Punjab News: ਜੀਐਸਟੀ ਦਫ਼ਤਰ ਦੇ ਸੁਪਰਡੈਂਟ ਅਤੇ ਸੀਏ ਸਣੇ 6 ਲੋਕਾਂ ਵਿਰੁਧ ਕੇਸ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋ ਹੋਰ ਵਿਅਕਤੀਆਂ ਨੂੰ ਇਸ ਮਾਮਲੇ ’ਚ ਕੀਤਾ ਗ੍ਰਿਫ਼ਤਾਰ

Case registered against 6 people including Superintendent and CA of GST office

Punjab News: ਈਡੀ ਦੇ ਕੇਸ ਵਿਚ ਸੈਟਲਮੈਂਟ ਕਰਵਾਉਣ ਦੇ ਨਾਮ ’ਤੇ ਠੱਗੀ ਕਰਨ ਵਾਲੇ ਜੀਐਸਟੀ ਦਫ਼ਤਰ ਦੇ ਸੁਪਰਡੈਂਟ, ਇਕ ਕੰਪਨੀ ਦੇ ਸੀਏ ਅਤੇ ਅਮਰੀਕਾ ਦੀ ਕੰਪਨੀ ਦੇ ਮਾਲਕ ਸਣੇ 6 ਲੋਕਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਜਲੰਧਰ ਵਿਜੀਲੈਂਸ ਬਿਊਰੋ ਨੇ ਇਹ ਮਾਮਲਾ ਈਬੀਟੀਐਲ ਪ੍ਰਾ.ਲਿ. ਅਤੇ ਲੀਗਰੋ ਸਿਸਟਮ ਪ੍ਰਾ.ਲਿ. ਦੇ ਮਾਲਕ ਮੋਨੀਸ਼ ਸਲਹੋਤਰਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ।

ਵਿਜੀਲੈਂਸ ਨੂੰ ਦਿਤੇ ਬਿਆਨ ਵਿਚ ਮਾਡਲ ਹਾਊਸ ਨਿਵਾਸੀ ਮੋਨੀਸ਼ ਸਲਹੋਤਰਾ ਨੇ ਦਸਿਆ ਕਿ ਉਹ ਸਮਾਰਟ ਵਾਚ ਕੰਪਨੀ ਵਿਚ ਕੰਮ ਕਰਦਾ ਹੈ ਅਤੇ ਉਸ ਦੀਆਂ ਬਿਜਲੀ ਦੇ ਸਮਾਰਟ ਸਵਿਚ ਤਿਆਰ ਕਰਨ ਵਾਲੀ ਕੰਪਨੀ ਈਬੀਟੀਐਲ ਕੰਪਨੀ ਅਤੇ ਮਾਰਕੀਟਿੰਗ ਕਰਨ ਵਾਲੀ ਲੀਗਰੋ ਸਿਸਟਮ ਉਸ ਦੀਆਂ 2 ਕੰਪਨੀਆਂ ਹਨ ਜਿਸ ਰਾਜਬੀਰ ਸਿੰਘ ਡਾਇਰੈਕਟਰ, ਜਦਕਿ ਰਾਜਬੀਰ ਦੇ ਮਾਮੇ ਦਾ ਬੇਟਾ ਪਰਮਵੀਰ ਸਿੰਘ ਸੀਏ ਸੀ। ਮੋਨੀਸ਼ ਸਲਹੋਤਰਾ ਨੇ ਵਿਜੀਲੈਂਸ ਬਿਊਰੋ ਨੂੰ ਦਿਤੀ ਸ਼ਿਕਾਇਤ ਵਿਚ ਦਸਿਆ ਕਿ ਸਾਲ 2020 ਨੂੰ ਅਮਰੀਕਾ ’ਚ ਜੀ ਐਂਡ ਐਮ ਕੰਪਨੀ ਨਾਲ ਰਾਜਬੀਰ ਸਿੰਘ ਨੇ ਸਵਿਚ ਦਾ ਸੌਦਾ ਕਰਵਾਇਆ।

