ਮੰਦਰ ਦੀ ਗੋਲਕ ’ਚੋਂ ਮਿਲਿਆ ਧਮਕੀ ਭਰਿਆ ਪਾਕਿਸਤਾਨੀ ਨੋਟ, ਲਿਖਿਆ- 5 ਲੱਖ ਰੁਪਏ ਤਿਆਰ ਰੱਖੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਿਰੌਤੀ ਨਾ ਮਿਲਣ 'ਤੇ ਮੰਦਰ ਪੁਜਾਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

Pakistani Note

 

ਅੰਮ੍ਰਿਤਸਰ:  ਜ਼ਿਲ੍ਹੇ ਦੇ ਇਕ ਮੰਦਰ ਦੀ ਦਾਨਪੇਟੀ ਵਿਚ ਧਮਕੀ ਭਰਿਆ ਪਾਕਿਸਤਾਨੀ ਨੋਟ ਮਿਲਿਆ ਹੈ। ਇਸ ਉੱਤੇ ਲਿਖ ਕੇ ਮੰਦਰ ਦੇ ਪੁਜਾਰੀ ਕੋਲੋਂ ਪੰਜ ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਫਿਰੌਤੀ ਨਾ ਮਿਲਣ 'ਤੇ ਮੰਦਰ ਪੁਜਾਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਛੇਹਰਟਾ ਸਥਿਤ ਸ੍ਰੀ ਰਾਮਬਾਲਾ ਜੀ ਧਾਮ ਦੀ ਦਾਨਪੇਟੀ ਵਿਚੋਂ ਪਾਕਿਸਤਾਨ ਦੇ ਸੌ ਰੁਪਏ ਦੇ ਨੋਟ 'ਤੇ ਮੰਦਰ ਪ੍ਰਬੰਧਕ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਪੰਜ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਨੋਟ ਉੱਤੇ ਪੰਜਾਬੀ ਵਿਚ ਲਿਖਿਆ ਹੈ, “ਬਾਬਾ ਸ਼ਨੀਲ ਤੂੰ ਬੜੀ ਮਾਇਆ ਜੋੜੀ ਹੈ, ਸਾਨੂੰ ਪਤਾ ਹੈ। ਸਾਨੂੰ ਮਾਇਆ ਦੀ ਬੜੀ ਲੋੜ ਹੈ। ਤੇਰੇ ਘਰ ਤੋਂ ਲੈ ਕੇ ਤੇਰੇ ਮੰਦਰ ਤੱਕ ਕਿਸੇ ਨੇ ਤੈਨੂੰ ਬਚਾਉਣਾ ਨਹੀਂ। ਤੈਨੂੰ ਜਲਦੀ ਪਤਾ ਲੱਗ ਜਾਊਗਾ। ਪੰਜ ਲੱਖ ਮਾਇਆ ਤਿਆਰ ਰੱਖੋ”।

ਇਸ ਤੋਂ ਪਹਿਲਾਂ ਵੀ ਮੰਦਰ ਨੂੰ ਉਡਾਉਣ ਅਤੇ ਮੰਦਰ ਦੇ ਪੁਜਾਰੀ ਨੂੰ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਸ ਧਮਕੀ ਤੋਂ ਬਾਅਦ ਮੰਦਰ ਦੇ ਪੁਜਾਰੀ ਨੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਅਤੇ ਥਾਣਾ ਛੇਹਰਟਾ ਦੀ ਪੁਲਿਸ ਨੂੰ ਫ਼ੋਨ 'ਤੇ ਸੂਚਨਾ ਦਿੱਤੀ ਹੈ।