ਪਾਕਿ ਸਿੱਖ ਲੜਕੀ ਦੇ ਧਰਮ ਪਰਿਵਰਤਨ ਮਾਮਲੇ 'ਚ ਹਰਸਿਮਰਤ ਨੇ ਸਿੱਧੂ ਨੂੰ ਘੇਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਮਾਮਲੇ ਦੇ ਹੱਲ ਲਈ ਇਮਰਾਨ ਖ਼ਾਨ ਦਾ ਦੋਸਤ ਕਰੇ ਗੱਲਬਾਤ'

Sikh girl's forced conversion in Lahore : Harsimrat Kaur Badal demanded strict action

ਨਵੀਂ ਦਿੱਲੀ : ਪਾਕਿਸਤਾਨ 'ਚ ਇਕ ਸਿੱਖ ਗ੍ਰੰਥੀ ਦੀ ਧੀ ਨੂੰ ਅਗ਼ਵਾ ਕਰਨ ਤੋਂ ਬਾਅਦ ਉਸ ਦਾ ਜ਼ਬਰੀ ਧਰਮ ਪਰਿਵਰਤਨ ਕਰਵਾ ਕੇ ਉਸ ਨੂੰ ਮੁਸਲਿਮ ਬਣਾ ਲੈਣ ਅਤੇ ਇਕ ਮੁਸਲਿਮ ਵਿਅਕਤੀ ਤੋਂ ਉਸ ਦਾ ਵਿਆਹ ਕਰਵਾ ਦੇਣ ਦੀਆਂ ਖ਼ਬਰਾਂ 'ਤੇ ਚਿੰਤਾ ਪ੍ਰਗਟਾਉਂਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਨੂੰ ਸ਼ਰਮਨਾਕ ਦੱਸਿਆ ਹੈ। ਨਾਲ ਹੀ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦਾ ਨਾਂ ਲਏ ਬਗੈਰ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਕੇਂਦਰੀ ਮੰਤਰੀ ਹਰਮਿਸਰਤ ਕੌਰ ਨੇ ਪਾਕਿਸਤਾਨ 'ਚ ਇਕ ਗੁਰਦੁਆਰੇ ਦੇ ਗ੍ਰੰਥੀ ਦੀ ਧੀ ਨੂੰ ਅਗ਼ਵਾ ਕੀਤੇ ਜਾਣ, ਬੰਦੂਕ ਦੇ ਜ਼ੋਰ 'ਤੇ ਉਸ ਦਾ ਧਰਮ ਪਰਿਵਰਤਨ ਕਰਵਾਉਣ ਅਤੇ ਉਸ ਦਾ ਨਿਕਾਹ ਇਕ ਮੁਸਲਿਮ ਵਿਅਕਤੀ ਨਾਲ ਕਰਵਾਉਣ ਦੀ ਸਮਾਚਾਰ ਏਜੰਸੀਆਂ ਰਾਹੀਂ ਮਿਲੀਆਂ ਖ਼ਬਰਾਂ 'ਤੇ ਕਿਹਾ ਕਿ ਇਹ ਸ਼ਰਮਨਾਕ ਹਰਕਤ ਹੈ।

ਹਰਸਿਮਰਤ ਨੇ ਕਿਹਾ, "ਇਮਰਾਨ ਖ਼ਾਨ ਦੇ ਜਿਹੜੇ ਦੋਸਤ ਹੋਰ ਪਾਰਟੀਆਂ 'ਚ ਹਨ, ਉਨ੍ਹਾਂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਇਸ ਮੁੱਦੇ 'ਤੇ ਗੱਲਬਾਤ ਕਰ ਕੇ ਅਜਿਹੀਆਂ ਘਟਨਾਵਾਂ ਨੂੰ ਰੋਕਣਾ ਚਾਹੀਦਾ ਹੈ।" ਉਧਰ ਲਾਹੌਰ ਦੇ ਨਨਕਾਣਾ ਸਾਹਿਬ ਇਲਾਕੇ 'ਚ ਜ਼ਬਰੀ ਸਿੱਖ ਲੜਕੀ ਦੇ ਧਰਮ ਪਰਿਵਰਤਨ ਅਤੇ ਨਿਕਾਹ ਦੇ ਮਾਮਲੇ 'ਚ ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਉਸਮਬਾਦ ਬੁਜਦਾਰ ਨੇ ਜਾਂਚ ਦੇ ਆਦੇਸ਼ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਚ ਗੁਰਦੁਆਰਾ ਤੰਬੀ ਸਾਹਿਬ ਦੇ ਇਕ ਗ੍ਰੰਥੀ ਦੀ ਲੜਕੀ ਜਗਜੀਤ ਕੌਰ ਪਿਛਲੇ 3 ਦਿਨ ਤੋਂ ਲਾਪਤਾ ਸੀ। ਬੀਤੇ ਵੀਰਵਾਰ ਨੂੰ ਲੜਕੀ ਦੇ ਇਕ ਮੁਸਲਿਮ ਲੜਕੇ ਨਾਲ ਵਿਆਹ ਕਰਨ ਅਤੇ ਇਸਲਾਮ ਧਰਮ ਅਪਨਾਉਣ ਦੀ ਵੀਡੀਓ ਸਾਹਮਣੇ ਆਈ ਸੀ। ਵੀਡੀਓ 'ਚ ਇਕ ਮੌਲਵੀ ਜਗਜੀਤ ਕੌਰ ਨੂੰ ਆਇਸ਼ਾ ਕਹਿ ਕੇ ਬੁਲਾ ਰਿਹਾ ਹੈ। ਮੌਲਵੀ ਨੂੰ ਇਹ ਕਹਿੰਦੇ ਵੀ ਸੁਣਿਆ ਗਿਆ ਹੈ ਕਿ ਲੜਕੀ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰ ਰਹੀ ਹੈ ਅਤੇ ਇਸ ਲੜਕੇ ਨਾਲ ਨਿਕਾਹ ਕਰ ਰਹੀ ਹੈ। ਵੀਡੀਓ 'ਚ ਲੜਕੀ ਡਰੀ-ਸਹਿਮੀ ਨਜ਼ਰ ਆ ਰਹੀ ਹੈ।