ਡੇਰਾ ਭਨਿਆਰੇ ਦੇ ਮੁਖੀ ਪਿਆਰਾ ਸਿੰਘ ਦਾ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਵਾਦਪੂਰਨ ਡੇਰੇਦਾਰ ਪਿਆਰਾ ਸਿੰਘ ਭਨਿਆਰਾ ਵਾਲੇ ਦੀ ਅੱਜ ਸਵੇਰੇ ਮੌਤ ਹੋ ਗਈ ਹੈ।

Piara Singh Bhaniara

ਰੋਪੜ: ਵਿਵਾਦਪੂਰਨ ਡੇਰੇਦਾਰ ਪਿਆਰਾ ਸਿੰਘ ਭਨਿਆਰਾ ਵਾਲੇ ਦੀ ਅੱਜ ਸਵੇਰੇ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰ ਸਮੇਂ ਉਸ ਦੀ ਛਾਤੀ ਵਿਚ ਦਰਦ ਹੋਇਆ, ਜਿਸ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪਿਆਰਾ ਸਿੰਘ ਭਨਿਆਰਾ ਵਾਲੇ ਦੀ ਉਮਰ 61 ਸਾਲ ਦੀ।

ਜ਼ਿਕਰਯੋਗ ਹੈ ਕਿ ਪਿਆਰਾ ਸਿੰਘ ਨੇ ਭਵ ਸਾਗਰ ਨਾਮਕ ਇੱਕ ਧਾਰਮਿਕ ਗ੍ਰੰਥ ਬਣਾਇਆ ਸੀ ਜਿਸ ਤੋਂ ਬਾਅਦ ਸਿੱਖ ਜਗਤ ਵਿੱਚ ਰੋਸ ਦੀ ਲਹਿਰ ਪੈਦਾ ਹੋ ਗਈ ਸੀ। ਇਸੇ ਕਾਰਨ ਤਤਕਾਲੀ ਪੰਜਾਬ ਸਰਕਾਰ ਨੇ ਸਾਲ 2001 ਵਿਚ ਇਸ ਗ੍ਰੰਥ ਉੱਤੇ ਰੋਕ ਲਗਾ ਦਿਤੀ ਸੀ।

ਭਨਿਆਰਾਂ ਵਾਲੇ ਨੇ ਅਪਣੇ ਚੇਲਿਆਂ ਦੀ ਮਦਦ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪੰਜਾਬ ਸਰਕਾਰ ਦੀ ਇਸ ਰੋਕ ਨੂੰ ਚੁਣੌਤੀ ਦੇ ਦਿਤੀ ਸੀ, ਜਿਸ ਤੋਂ ਬਾਅਦ ਵੀ ਹਾਈ ਕੋਰਟ ਨੇ ਇਸ ਰੋਕ ਨੂੰ ਬਰਕਰਾਰ ਰੱਖਿਆ ਹੈ। ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਤੇ ਉਨ੍ਹਾਂ ਦੇ ਸ਼ਰਧਾਲੂਆਂ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਪਿਆਰਾ ਸਿੰਘ ਭਨਿਆਰਾਂ ਵਾਲਾ ਬਲਾਕ ਨੂਰਪੁਰ ਬੇਦੀ ਦੇ ਪਿੰਡ ਧਮਾਣਾ ਵਿਖੇ ਡੇਰੇ ਦਾ ਮੁਖੀ ਸੀ।