ਪਟਵਾਰੀ ਭਰਤੀ ਪ੍ਰੀਖਿਆ ਰਾਹੀਂ SSS ਬੋਰਡ ਨੇ ਕਮਾਏ ਕਰੀਬ 30 ਕਰੋੜ ਰੁਪਏ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਮ ਤੇ ਓਵਰਲੋਡ ਬਸਾਂ ਕਾਰਨ ਕਰੀਬ ਇਕ ਲੱਖ ਬੱਚੇ ਇਮਤਿਹਾਨ ਦੇਣ ਤੋਂ ਰਹੇ ਵਾਂਝੇ

Punjab Patwari Recruitment

ਸੰਗਰੂਰ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਸਰਕਾਰ (Punjab Government) ਦੇ ਅਦਾਰੇ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਵਲੋਂ 8 ਅਗੱਸਤ 2021 ਵਾਲੇ ਦਿਨ ਪਟਵਾਰੀਆਂ ਦੀਆਂ 1152 ਅਸਾਮੀਆਂ ਦੀ ਭਰਤੀ ਕਰਨ ਲਈ ਇਕ ਲਿਖਤੀ ਇਮਤਿਹਾਨ ਸੂਬੇ ਦੇ ਵੱਖ-ਵੱਖ ਸ਼ਹਿਰਾਂ ਅਤੇ ਸਟੇਸ਼ਨਾਂ ’ਤੇ ਲਿਆ ਗਿਆ ਸੀ। 

ਇਸ ਲਿਖਤੀ ਇਮਤਿਹਾਨ ਲਈ ਪੰਜਾਬ ਦੇ ਤਕਰੀਬਨ ਸਵਾ ਤਿੰਨ ਲੱਖ ਲੜਕੇ ਲੜਕੀਆਂ ਨੇ ਜਨਰਲ ਵਰਗ ਵਾਸਤੇ ਬਣਦੀ ਤਕਰੀਬਨ ਇਕ ਹਜ਼ਾਰ ਰੁਪਏ ਪ੍ਰਤੀ ਵਿਅਕਤੀ ਫ਼ੀਸ ਵੀ ਭਰੀ ਸੀ ਪਰ ਬਦਕਸਿਮਤੀ ਨਾਲ ਉਸ ਦਿਨ ਲੋੜ ਨਾਲੋਂ ਜ਼ਿਆਦਾ ਭੀੜ ਕਾਰਨ ਸਮੇਂ ਸਿਰ ਇਮਤਿਹਾਨ ਕੇਂਦਰਾਂ ਵਿਚ ਨਾ ਪਹੁੰਚਣ ਕਾਰਨ, ਸੜਕਾਂ ’ਤੇ ਬੇਲੋੜਾ ਜਾਮ ਅਤੇ ਉਵਰਲੋਡ ਬਸਾਂ ਕਾਰਨ ਤਕਰੀਬਨ ਇਕ ਲੱਖ ਬੱਚਾ ਇਹ ਇਮਤਿਹਾਨ ਦੇਣ ਤੋਂ ਵਾਂਝਾ ਰਹਿ ਗਿਆ ਜਿਸ ਦੇ ਚਲਦਿਆਂ ਲਗਭਗ ਦੋ ਲੱਖ ਪੱਚੀ ਹਜ਼ਾਰ ਬੱਚੇ ਹੀ ਇਹ ਪੇਪਰ ਦੇ ਸਕੇ।

ਜਨਰਲ ਵਰਗ, ਐਸ.ਸੀ, ਬੀ.ਸੀ, ਅਪਾਹਜ, ਆਰਥਕ ਤੌਰ ’ਤੇ ਕਮਜ਼ੋਰ ਵਰਗ ਅਤੇ ਫ਼ੌਜੀ ਕੋਟੇ ਦੇ ਪ੍ਰਵਾਰਾਂ ਦੀਆਂ ਇਮਤਿਹਾਨ ਫ਼ੀਸਾਂ ਦੀਆ ਸਲੈਬਾਂ ਭਾਵੇਂ ਇਸ ਇਮਤਿਹਾਨ ਲਈ ਵੱਖ-ਵੱਖ ਸਨ ਪਰ ਇਕ ਮੋਟੇ ਜਿਹੇ ਅਨੁਮਾਨ ਮੁਤਾਬਕ ਸੂਬੇ ਦੇ ਅਦਾਰੇ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਕੋਲ ਫੀਸਾਂ ਦੇ ਰੂਪ ਵਿਚ ਤਕਰੀਬਨ 29-30 ਕਰੋੜ ਰੁਪਏ ਚਲੇ ਗਏ।

ਇਸ ਇਮਤਿਹਾਨ ਵਿਚ ਅਪੀਅਰ ਹੋਣ ਲਈ ਐਸ.ਸੀ., ਬੀ.ਸੀ. ਅਤੇ ਜਨਰਲ ਵਰਗ ਨਾਲ ਸਬੰਧਤ ਬੱਚੇ ਜਾਂ ਉਨ੍ਹਾਂ ਦੇ ਮਾਪੇ ਵੀ ਆਰਥਕ ਤੌਰ ’ਤੇ ਬਹੁਤੇ ਖ਼ੁਸ਼ਹਾਲ ਨਹੀਂ ਜਿਸ ਕਰ ਕੇ ਭਾਰੀ ਆਰਥਕ ਮੰਦੀ ਦੇ ਇਸ ਦੌਰ ਵਿਚ ਇਹ ਸਮਝਣਾ ਔਖਾ ਨਹੀਂ ਕਿ ਇਹ ਫ਼ੀਸ ਭਰਨ ਲਈ ਉਨ੍ਹਾਂ ਨੂੰ ਕੀ-ਕੀ ਕਸ਼ਟ ਝੱਲਣੇ ਪਏ ਹੋਣਗੇ।  ਸਾਡੀ ਸੂਬਾ ਸਰਕਾਰ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਪਛੜੇ ਵਰਗਾਂ ਅਤੇ ਕਿਸਾਨ ਪਰਵਾਰਾਂ ਦੇ ਗ਼ਰੀਬ ਬੱਚਿਆਂ ਦੇ ਆਰਥਕ ਅਤੇ ਸਮਾਜਕ ਹਾਲਾਤਾਂ ਨੂੰ ਬਾਖੂਬੀ ਜਾਣਦੇ ਹਨ ਅਤੇ ਉਹ ਇਹ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਸ ਇਮਤਿਹਾਨ ਲਈ ਫ਼ੀਸ ਬਹੁਤ ਜ਼ਿਆਦਾ ਸੀ ਜਦਕਿ ਇਹ ਕਦੀ ਵੀ 100 ਰੁਪਏ ਪ੍ਰਤੀ ਉਮੀਦਵਾਰ ਤੋਂ ਵਧਾਈ ਨਹੀਂ ਜਾਣੀ ਚਾਹੀਦੀ।

ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ  ਉਹ 3 ਸਤੰਬਰ 2021 ਨੂੰ ਪੰਜਾਬ ਵਿਧਾਨ ਸਭਾ ਦੇ ਸ਼ੁਰੂ ਹੋ ਰਹੇ ਸ਼ੈਸ਼ਨ ਦੌਰਾਨ ਬੱਚਿਆਂ ਦੀ ਫ਼ੀਸ ਵਾਪਸੀ ਦਾ ਮਤਾ ਪਾਸ ਕਰਵਾ ਦੇਣ ਕਿ ਜਿਹੜੇ ਬੱਚੇ ਪੇਪਰ ਨਹੀਂ ਦੇ ਸਕੇ ਅਤੇ ਜਿਹੜੇ ਬੱਚੇ ਇਸ ਪੇਪਰ ਵਿਚੋਂ ਪਾਸ ਵੀ ਨਹੀਂ ਹੋ ਸਕੇ, ਉਨ੍ਹਾਂ ਦੀ ਭਰੀ ਹੋਈ ਫ਼ੀਸ ਸਬੰਧਤ ਅਦਾਰੇ ਵਲੋਂ ਤੁਰਤ ਵਾਪਸ ਕੀਤੀ ਜਾਵੇ।