ਇਕਰਾਰਨਾਮੇ ਤਹਿਤ ਈਬੀਟੀਐਲ ਅਤੇ ਲੀਗਰੋ ਕੰਪਨੀ ਨੂੰ ਜੀ ਐਂਡ ਐਮ ਕੰਪਨੀ ਨੇ 25 ਹਜ਼ਾਰ ਅਮਰੀਕੀ ਡਾਲਰ ਦੇਣੇ ਸਨ, ਜਿਸ ਵਿਚੋਂ 12,500 ਡਾਲਰ ਉਨ੍ਹਾਂ ਦੀ ਕੰਪਨੀ ਦੇ ਖਾਤੇ ਵਿਚ ਪਾ ਦਿਤੇ ਗਏ। ਇਸੇ ਦੌਰਾਨ ਕੋਰੋਨਾ ਮਹਾਮਾਰੀ ਸ਼ੁਰੂ ਹੋ ਗਈ ਤਾਂ ਅਮਰੀਕਾ ਦੀ ਇਸ ਕੰਪਨੀ ਨੇ ਇਕਰਾਰਨਾਮਾ ਰੱਦ ਕਰਨ ਦੀ ਈ-ਮੇਲ ਭੇਜ ਦਿਤੀ। ਉਨ੍ਹਾਂ ਅਮਰੀਕਾ ਦੀ ਕੰਪਨੀ ਨੂੰ ਲਿਖਤੀ ਦਸਿਆ ਕਿ ਇਕਰਾਰਨਾਮੇ ਤਹਿਤ ਉਨ੍ਹਾਂ ਨੇ 19 ਹਜ਼ਾਰ ਡਾਲਰ ਦਾ ਮਾਲ ਤਿਆਰ ਕਰ ਦਿਤਾ ਹੈ।
ਰਾਜਬੀਰ ਸਿੰਘ ਨੇ ਫ਼ਰਵਰੀ 2022 ਨੂੰ ਦਸਿਆ ਕਿ ਅਮਰੀਕਾ ਦੀ ਕੰਪਨੀ ਦੇ ਗਗਨਦੀਪ ਸਿੰਘ ਨੇ ਉਨ੍ਹਾਂ ਵਿਰੁਧ ਈਡੀ ’ਚ ਸ਼ਿਕਾਇਤ ਕਰ ਦਿਤੀ ਹੈ। ਰਾਜਬੀਰ ਸਿੰਘ ਨੇ ਉਸ ਨੂੰ ਡਰਾਇਆ ਕਿ ਗਗਨਦੀਪ ਸਿੰਘ ਦੀ ਸ਼ਿਕਾਇਤ ’ਤੇ ਈਡੀ ਦਫ਼ਤਰ ਤੋਂ ਰਵਿੰਦਰ ਕੁਮਾਰ ਦਾ ਫ਼ੋਨ ਆਇਆ ਹੈ।

ਇਸ ਤੋਂ ਬਾਅਦ 26 ਫ਼ਰਵਰੀ ਨੂੰ ਉਸ ਦੀ ਪਤਨੀ ਕੋਮਲ ਸਲਹੋਤਰਾ ਨੂੰ ਫ਼ੋਨ ਆਇਆ ਜਿਸ ਵਿਚ ਰਾਜਬੀਰ ਸਿੰਘ ਦਾ ਹਵਾਲਾ ਦੇ ਕੇ ਗੱਲ ਕੀਤੀ ਗਈ। ਫ਼ੋਨ ਕਰਨ ਵਾਲੇ ਨੇ ਖ਼ੁਦ ਨੂੰ ਈਡੀ ਦਫ਼ਤਰ ਤੋਂ ਰਵਿੰਦਰ ਦਸਿਆ ਅਤੇ ਮਿਲਣ ਲਈ ਕਿਹਾ। ਜਦੋਂ ਉਸ ਨੇ ਈਡੀ ਦਫ਼ਤਰ ਵਿਚ ਮਿਲਣ ਬਾਰੇ ਕਿਹਾ ਤਾਂ ਉਸ ਨੇ ਟਾਲ ਮਟੋਲ ਕੀਤਾ। ਫਿਰ ਰਾਜਬੀਰ ਸਿੰਘ ਦੇ ਕਹਿਣ ’ਤੇ ਰਵਿੰਦਰ ਮਿਲਣ ਨੂੰ ਤਿਆਰ ਹੋ ਗਿਆ। ਪਹਿਲੀ ਮਾਰਚ 2022 ਨੂੰ ਰਾਜਬੀਰ ਨੇ ਉਸ ਨੂੰ ਰਵਿੰਦਰ ਨਾਲ ਮਿਲਾਇਆ। ਖ਼ੁਦ ਨੂੰ ਈਡੀ ਦਫ਼ਤਰ ਤੋਂ ਦਸਣ ਵਾਲੇ ਰਵਿੰਦਰ ਨੇ ਉਸ ਨੂੰ ਕਿਹਾ ਕਿ ਗਗਨਦੀਪ ਦੀ ਸ਼ਿਕਾਇਤ ਦੇ ਆਧਾਰ ’ਤੇ ਉਸ ਵਿਰੁਧ ਫੇਮਾ ਐਕਟ ਤਹਿਤ ਮਾਮਲਾ ਦਰਜ ਹੋ ਸਕਦਾ ਹੈ ਜਿਸ ਨਾਲ ਉਸ ਦਾ ਕਾਰੋਬਾਰ ਖ਼ਤਮ ਹੋ ਜਾਵੇਗਾ। ਉਸ ਨੇ ਮਾਮਲੇ ਨੂੰ ਹੱਲ ਕਰਵਾਉਣ ਲਈ ਕਿਸੇ ਸੀਏ ਨਾਲ ਗੱਲ ਕਰਨ ਦੀ ਗੱਲ ਕਹੀ

