ਭਰਾਵਾਂ ਵਲੋਂ ਖੁਦ ਨੂੰ ਅੱਗ ਲਗਾਉਣ ਦੇ ਮਾਮਲੇ ’ਚ ਖੁਲਾਸਾ, 71 ਗਜ਼ ਸਰਕਾਰੀ ਜ਼ਮੀਨ 'ਤੇ ਕੀਤਾ ਸੀ ਕਬਜ਼ਾ
ਕਾਰਵਾਈ ਕਰਨ ਪਹੁੰਚੇ ਅਧਿਕਾਰੀਆਂ 'ਤੇ ਮਿੱਟੀ ਦਾ ਤੇਲ ਪਾਉਣ ਦੀ ਕੀਤੀ ਕੋਸ਼ਿਸ਼: ਏ.ਟੀ.ਪੀ.
ਲੁਧਿਆਣਾ: ਜ਼ਿਲ੍ਹੇ ਦੇ ਸੈਕਟਰ 32 ਨੇੜੇ ਕਬਜਾ ਹਟਾਉਣ ’ਤੇ ਦੋ ਭਰਾਵਾਂ ਵਲੋਂ ਖੁਦ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਸਹਾਇਕ ਟਾਊਨ ਪਲਾਨਰ (ਏ.ਟੀ.ਪੀ.) ਹਰਵਿੰਦਰ ਸਿੰਘ ਹਨੀ ਨੇ ਦਸਿਆ ਕਿ ਦੋਵੇਂ ਭਰਾਵਾਂ ਵੀਰੂ ਅਤੇ ਅਨਮੋਲ ਨੇ 71 ਗਜ਼ ਸਰਕਾਰੀ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਨੂੰ ਇਕ ਹਫ਼ਤਾ ਪਹਿਲਾਂ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਇਨ੍ਹਾਂ ਨੇ ਸਰਕਾਰੀ ਜਗ੍ਹਾ ਖਾਲੀ ਨਹੀਂ ਕੀਤੀ।
ਇਹ ਵੀ ਪੜ੍ਹੋ: 4 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ; ਕੰਮ ਵਾਲੀ ਥਾਂ ’ਤੇ ਵਾਪਰਿਆ ਹਾਦਸਾ
ਜਦੋਂ ਬਿਲਡਿੰਗ ਬ੍ਰਾਂਚ ਦੇ ਅਧਿਕਾਰੀ ਕਾਰਵਾਈ ਕਰਨ ਲਈ ਪਹੁੰਚੇ ਤਾਂ ਦੋਵਾਂ ਭਰਾਵਾਂ ਨੇ ਨਿਗਮ ਕਰਮਚਾਰੀਆਂ 'ਤੇ ਮਿੱਟੀ ਦਾ ਤੇਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਲਾਜ਼ਮ ਉਨ੍ਹਾਂ ਦੇ ਨਾਲ ਸਨ ਜਿਨ੍ਹਾਂ ਨੇ ਕਾਰਵਾਈ ਕਰਨ ਗਏ ਨਿਗਮ ਮੁਲਾਜ਼ਮਾਂ ਨੂੰ ਬਚਾਇਆ। ਇਸ ਦੌਰਾਨ ਦੋਹਾਂ ਨੇ ਗੁੱਸੇ 'ਚ ਆ ਕੇ ਖੁਦ ਨੂੰ ਅੱਗ ਲਗਾ ਲਈ। ਏ.ਟੀ.ਪੀ. ਨੇ ਦਸਿਆ ਕਿ ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸਰਕਾਰੀ ਕੰਮ ਵਿਚ ਵਿਘਨ ਪਾਉਣ ਵਾਲਿਆਂ ਵਿਰੁਧ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਲੁਧਿਆਣਾ ਵਿਚ ਮਹਿਲਾ ਨੂੰ ਟਰੱਕ ਨੇ ਕੁਚਲਿਆ; ਟਰੱਕ ਡਵਾਈਵਰ ਨੇ ਖੁਦ ਪਹੁੰਚਾਇਆ ਹਸਪਤਾਲ
ਇਸ ਘਟਨਾ ਮਗਰੋਂ ਉਥੇ ਹਲਚਲ ਮਚ ਗਈ। ਨਗਰ ਨਿਗਮ ਦੇ ਮੁਲਾਜ਼ਮਾਂ, ਪੁਲਿਸ ਅਤੇ ਇਲਾਕੇ ਦੇ ਲੋਕਾਂ ਨੇ ਕਿਸੇ ਤਰ੍ਹਾਂ ਅੱਗ ’ਤੇ ਕਾਬੂ ਪਾਇਆ ਅਤੇ ਦੋਵਾਂ ਨੂੰ ਤੁਰੰਤ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚਾਇਆ। ਇਥੋਂ ਦੋਵੇਂ ਭਰਾਵਾਂ ਨੂੰ ਸਿਵਲ ਹਸਪਤਾਲ ਤੋਂ ਡੀ.ਐਮ.ਸੀ. ਹਸਪਤਾਲ ਰੈਫਰ ਕਰ ਦਿਤਾ ਗਿਆ। ਹਸਪਤਾਲ ਦੇ ਡਾਕਟਰਾਂ ਅਨੁਸਾਰ ਵੀਰੂ ਸਿੰਘ ਅਤੇ ਅਨਮੋਲ ਕਰੀਬ 70 ਫ਼ੀ ਸਦੀ ਝੁਲਸ ਗਏ ਹਨ। ਦੂਜੇ ਪਾਸੇ ਜ਼ਖਮੀਆਂ ਦੇ ਰਿਸ਼ਤੇਦਾਰਾਂ ਮੁਤਾਬਕ ਇਲਾਕੇ ਦੇ ਕੁੱਝ ਲੋਕ ਜ਼ਮੀਨ ਦੇ ਬਦਲੇ ਪੈਸਿਆਂ ਦੀ ਮੰਗ ਕਰਦੇ ਸਨ। ਜਦੋਂ ਉਨ੍ਹਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿਤਾ ਤਾਂ ਉਨ੍ਹਾਂ ਨੇ ਨਗਰ ਨਿਗਮ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਕਾਰਵਾਈ ਕੀਤੀ।