ਸੁਖਬੀਰ ਨੇ SIT ਨੂੰ ਲਲਕਾਰਿਆ, “ਜੇ ਹਿੰਮਤ ਹੈ ਤਾਂ ਮੈਨੂੰ ਫੜ ਕੇ ਅੰਦਰ ਕਰਕੇ ਦਿਖਾਓ”

ਏਜੰਸੀ

ਖ਼ਬਰਾਂ, ਪੰਜਾਬ

ਕੋਟਕਪੁਰਾ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਚਲਾਨ ਪੇਸ਼ ਕੀਤੇ ਜਾਣ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ...

Sukhbir Badal

ਚੰਡੀਗੜ੍ਹ: ਕੋਟਕਪੁਰਾ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਚਲਾਨ ਪੇਸ਼ ਕੀਤੇ ਜਾਣ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਜੇਕਰ ਕੁੰਵਰ ਵਿਜੈ ਪ੍ਰਤਾਪ ‘ਚ ਹਿੰਮਤ ਹੈ ਤਾਂ ਉਹ ਉਨ੍ਹਾਂ ਨੂੰ ਫੜ ਕੇ ਅੰਦਰ ਕਰਕੇ ਦਿਖਾਉਣ। ਉਨ੍ਹਾਂ ਕਿਹਾ ਕਿ ਇਹ ਜਾਂਚ ਦੇ ਨਾਂ 'ਤੇ ਮਹਿਜ਼ ਡਰਾਮਾ ਹੋ ਰਿਹਾ ਹੈ। ਦਰਅਸਲ ਸੁਖਬੀਰ ਸਿੰਘ ਬਾਦਲੇ ਅੱਜ ਪੁਲਿਸ ਹਿਰਾਸਤ ਵਿੱਚ ਮਰੇ ਨੌਜਵਾਨ ਦੇ ਪਰਿਵਾਰ ਨੂੰ ਮਿਲਣ ਧਰਨੇ ਵਿੱਚ ਪੁਹੰਚੇ ਸਨ। ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਫ਼ਰੀਦਕੋਟ ਦੇ ਐਸਐਸਪੀ ਰਾਜ ਬਚਨ ਨਾਲ ਮੁਲਾਕਾਤ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ।

ਇਸ ਦੇ ਨਾਲ ਹੀ ਉਨ੍ਹਾਂ ਪਰਿਵਾਰ ਨੂੰ ਦਿਲਾਸਾ ਦਿੱਤਾ ਕਿ ਉਹ ਹਰ ਤਰ੍ਹਾਂ ਨਾਲ ਉਨ੍ਹਾਂ ਨਾਲ ਖੜੇ ਹਨ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਅਤੇ ਇਸ ਤੋਂ ਬਾਅਦ ਵਾਪਰੇ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੇ ਐਸਆਈਟੀ ਦੇ ਮੁੱਖੀ ਉਤੇ ਦੋਸ਼ ਲਗਾਇਆ ਕਿ ਉਹ ਕਾਂਗਰਸ ਦੇ ਹੱਥਾਂ ਵਿਚ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਹਿੰਮਤ ਹੈ ਤਾਂ ਆਈਜੀ ਕੁੰਵਰ ਵਿਜੈ ਪ੍ਰਤਾਪ ਉਨ੍ਹਾਂ ਨੂੰ ਗ੍ਰਿਫਤਾਰ ਕਰਨ।

ਉਨ੍ਹਾਂ ਕਿਹਾ ਕਿ ਐਸਆਈਟੀ ਮੁੱਖੀ ਸੱਤਾਧਾਰੀ ਕਾਂਗਰਸ ਲਈ ਖੇਡ ਰਹੇ ਹਨ। ਸੁਖਬੀਰ ਬਾਦਲ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਝੂਠਾ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 2015 ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਸ ਤੋਂ ਬਾਅਦ ਵਾਪਰੇ ਗੋਲੀ ਕਾਂਡ ਐਸਆਈਟੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਐਸਆਈਟੀ ਵੱਲੋਂ ਅਦਾਲਤ ਵਿਚ ਚਲਾਨ ਪੇਸ਼ ਕੀਤਾ ਗਿਆ ਹੈ। ਸੁਖਬੀਰ ਸਿੰਘ ਬਾਦਲ ਅੱਜ ਫਰੀਦਕੋਟ ਵਿਖੇ ਪੁਲਿਸ ਹਿਰਾਸਤ ਵਿਚ ਮਰੇ ਜਸਪਾਲ ਸਿੰਘ ਦੇ ਪਰਿਵਾਰ ਵੱਲੋਂ ਐਸਐਸਪੀ ਦਫ਼ਤਰ ਬਾਹਰ ਦਿੱਤੇ ਜਾ ਰਹੇ ਧਰਨਾ ਵਿਚ ਪਹੁੰਚੇ ਸਨ।

ਇਸ ਮੌਕੇ ਉਨ੍ਹਾਂ ਜਸਪਾਲ ਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਜਸਪਾਲ ਮਾਮਲੇ ਸਬੰਧੀ ਐਸਐਸਪੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ, ਜੋ ਸੱਚ ਹੈ ਉਹ ਸਾਹਮਣੇ ਆਵੇ। ਇੱਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੇਅਦਬੀਆਂ ਦੇ ਮਾਮਲੇ ਵਿੱਚ ਖੁਲਾਸਾ ਹੋਇਆ ਸੀ। ਸਿਰਸਾ ਦੇ ਡੇਰੇ ਚੋਂ ਬੇਅਦਬੀਆਂ ਦੇ ਨਿਰਦੇਸ਼ ਮਿਲੇ ਸਨ। ਇਸ ਮਾਮਲੇ ਦਾ ਖੁਲਾਸਾ ਵਿਸ਼ੇਸ਼ ਜਾਂਚ ਟੀਮ (SIT) ਨੇ ਕੀਤਾ ਸੀ। ਇਸ ਮਾਮਲੇ ਵਿੱਚ SIT ਨੇ ਕੋਰਟ ਵਿੱਚ ਚਲਾਨ ਪੇਸ਼ ਕੀਤਾ ਸੀ ਤੇ ਇਹ ਚਲਾਨ ਵੀ SIT ਮੁਖੀ ਆਰ.ਐੱਸ. ਖੱਟੜਾ ਨੇ  ਚਾਲਾਨ ਪੇਸ਼ ਕੀਤਾ ਸੀ। 

ਇਸ ਚਾਲਾਨ ਵਿੱਚ 5 ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਗਿਆ ਸੀ। ਦੋ ਵੱਖੋ ਵੱਖ ਮਾਮਲਿਆਂ 'ਚ ਚਾਲਾਨ ਪੇਸ਼ ਹੋਏ ਸਨ। ਮੋਗਾ ਦੇ ਪਿੰਡ ਮਲਕੇ ਤੇ ਬਠਿੰਡਾ ਦੇ ਗੁਰੂਸਰ ਵਿੱਚ ਬੇਅਦਬੀਆਂ ਹੋਈਆਂ ਸਨ। ਦੋਹਾਂ ਮਾਮਲਿਆਂ ਵਿੱਚ ਕੁਲ 11 ਲੋਕਾਂ ਵਿਰੁੱਧ ਚਾਲਾਨ ਪੇਸ਼ ਹੋਏ ਸੀ। ਮਲਕੇ ਮਾਮਲੇ ‘ਚ 5 ਤੇ ਗੁਰੂਸਰ ਮਾਮਲੇ ਵਿੱਚ 6 ਖਿਲਾਫ ਚਾਲਾਨ ਪੇਸ਼ ਹੋਏ ਸੀ।