ਪਾਕਿਸਤਾਨ 'ਚ ਸਿੱਖ ਲੜਕੀ ਨੂੰ ਜ਼ਬਰੀ ਮੁਸਲਮਾਨ ਬਣਾਏ ਜਾਣ 'ਤੇ ਭੜਕੇ ਕੈਪਟਨ ਅਮਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਟਨਾ ਦੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਲਈ ਕਿਹਾ

Captain Amarinder Singh asks Pakistan PM Imran Khan to take strong action over forced conversion of Sikh girl in Pakistan

ਚੰਡੀਗੜ੍ਹ : ਪਾਕਿਸਤਾਨ ਦੇ ਨਨਕਾਣਾ ਸਾਹਿਬ 'ਚ ਇਕ ਸਿੱਖ ਲੜਕੀ ਨੂੰ ਅਗ਼ਵਾ ਕਰ ਕੇ ਜ਼ਬਰੀ ਇਸਲਾਮ ਧਰਮ ਕਬੂਲ ਕਰਵਾਉਣ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਇਸ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਗੱਲਬਾਤ ਕੀਤੀ ਹੈ। ਕੈਪਟਨ ਨੇ ਉਨ੍ਹਾਂ ਨੂੰ ਇਸ ਘਟਨਾ ਦੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਇਸ ਮਾਮਲੇ ਨੂੰ ਪਾਕਿਸਤਾਨੀ ਵਿਦੇਸ਼ ਮੰਤਰੀ ਅੱਗੇ ਸਖ਼ਤੀ ਨਾਲ ਚੁੱਕਣ ਦੀ ਵੀ ਅਪੀਲ ਕੀਤੀ ਹੈ।

ਇਸ ਮਾਮਲੇ 'ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ 'ਚ ਘੱਟਗਿਣਤੀਆਂ ਨਾਲ ਅਜਿਹੀ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਪਾਕਿਸਤਾਨ ਸਰਕਾਰ ਦੀ ਕੁਝ ਜ਼ਿੰਮੇਵਾਰੀ ਬਣਦੀ ਹੈ। ਪਾਕਿਸਤਾਨ ਦੂਜਿਆਂ 'ਤੇ ਸਵਾਲ ਚੁੱਕਣ ਤੋਂ ਪਹਿਲਾਂ ਆਪਣੇ ਘਰ ਨੂੰ ਵੇਖੇ, ਜਿਸ 'ਚ ਅੱਗ ਲੱਗੀ ਹੋਈ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਚ ਗੁਰਦੁਆਰਾ ਤੰਬੀ ਸਾਹਿਬ ਦੇ ਇਕ ਗ੍ਰੰਥੀ ਦੀ ਲੜਕੀ ਜਗਜੀਤ ਕੌਰ ਪਿਛਲੇ 3 ਦਿਨ ਤੋਂ ਲਾਪਤਾ ਸੀ। ਬੀਤੇ ਵੀਰਵਾਰ ਨੂੰ ਲੜਕੀ ਦੇ ਇਕ ਮੁਸਲਿਮ ਲੜਕੇ ਨਾਲ ਵਿਆਹ ਕਰਨ ਅਤੇ ਇਸਲਾਮ ਧਰਮ ਅਪਨਾਉਣ ਦੀ ਵੀਡੀਓ ਸਾਹਮਣੇ ਆਈ ਸੀ। ਵੀਡੀਓ 'ਚ ਇਕ ਮੌਲਵੀ ਜਗਜੀਤ ਕੌਰ ਨੂੰ ਆਇਸ਼ਾ ਕਹਿ ਕੇ ਬੁਲਾ ਰਿਹਾ ਹੈ। ਮੌਲਵੀ ਨੂੰ ਇਹ ਕਹਿੰਦੇ ਵੀ ਸੁਣਿਆ ਗਿਆ ਹੈ ਕਿ ਲੜਕੀ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰ ਰਹੀ ਹੈ ਅਤੇ ਇਸ ਲੜਕੇ ਨਾਲ ਨਿਕਾਹ ਕਰ ਰਹੀ ਹੈ। ਵੀਡੀਓ 'ਚ ਲੜਕੀ ਡਰੀ-ਸਹਿਮੀ ਨਜ਼ਰ ਆ ਰਹੀ ਹੈ।