ਪੰਜਾਬ ਵਿਚ ਪੋਸਟਲ ਵੋਟਾਂ ‘ਚ ਅਕਾਲੀ-ਭਾਜਪਾ ਨੇ ਕਾਂਗਰਸ ਨੂੰ ਪਛਾੜਿਆ

ਏਜੰਸੀ

ਖ਼ਬਰਾਂ, ਪੰਜਾਬ

ਭਾਵੇਂ ਪੰਜਾਬ ਵਿਚ ਈਵੀਐਮ ਰਾਹੀਂ ਪਈਆਂ ਵੋਟਾਂ ਨਾਲ ਕਾਂਗਰਸ ਨੂੰ ਵੱਡੀ ਸਫ਼ਲਤਾ ਮਿਲੀ ਹੈ...

Akali-Bjp and Congress

ਚੰਡੀਗੜ੍ਹ: ਭਾਵੇਂ ਪੰਜਾਬ ਵਿਚ ਈਵੀਐਮ ਰਾਹੀਂ ਪਈਆਂ ਵੋਟਾਂ ਨਾਲ ਕਾਂਗਰਸ ਨੂੰ ਵੱਡੀ ਸਫ਼ਲਤਾ ਮਿਲੀ ਹੈ ਪਰ ਸੂਬੇ ਨਾਲ ਸਬੰਧਤ ਫੌਜੀਆਂ ਅਤੇ ਮੁਲਾਜ਼ਮਾਂ ਦੀਆਂ ਬਹੁਤੀਆਂ ਵੋਟਾਂ ਅਕਾਲੀ-ਭਾਜਪਾ ਨੂੰ ਪਈਆਂ ਹਨ। ਇਸ ਦਾ ਖੁਲਾਸਾ ਪੋਸਟਲ ਵੋਟਾਂ ਦੀ ਗਿਣਤੀ ਦੇ ਆਂਕੜਿਆਂ ਤੋਂ ਹੋਇਆ ਹੈ। ਜ਼ਿਕਰਯੋਗ ਹੈ ਕਿ ਪੋਸਟਲ ਵੋਟਰਾਂ ‘ਚ ਰਾਜ ਨਾਲ ਸਬੰਧਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕੰਮ ਕਰਦੇ ਫ਼ੌਜੀਆਂ, ਬੀਐਸਐਫ਼ ਤੇ ਪੈਰਾਮਿਲਟਰੀ ਫੋਰਸ ਦੇ ਮੈਂਬਰਾਂ ਤੋਂ ਇਲਾਵਾ ਚੋਣ ਡਿਊਟੀ ਤੋਂ ਅਪਣੇ ਖੇਤਰ ਤੋਂ ਬਾਹਰ ਲੱਗੇ ਮੁਲਾਜ਼ਮ ਸ਼ਾਮਲ ਹਨ।

ਭਾਵੇਂ ਕਿ ਰਾਜ ਦੀਆਂ ਪੂਰੀਆਂ ਵੋਟਾਂ ਦੀ ਗਿਣਤੀ ਦੇ ਹਿਸਾਬ ਨਾਲ ਕਾਂਗਰਸ 8 ਸੀਟਾਂ ਜਿੱਤੀ ਹੈ ਪਰ ਇਸ ਦੇ ਉਲਟ ਪੋਸਟਲ ਵੋਟਾਂ ਦੀ ਗਿਣਤੀ ਦੇ ਆਂਕੜਿਆਂ ਅਨੁਸਾਰ 8 ਹਲਕਿਆਂ ਵਿਚ ਅਕਾਲੀ-ਭਾਜਪਾ ਦੇ ਉਮੀਦਵਾਰ ਨੂੰ ਜ਼ਿਆਦਾ ਵੋਟਾਂ ਪਈਆਂ ਹਨ। ਇਸ ਤੋਂ ਫ਼ੌਜ ਅਤੇ ਪੈਰਾਮਿਲਟਰੀ ਫੋਰਸ ਦੇ ਮੁਲਾਜ਼ਮਾਂ ਵਿਚ ਭਾਰੀ ਰਾਸ਼ਟਰਵਾਦ ਦਾ ਮੁੱਦਾ ਅਤੇ ਰਾਜ ਦੇ ਆਮ ਮੁਲਾਜ਼ਮਾਂ ਵਿਚ ਕੈਪਟਨ ਸਰਕਾਰ ਪ੍ਰਤੀ ਨਰਾਜ਼ਗੀ ਦਾ ਪਤਾ ਲੱਗਦਾ ਹੈ।

