ਫਿਰੋਜ਼ਪੁਰ 30 ਦਸੰਬਰ (ਬਲਬੀਰ ਸਿੰਘ ਜੋਸਨ)-: ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਵਲੋਂ ਹਿੰਦ-ਪਾਕਿ ਸਰਹੱਦ 'ਤੇ ਸਥਿਤ ਬੀਐਸਐਫ ਦੀ ਚੌਂਕੀ ਮਸਤਾ ਗੱਟੀ ਇਲਾਕੇ ਵਿਚੋਂ 10 ਪੈਕਟ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਬਰਾਮਦ ਕੀਤੀ ਗਈ ਹੈਰੋਇਨ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਰਹੱਦੀ ਸੁਰੱਖਿਆ ਬਲ ਦੇ ਡੀਆਈਜੀ ਨੇ ਦੱਸਿਆ ਕਿ ਲੰਘੀ ਰਾਤ ਜਦੋਂ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਸਰਹੱਦ ਉਪਰ ਗਸ਼ਤ ਕਰ ਰਹੇ ਸਨ
ਤਾਂ ਇਸ ਦੌਰਾਨ ਬੀਐਸਐਫ ਜਵਾਨਾਂ ਨੂੰ ਸਰਹੱਦ 'ਤੇ ਕੁਝ ਹਿੱਲ ਜੁਲ ਹੁੰਦੀ ਵਿਖਾਈ ਦਿੱਤੀ। ਡੀਆਈਜੀ ਮੁਤਾਬਿਕ ਬੀਐਸਐਫ ਜਵਾਨਾਂ ਨੂੰ ਕੁਝ ਪਾਕਿਸਤਾਨੀ ਸਮਗਲਰ ਭਾਰਤੀ ਹੱਦ ਦੇ ਅੰਦਰ ਹੈਰੋਇਨ ਦੇ ਪੈਕਟ ਸੁੱਟਦੇ ਵਿਖਾਈ ਦਿੱਤੇ, ਜਿਨ੍ਹਾਂ ਨੂੰ ਜਦੋਂ ਬੀਐਸਐਫ਼ ਜਵਾਨਾਂ ਨੇ ਲਲਕਾਰਿਆ ਤਾਂ, ਉਕਤ ਪਾਕਿਸਤਾਨੀ ਸਮਗਲਰ ਹਨੇਰੇ ਦਾ ਫਾਇੰਦਾ ਚੁੱਕਦੇ ਹੋਏ ਸਰਹੱਦ ਤੋਂ ਫਰਾਰ ਹੋ ਗਏ।
ਤੜਕ ਸਵੇਰੇ ਜਦੋਂ ਬੀਐਸਐਫ਼ ਜਵਾਨਾਂ ਨੇ ਸਰਹੱਦ ਉਪਰ ਸਰਚ ਅਭਿਆਨ ਚਲਾਇਆ ਗਿਆ ਤਾਂ, ਸਰਹੱਦ ਤੋਂ 10 ਪੈਕਟ ਹੈਰੋਇਨ ਬਰਾਮਦ ਹੋਈ। ਡੀਆਈਜੀ ਮੁਤਾਬਿਕ ਹੈਰੋਇਨ ਤੋਲਣ 'ਤੇ ਉਸ ਦਾ ਵਜ਼ਟ 5 ਕਿਲੋ 190 ਗ੍ਰਾਮ ਪਾਇਆ ਗਿਆ। ਬੀਐਸਐਫ਼ ਅਧਿਕਾਰੀਆਂ ਮੁਤਾਬਿਕ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿਚ ਕੀਮਤ 25 ਕਰੋੜ ਰੁਪਏ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਖੂਫੀਆ ਵਿੰਗ ਵਲੋਂ ਹਾਲੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਹੈਰੋਇਨ ਪਾਕਿਸਤਾਨ ਤੋਂ ਮਗਵਾਉਣ ਵਾਲੇ ਕਿਹੜੇ ਭਾਰਤੀ ਸਮਗਲਰ ਹਨ? ਉਨ੍ਹਾਂ ਕਿਹਾ ਕਿ ਜਿਵੇਂ ਹੀ ਇਸ ਬਾਰੇ ਪਤਾ ਲੱਗ ਜਾਵੇਗਾ, ਉਹ ਤੁਰੰਤ ਉਕਤ ਸਮਗਲਰ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਸੁੱਟਣਗੇ।