ਘੁਬਾਇਆ ਨੇ ਸੁਖਬੀਰ ਨੂੰ ਦਸਿਆ 'ਈ.ਵੀ.ਐਮ-ਐਮ.ਪੀ.'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫ਼ਿਰੋਜ਼ਪੁਰ ਦੇ ਕਾਂਗਰਸੀ ਆਗੂਆਂ 'ਤੇ ਵੀ ਵਿੰਨਿਆ ਨਿਸ਼ਾਨਾ 

Sher Singh Ghubaya

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ ਹਾਰੇ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਜਿੱਤੇ ਅਕਾਲੀ ਦਲ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੂੰ 'ਈਵੀਐਮ- ਐਮਪੀ' ਦਸਿਆ ਹੈ ਅਤੇ ਫ਼ਿਰੋਜ਼ਪੁਰ ਦੇ ਕਾਂਗਰਸੀ ਆਗੂਆਂ 'ਤੇ ਅਪਣੀ ਹਾਰ ਲਈ ਨਿਸ਼ਾਨਾ ਸਾਧਿਆ ਹੈ। ਅੱਜ ਉਚੇਚੇ ਤੌਰ 'ਤੇ 'ਰੋਜ਼ਾਨਾ ਸਪੋਕਸਮੈਨ' ਦੇ ਦਫ਼ਤਰ ਪੁੱਜੇ ਘੁਬਾਇਆ ਨੇ 'ਸਪੋਕਸਮੈਨ ਟੀਵੀ' ਨਾਲ ਗੱਲਬਾਤ ਕੀਤੀ ਜਿਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਇਕੱਲੇ ਫ਼ਿਰੋਜ਼ਪੁਰ ਨਹੀਂ ਬਲਕਿ ਦੇਸ਼ ਦੀਆਂ ਕਈ ਹੋਰ ਸੀਟਾਂ ਉਤੇ ਵੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ- ਈਵੀਐਮ ਦੇ ਨਤੀਜੇ ਵੋਟਰਾਂ ਤੇ ਹਲਕਿਆਂ ਦੇ ਜ਼ਮੀਨੀ ਰਾਜਸੀ ਰੁਝਾਨਾਂ ਤੋਂ ਉਲਟ ਨਿਕਲੇ ਹਨ।

ਉਨ੍ਹਾਂ ਦਾਅਵਾ ਕੀਤਾ ਕਿ ਫ਼ਿਰੋਜ਼ਪੁਰ 'ਚ ਵੋਟਾਂ ਦੀ ਗਿਣਤੀ ਦੌਰਾਨ ਬੜੇ ਦਿਲਚਸਪ ਤਰੀਕੇ ਨਾਲ ਅੱਠ ਗੇੜਾਂ ਉਨ੍ਹਾਂ ਦੀਆਂ ਅਤੇ ਅਕਾਲੀ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੀਆਂ ਵੋਟਾਂ ਦਾ ਫ਼ੀ ਸਦ ਇਕੋ ਜਿਹਾ ਕ੍ਰਮਵਾਰ 37% ਅਤੇ 54% ਰਿਹਾ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਦੋਹਾਂ ਪ੍ਰਮੁੱਖ ਉਮੀਦਵਾਰਾਂ ਦੀਆਂ ਵੋਟਾਂ ਵਿਚਲਾ ਫ਼ਰਕ ਅੱਠ ਗੇੜ 17% ਹੀ ਬਰਕਰਾਰ ਰਿਹਾ ਅਤੇ ਕੁੱਝ ਹੋਰ ਉਮੀਦਵਾਰਾਂ ਦੀਆਂ ਵੋਟਾਂ ਦਾ ਫ਼ੀ ਸਦ ਨੂੰ ਇਨ੍ਹਾਂ ਗੇੜਾਂ 'ਚ ਪਰਸਪਰ ਕਾਇਮ ਰਿਹਾ।

