ਸੁਖਬੀਰ ਬਾਦਲ ਨੇ ਦਿਤਾ ਵਿਧਾਇਕ ਅਹੁਦੇ ਤੋਂ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲਾਲਾਬਾਦ ਹਲਕੇ ਲਈ ਜ਼ਿਮਨੀ ਚੋਣ ਹੋਣੀ ਤੈਅ

Sukhbir Singh Badal

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਤੋਂ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਉਨ੍ਹਾਂ ਨੇ ਵਿਧਾਨ ਸਭਾ ਸਪੀਕਰ ਨੂੰ ਅਪਣਾ ਅਸਤੀਫ਼ਾ ਭੇਜ ਦਿਤਾ ਹੈ। ਦੱਸ ਦਈਏ ਕਿ ਸੁਖਬੀਰ ਫ਼ਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਚੁਣੇ ਜਾ ਚੁੱਕੇ ਹਨ, ਇਸ ਲਈ ਉਨ੍ਹਾਂ ਅਪਣੀ ਵਿਧਾਇਕੀ ਛੱਡ ਦਿਤੀ ਹੈ। ਸੁਖਬੀਰ ਨੇ ਅਸਤੀਫ਼ੇ ਵਿਚ ਕਿਹਾ ਹੈ ਕਿ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੇ ਫ਼ਿਰੋਜ਼ਪੁਰ ਹਲਕੇ ਤੋਂ ਚੋਣ ਲੜੀ ਸੀ ਤੇ ਉਹ ਇੱਥੋਂ ਸੰਸਦ ਮੈਂਬਰ ਚੁਣੇ ਗਏ ਹਨ। ਇਸ ਲਈ ਹੁਣ ਉਹ ਜਲਾਲਾਬਾਦ ਹਲਕੇ ਤੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ।

ਹੁਣ ਜਲਾਲਾਬਾਦ ਹਲਕੇ ਲਈ ਜ਼ਿਮਨੀ ਚੋਣ ਹੋਣੀ ਤੈਅ ਹੈ। ਇਹ ਵੀ ਤੈਅ ਹੈ ਕਿ ਸੁਖਬੀਰ ਵਾਪਸ ਸੂਬੇ ਦੀ ਸਿਆਸਤ ਵਿਚ ਆਉਣਗੇ ਅਤੇ ਇਸ ਵਾਰ ਉਹ ਖ਼ਾਸ ਰਣਨੀਤੀ ਤਹਿਤ ਹੀ ਸੰਸਦ ਵਿਚ ਪਹੁੰਚੇ ਹਨ। ਦੱਸਣਯੋਗ ਹੈ ਕਿ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਅਕਾਲੀ ਦਲ ਪੰਜਾਬ ਦੀ ਹੋਰ ਕਿਸੇ ਲੋਕ ਸਭਾ ਸੀਟ ’ਤੇ ਜਿੱਤ ਹਾਸਲ ਨਹੀਂ ਕਰ ਸਕਿਆ।

ਦੱਸ ਦਈਏ ਕਿ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸਨ। ਇਸ ਤੋਂ ਇਲਾਵਾ ਕਾਂਗਰਸ ਵਲੋਂ ਸ਼ੇਰ ਸਿੰਘ ਘੁਬਾਇਆ ਤੇ ਆਮ ਆਦਮੀ ਪਾਰਟੀ ਵਲ਼ੋਂ ਹਰਜਿੰਦਰ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਗਿਆ ਸੀ ਪਰ ਸੁਖਬੀਰ ਨੇ ਇਥੋਂ ਵੱਡੇ ਫ਼ਰਕ ਨਾਲ ਜਿੱਤ ਹਾਸਲ ਕੀਤੀ।