। ਰਾਜਬੀਰ ਸਿੰਘ ਨੇ ਅਪਣੇ ਮਾਮੇ ਦੇ ਪੁੱਤਰ ਪਰਮਵੀਰ ਸਿੰਘ ਦੇ ਜਾਣਕਾਰ ਸੀਏ ਅਰਸ਼ਦੀਪ ਸਿੰਘ ਗਰੋਵਰ ਦੇ ਨਾਲ ਉਸ ਨੂੰ ਮਿਲਾਉਣ ਦੀ ਗੱਲ ਕਹੀ। ਉਸ ਦੀ ਕੰਪਨੀ ਦੇ ਸੀਏ ਪਰਮਵੀਰ ਨੇ ਉਸ ਨੂੰ ਕਿਹਾ ਕਿ ਉਹ ਈਡੀ ਦੇ ਕੇਸ ਨਹੀਂ ਕਰਦਾ। ਪਰਮਵੀਰ ਸਿੰਘ ਨੇ 4 ਮਾਰਚ ਨੂੰ ਅਰਸ਼ਦੀਪ ਨਾਲ ਉਸ ਦੀ ਫ਼ੋਨ ’ਤੇ ਗੱਲ ਕਰਵਾਈ ਜਿਸ ਨੇ ਕਿਹਾ ਕਿ ਉਹ ਰਵਿੰਦਰ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਬਾਅਦ ਵਿਚ ਪਰਮਵੀਰ ਸਿੰਘ ਅਤੇ ਰਾਜਵੀਰ ਸਿੰਘ ਨੇ ਅੰਮ੍ਰਿਤਸਰ ਵਿਚ ਉਸ ਦੀ ਮੁਲਾਕਾਤ ਅਰਸ਼ਦੀਪ ਨਾਲ ਕਰਵਾਈ। ਅਰਸ਼ਦੀਪ ਨੇ ਉਨ੍ਹਾਂ ਨੂੰ ਮਾਮਲਾ ਹੱਲ ਕਰਵਾਉਣ ਦਾ ਭਰੋਸਾ ਦਿਤਾ।

ਵਿਜੀਲੈਂਸ ਨੇ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਕਰਨ ਤੋਂ ਬਾਅਦ ਗਗਨਦੀਪ ਸਿੰਘ, ਰਾਜਬੀਰ ਸਿੰਘ, ਪਰਮਵੀਰ ਸਿੰਘ, ਅਰਸ਼ਦੀਪ ਸਿੰਘ ਗਰੋਵਰ, ਦੀਪੇਂਦਰ ਸਿੰਘ, ਰੋਹਤਕ ਦੇ ਰਹਿਣ ਵਾਲੇ ਅਤੇ ਪਿ੍ਰੰਸੀਪਲ ਚੀਫ਼ ਕਮਿਸ਼ਨਰ, ਚੇਨਈ ਆਫ਼ ਜੀਐਸਟੀ ਐਂਡ ਸੈਂਟਰਲ ਐਕਸਾਈਜ਼ ਦਫ਼ਤਰ ਦੇ ਸੁਪਰਡੈਂਟ ਰਵਿੰਦਰ ਕੁਮਾਰ ਵਿਰੁਧ ਮਾਮਲਾ ਦਰਜ ਕਰ ਲਿਆ। ਮੁਲਜ਼ਮਾਂ ਦੀ ਗਿ੍ਰਫ਼ਤਾਰੀ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।