ਘੁਬਾਇਆ ਨੇ ਚੋਣ ਕਮਿਸ਼ਨ ਕੋਲੋਂ ਸਥਿਤੀ ਸਪੱਸ਼ਟ ਕਰਨ ਦੀ ਮੰਗ ਕਰਦੇ ਹੋਏ ਇਹ ਵੀ ਚੁਣੌਤੀ ਦਿਤੀ ਹੈ ਕਿ ਉਹ ਅਪਣੇ ਵਲੋਂ ਹਲਕੇ ਦੇ ਦਸ ਪਿੰਡ ਦਸਦੇ ਹਨ ਅਤੇ ਸੁਖਬੀਰ ਵੀ ਅਪਣੀ ਮਰਜ਼ੀ ਦੇ ਦਸ ਪਿੰਡ ਦੇ ਦੇਣ, ਜਿਥੇ ਮੁੜ ਬੈਲਟ ਪੇਪਰ ਉਤੇ ਵੋਟਾਂ ਪਵਾਈਆਂ ਜਾਣ ਤਾਂ ਈਵੀਐਮ ਦੀ ਕਾਰਗੁਜ਼ਾਰੀ ਬਾਰੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਇਸ ਦੇ ਨਾਲ ਹੀ ਘੁਬਾਇਆ ਨੇ ਸਥਾਨਕ ਕਾਂਗਰਸ ਆਗੂਆਂ ਖ਼ਾਸ ਕਰ ਕੇ ਇਕ ਮੰਤਰੀ ਨੂੰ ਅਪਣੀ ਹਾਰ ਦਾ ਜ਼ਿੰਮੇਵਾਰ ਠਹਿਰਾਇਆ ਹੈ। ਘੁਬਾਇਆ ਨੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਮਾਮਲੇ ਵਿਚ ਚਿੱਠੀ ਵੀ ਲਿਖੀ ਹੈ ਤੇ ਚਿੱਠੀ ਲਿਖਣ ਤੋਂ ਬਾਅਦ ਹਾਈ ਕਮਾਨ ਨੂੰ ਮਿਲਣ ਲਈ ਦਿੱਲੀ ਰਵਾਨਾ ਵੀ ਹੋ ਗਏ।

ਭਾਜਪਾ ਪੰਜਾਬ 'ਚ ਬਾਦਲਾਂ ਬਗ਼ੈਰ ਲੜ ਸਕਦੀ ਹੈ ਅਗਲੀਆਂ ਚੋਣਾਂ :
ਪੁਰਾਣੇ ਅਕਾਲੀ ਅਤੇ ਸਾਬਕਾ ਐਮਪੀ ਸ਼ੇਰ ਸਿੰਘ ਘੁਬਾਇਆ ਨੇ ਦਾਅਵਾ ਕੀਤਾ ਹੈ ਕਿ ਦੇਸ਼ 'ਚ ਹੋਈ ਵੱਡੀ ਜਿੱਤ ਮਗਰੋਂ ਭਾਜਪਾ ਨੂੰ ਪੰਜਾਬ 'ਚ ਅਗਲੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਲੜ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਅਕਾਲੀਆਂ ਨੇ ਦਸ ਸੀਟਾਂ ਤੋਂ ਉਮੀਦਵਾਰ ਖੜੇ ਜ਼ਰੂਰ ਕੀਤੇ ਪਰ ਲੜੀਆਂ ਸਿਰਫ਼ ਬਾਦਲਾਂ ਦੀ ਉਮੀਦਵਾਰੀ ਵਾਲੀਆ ਬਠਿੰਡਾ ਤੇ ਫ਼ਿਰੋਜ਼ਪੁਰ ਹੀ। ਜਿਸ ਨੇ ਇਕ ਵਾਰ ਫ਼ਿਰ ਸਾਬਤ ਕਰ ਦਿਤਾ ਹੈ ਕਿ ਪੰਜਾਬ 'ਚ ਅਕਾਲੀ ਦਲ ਮਹਿਜ਼ ਬਾਦਲਾਂ ਉਤੇ ਹੀ ਕੇਂਦਰਤ ਹੋ ਚੁੱਕਾ ਹੈ, ਜਿਸ ਦਾ ਨੁਕਸਾਨ ਭਾਜਪਾ ਨੂੰ ਗਠਜੋੜ 'ਚ ਬਣੇ ਰਹਿਣ ਨਾਲ ਹੁੰਦਾ ਹੈ।