ਪੋਸਟਲ ਬੈਲੇਟ ਵੋਟਾਂ ਦੀ ਗਿਣਤੀ ਦੇ ਆਂਕੜਿਆਂ ਅਨੁਸਾਰ ਗੁਰਦਾਸਪੁਰ ਹਲਕੇ ‘ਚੋਂ ਜੇਤੂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੂੰ 7542 ਜਦਕਿ ਉਸ ਹੱਥੋਂ ਹਾਰਨ ਵਾਲੇ ਕਾਂਗਰਸ ਦੇ ਸੁਨੀਲ ਜਾਖੜ ਨੂੰ 2092 ਪੋਸਟਲ ਵੋਟਾਂ ਮਿਲੀਆਂ। ਇਸ ਤਰ੍ਹਾਂ ਹੁਸ਼ਿਆਰਪੁਰ ਹਲਕੇ ‘ਚ ਭਾਜਪਾ ਦੇ ਸੋਮ ਪ੍ਰਕਾਸ਼ ਨੂੰ 4609, ਦੂਜੇ ਨੰਬਰ ‘ਤੇ ਰਹੇ ਡਾ. ਰਾਜਕੁਮਾਰ ਚੱਬੇਵਾਲ ਨੂੰ 3071, ਫਿਰੋਜ਼ਪੁਰ ਤੋਂ ਜੇਤੂ ਅਕਾਲੀ ਦਲ ਦੇ ਸੁਖਬੀਰ ਬਾਦਲ ਨੂੰ 2327 ਤੇ ਦੂਜੇ ਨੰਬਰ ‘ਤੇ ਰਹੇ ਘੁਬਾਇਆ ਨੂੰ 1633, ਬਠਿੰਡਾ ਤੋਂ ਜੇਤੂ ਹਰਸਿਮਰਤ ਬਾਦਲ ਨੂੰ 2013 ਅਤੇ ਦੂਜੇ ਨੰਬਰ ‘ਤੇ ਰਹੇ ਰਾਜਾ ਵਰਿੰਗ ਨੂੰ 164 ਪੋਸਟਲ ਵੋਟਾਂ ਮਿਲੀਆਂ।

ਅੰਮ੍ਰਿਤਸਰ ਤੋਂ ਜੇਤੂ ਰਹੇ ਕਾਂਗਰਸ ਦੇ ਗੁਰਜੀਤ ਔਜਲਾ ਨੂੰ 980 ਤੇ ਦੂਜੇ ਨੰਬਰ ‘ਤੇ ਰਹੇ ਹਰਦੀਪ ਸਿੰਘ ਪੁਰੀ ਨੂੰ 1357, ਖਡੂਰ ਸਾਹਿਬ ਤੋਂ ਕਾਂਗਰਸ ਦੇ ਜੇਤੂ ਰਹੇ ਜਸਵੀਰ ਸਿੰਘ ਡਿੰਪਾ ਨੂੰ 1720 ਤੇ ਦੂਜੇ ਨੰਬਰ ‘ਤੇ ਰਹੀ ਬੀਬੀ ਜਗੀਰ ਕੌਰ ਨੂੰ 1447, ਜਲੰਧਰ ਤੋਂ ਕਾਂਗਰਸ ਦੇ ਜੇਤੂ ਸੰਤੋਖ ਚੌਧਰੀ ਨੂੰ 263 ਤੇ ਦੂਜੇ ਨੰਬਰ ‘ਤੇ ਰਹੇ ਅਕਾਲੀ ਦਲ ਦੇ ਚਰਨਜੀਤ ਅਟਵਾਲ ਨੂੰ 287 ਪੋਸਟਲ ਵੋਟਾਂ ਮਿਲੀਆਂ।