ਟੀ.ਐਫ਼. ਨੂੰ ਇਹ ਸਫ਼ਲਤਾ ਉਸ ਸਮੇਂ ਹਾਸਲ ਹੋਈ ਜਦੋਂ ਦੋਸ਼ੀ ਸਵਿੱਫਟ ਕਾਰ ’ਚ ਗਿੱਲ ਪੁਲ ਨੇੜਿਓਂ ਲੰਘ ਰਹੇ ਸਨ ਤਾਂ ਪੁਲਿਸ ਵਲੋਂ ਲਾਏ ਨਾਕੇ ’ਤੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਹੈਰੋਇਨ ਤੋਂ ਇਲਾਵਾ ਦੋਸ਼ੀਆਂ ਕੋਲੋਂ 2 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ। ਐਸ.ਟੀ.ਐਫ਼. ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਸ਼ਨਾਖ਼ਤ ਕੇਵਲ ਸਿੰਘ ਕ੍ਰਿਸ਼ਨ ਵਾਸੀ ਮੋਗਾ, ਪਾਇਲ ਵਾਸੀ ਲੁਧਿਆਣਾ ਤੇ ਪੂਨਮ ਰਾਣੀ ਵਾਸੀ ਲੁਧਿਆਣਾ ਦੇ ਤੌਰ ’ਤੇ ਹੋਈ ਹੈ, ਜਦਕਿ ਇਨ੍ਹਾਂ ਵਿਚੋਂ ਇਕ ਦੋਸ਼ੀ ਸੰਜੀਵ ਕੁਮਾਰ ਮੌਕੇ ’ਤੋਂ ਫ਼ਰਾਰ ਹੋ ਗਿਆ।

ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਜਦੋਂ ਸਵਿੱਫਟ ਕਾਰ ’ਚ ਗਿੱਲ ਪੁਲ ਨੇੜੇ ਜਾ ਰਹੇ ਸਨ ਤਾਂ ਪੁਲਿਸ ਵਲੋਂ ਲਾਏ ਨਾਕੇ ’ਤੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਤਿੰਨਾਂ ਦੋਸ਼ੀਆਂ ਕੋਲੋਂ 2 ਕਿੱਲੋ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਤੇ ਨਾਲ ਹੀ 2 ਲੱਖ ਰੁਪਏ ਡਰੱਗ ਮਨੀ ਵੀ ਬਰਾਮਦ ਹੋਈ। ਤਿੰਨਾਂ ਦੋਸ਼ੀਆਂ ਨੂੰ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਪੁੱਛਗਿੱਛ ਕਰਕੇ ਇਨ੍ਹਾਂ ਦੇ ਗਾਹਕਾਂ ਤੇ ਸਾਥੀਆਂ ਬਾਰੇ ਪਤਾ ਲਗਾਇਆ ਜਾਵੇਗਾ। ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।