ਪਾਕਿ ਸਿੱਖ ਲੜਕੀ ਦੇ ਹੱਕ 'ਚ ਨਿੱਤਰੇ ਹਰਭਜਨ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

'ਰੱਬ ਨੂੰ ਫ਼ੈਸਲਾ ਲੈਣ ਦਿਓ ਕਿ ਸਾਨੂੰ ਕਿਹੜੇ ਧਰਮ 'ਚ ਪੈਦਾ ਕਰਨਾ ਹੈ'

Sikh Girl Forced Conversion In Pak: Harbhajan Singh Demands Action

ਨਵੀਂ ਦਿੱਲੀ : ਪਾਕਿਸਤਾਨ 'ਚ ਸਿੱਖ ਲੜਕੀ ਨੂੰ ਅਗ਼ਵਾ ਕਰ ਕੇ ਉਸ ਨੂੰ ਜ਼ਬਰੀ ਧਰਮ ਪਰਿਵਰਤਨ ਲਈ ਮਜਬੂਰ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ 'ਚ ਦੇਸ਼ ਹੀ ਨਹੀਂ ਦੁਨੀਆਂ ਭਰ ਦੇ ਲੋਕਾਂ 'ਚ ਗੁੱਸਾ ਵੇਖਿਆ ਜਾ ਰਿਹਾ ਹੈ। ਦੁਨੀਆਂ ਭਰ ਤੋਂ ਲੋਕ ਇਸ ਘਟਨਾ ਦਾ ਵਿਰੋਧ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜਿਹੇ ਕਈ ਆਗੂਆਂ ਨੇ ਇਸ ਘਟਨਾ 'ਤੇ ਵਿਰੋਧ ਪ੍ਰਗਟਾਉਂਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।

ਕ੍ਰਿਕਟਰ ਹਰਭਜਨ ਸਿੰਘ ਨੇ ਵੀ ਇਸ ਘਟਨਾ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਆਪਣੇ ਆਫ਼ੀਸ਼ਿਅਲ ਅਕਾਊਂਟ ਤੋਂ ਕੈਪਟਨ ਅਮਰਿੰਦਰ ਸਿੰਘ ਦਾ ਟਵੀਟ ਰੀਟਵੀਟ ਕਰਦਿਆਂ ਲਿਖਿਆ, "ਇਸ ਨੂੰ ਇਥੇ ਰੋਕਣ ਦੀ ਲੋੜ ਹੈ। ਹਰ ਧਰਮ ਖੂਬਸੂਰਤ ਹੈ। ਕਿਸੇ ਵਿਅਕਤੀ ਨੂੰ ਧਰਮ ਪਰਿਵਰਤਨ ਲਈ ਮਜਬੂਰ ਨਾ ਕਰੋ। ਰੱਬ ਇਕ ਹੈ। ਸਿਰਫ਼ ਰੱਬ ਨੂੰ ਫ਼ੈਸਲਾ ਲੈਣ ਦਿਓ ਕਿ ਸਾਨੂੰ ਕਿਹੜੇ ਧਰਮ 'ਚ ਪੈਦਾ ਕਰਨਾ ਹੈ। ਖੁਦ ਰੱਬ ਬਣਨ ਦੀ ਕੋਸ਼ਿਸ਼ ਨਾ ਕਰੋ। ਇਸ ਮਾਮਲੇ 'ਚ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।"

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਚ ਗੁਰਦੁਆਰਾ ਤੰਬੀ ਸਾਹਿਬ ਦੇ ਇਕ ਗ੍ਰੰਥੀ ਦੀ ਲੜਕੀ ਜਗਜੀਤ ਕੌਰ ਪਿਛਲੇ 3 ਦਿਨ ਤੋਂ ਲਾਪਤਾ ਸੀ। ਬੀਤੇ ਵੀਰਵਾਰ ਨੂੰ ਲੜਕੀ ਦੇ ਇਕ ਮੁਸਲਿਮ ਲੜਕੇ ਨਾਲ ਵਿਆਹ ਕਰਨ ਅਤੇ ਇਸਲਾਮ ਧਰਮ ਅਪਨਾਉਣ ਦੀ ਵੀਡੀਓ ਸਾਹਮਣੇ ਆਈ ਸੀ। ਵੀਡੀਓ 'ਚ ਇਕ ਮੌਲਵੀ ਜਗਜੀਤ ਕੌਰ ਨੂੰ ਆਇਸ਼ਾ ਕਹਿ ਕੇ ਬੁਲਾ ਰਿਹਾ ਹੈ। ਮੌਲਵੀ ਨੂੰ ਇਹ ਕਹਿੰਦੇ ਵੀ ਸੁਣਿਆ ਗਿਆ ਹੈ ਕਿ ਲੜਕੀ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰ ਰਹੀ ਹੈ ਅਤੇ ਇਸ ਲੜਕੇ ਨਾਲ ਨਿਕਾਹ ਕਰ ਰਹੀ ਹੈ। ਵੀਡੀਓ 'ਚ ਲੜਕੀ ਡਰੀ-ਸਹਿਮੀ ਨਜ਼ਰ ਆ ਰਹੀ ਹੈ।