CAAਵਿਵਾਦ : ਸੰਵਿਧਾਨ ਨਾਲ ਛੇੜਛਾੜ ਦਾ ਕਿਸੇ ਨੂੰ ਵੀ ਹੱਕ ਨਹੀਂ : ਕੈਪਟਨ

ਏਜੰਸੀ

ਖ਼ਬਰਾਂ, ਪੰਜਾਬ

ਕਾਂਗਰਸ ਨੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਕੱਢਿਆ ਰੋਸ ਮਾਰਚ

file photo

ਲੁਧਿਆਣਾ : ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਜਿੱਥੇ ਆਮ ਲੋਕਾਂ ਵਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦਾ ਦੌਰ ਕੁੱਝ ਠੰਡਾ ਪਿਆ ਨਜ਼ਰ ਆ ਰਿਹੈ ਉਥੇ ਵਿਰੋਧੀ ਸਿਆਸੀ ਪਾਰਟੀਆਂ ਵਲੋਂ ਇਸ ਨੂੰ ਲੈ ਕੇ ਆਵਾਜ਼ ਉਠਾਉਣਾ ਜਾਰੀ ਹੈ। ਇਸੇ ਦੌਰਾਨ ਕਾਂਗਰਸ ਵਲੋਂ ਲੁਧਿਆਣਾ ਵਿਖੇ ਨਾਗਕਿਰਤਾ ਸੋਧ ਕਾਨੂੰਨ ਵਿਰੁਧ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਾਂ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਆਸ਼ਾ ਕੁਮਾਰੀ, ਬੀਬੀ ਪਰਨੀਤ ਕੌਰ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਹੋਰ ਸਿਆਸਤਦਾਨਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਅਪਣੇ ਸੰਬੋਧਨ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਨਾਲ ਕਿਸੇ ਨੂੰ ਵੀ ਛੇੜਛਾੜ ਦਾ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸੰਵਿਧਾਨ ਦੀ ਬੁਨਿਆਦ ਨੂੰ ਹਿਲਾਉਣਾ ਚਾਹੁੰਦੀ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਯੂ.ਐਨ.ਓ. ਨੇ ਵੀ ਨਾਗਰਿਕਤਾ ਸੋਧ ਕਾਨੂੰਨ ਨੂੰ ਗ਼ਲਤ ਦਸਿਆ ਹੈ।

ਉਨ੍ਹਾਂ ਕਿਹਾ ਕਿ ਭਾਰਤ ਇਕ ਧਰਮ ਨਿਰਪੱਖ ਦੇਸ਼ ਹੈ ਅਤੇ ਭਾਜਪਾ ਇਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੈਪਟਨ ਨੇ ਕਿਹਾ ਕਿ ਕਾਂਗਰਸ ਇਸ ਕਾਨੂੰਨ ਦੇ ਖਿਲਾਫ਼ ਹੈ। ਉਨ੍ਹਾਂ ਇਸ ਕਾਨੂੰਨ ਨੂੰ ਪੰਜਾਬ ਅੰਦਰ ਲਾਗੂ ਨਾ ਕਰਨ ਦੀ ਗੱਲ ਮੁੜ ਦੁਹਰਾਉਂਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਹਮੇਸ਼ਾ ਧਰਮ ਨਿਰਪੱਖਤਾ ਦਾ ਸੁਨੇਹਾ ਦਿਤਾ ਹੈ ਜਦਕਿ ਕੇਂਦਰ ਸਰਕਾਰ ਇਸ ਨੂੰ ਤਬਾਹ ਕਰਨ 'ਤੇ ਤੁਲੀ ਹੋਈ ਹੈ।

ਇਸੇ ਦੌਰਾਨ ਕਾਂਗਰਸ ਵਲੋਂ ਇਕ ਰੋਸ ਮਾਰਚ ਵੀ ਕੱਢਿਆ ਗਿਆ। ਮਾਰਚ ਦੌਰਾਨ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਨਾਗਰਿਕਤਾ ਸੋਧ ਕਾਨੂੰਨ 'ਤੇ ਹੱਲਾ ਬੋਲਦਿਆਂ ਇਸ ਨੂੰ ਸੰਵਿਧਾਨ 'ਤੇ ਹਮਲਾ ਕਰਾਰ ਦਿਤਾ। ਮਾਰਚ ਦੌਰਾਨ ਕਾਂਗਰਸੀ ਵਰਕਰਾਂ ਨੇ ਕੇਂਦਰ ਸਰਕਾਰ ਵਿਰੁਧ ਨਾਅਰੇਬਾਜ਼ੀ ਵੀ ਕੀਤੀ।

ਖ਼ਾਲੀ ਕਰਵਾਏ ਬਾਜ਼ਾਰ : ਪੰਜਾਬ ਕਾਂਗਰਸ ਦੇ ਮਾਰਚ ਨੂੰ ਲੈ ਕੇ ਬਾਜ਼ਾਰ ਖ਼ਾਲੀ ਕਰਵਾ ਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਵੀ ਕੀਤੇ ਗਏ ਸਨ। ਇਸ ਦੌਰਾਨ ਸੜਕਾਂ 'ਤੇ ਲੱਗਣ ਵਾਲੀਆਂ ਫੜੀਆਂ ਨੂੰ ਵੀ ਹਟਵਾ ਦਿਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ  ਆਗੂ ਗੁਰਦੀਪ ਸਿੰਘ ਗੋਸ ਸਮੇਤ ਦੂਜੇ ਅਕਾਲੀ ਆਗੂਆਂ ਨੇ ਇਸਨੂੰ ਧੱਕੇਸ਼ਾਹੀ ਕਰਾਰ ਦਿੰਦਿਆਂ ਇਸ 'ਤੇ ਇਤਰਾਜ਼ ਜਾਹਰ ਕੀਤਾ।

ਪ੍ਰਿਅੰਕਾ ਨਾਲ ਬਦਸਲੂਕੀ ਭਾਜਪਾ ਦੀ ਹੋਛੀ ਹਰਕਤ-ਜਾਖੜ : ਯੂ.ਪੀ. 'ਚ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਰੋਕਣ ਤੇ ਪੁਲਿਸ ਵਲੋਂ ਬਦਸਲੂਕੀ ਕਰਨ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਭੱਦਾ ਵਿਵਹਾਰ ਭਾਜਪਾ ਦੀ ਔਰਤਾਂ ਪ੍ਰਤੀ ਨਫ਼ਰਤ ਨੂੰ ਦਰਸਾਉਂਦਾ ਹੈ।