ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਛੋਟੀ ਧੀ ਗੁਰਲੀਨ ਕੌਰ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਲਈ ਚੋਣ ਕਮਿਸ਼ਨ ਨੇ ਨੋਟਿਸ ਭੇਜਿਆ ਹੈ। ਗੁਰਲੀਨ ਨੇ ਪਹਿਲੀ ਵਾਰ ਵੋਟ ਪਾਈ ਸੀ। ਲੋਕ ਸਭਾ ਚੋਣਾਂ 2019 ਦੇ ਅੰਤਮ ਗੇੜ ਲਈ ਐਤਵਾਰ ਨੂੰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਈ ਸੀ। ਗੁਰਲੀਨ ਨੇ ਬਠਿੰਡਾ ਲੋਕ ਸਭਾ ਸੀਟ 'ਤੇ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਚੋਣ ਅਧਿਕਾਰੀ ਨੇ ਦੱਸਿਆ ਕਿ ਗੁਰਲੀਨ ਜਦੋਂ ਵੋਟ ਪਾਉਣ ਲਈ ਵੋਟਿੰਗ ਕੇਂਦਰ 'ਚ ਪੁੱਜੀ ਤਾਂ ਉਸ ਦੇ ਸੂਟ 'ਤੇ ਅਕਾਲੀ ਦਲ ਦਾ ਬਿੱਲਾ ਲੱਗਿਆ ਹੋਇਆ ਸੀ। ਗੁਰਲੀਨ ਨੇ ਬਠਿੰਡਾ ਦੇ ਪੋਲਿੰਗ ਬੂਥ ਨੰਬਰ-136 'ਚ ਆਪਣੀ ਵੋਟ ਪਾਈ। ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਗੁਰਲੀਨ ਕੌਰ ਦੇ ਵੋਟ ਪਾਉਣ ਸਮੇਂ ਸੂਟ 'ਤੇ ਲੱਗੇ ਬਿੱਲੇ ਦੀ ਇਕ ਵੀਡੀਓ ਜਾਰੀ ਹੋਈ ਸੀ। ਇਸੇ ਵੀਡੀਓ ਦੇ ਆਧਾਰ 'ਤੇ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ।
ਚੋਣ ਅਧਿਕਾਰੀ ਨੇ ਦੱਸਿਆ ਕਿ ਜਵਾਬ ਆਉਣ ਤੋਂ ਬਾਅਦ ਇਸ ਦੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਜਾਵੇਗੀ। ਚੋਣ ਕਮਿਸ਼ਨ ਆਪਣੇ ਹਿਸਾਬ ਨਾਲ ਬਣਦੀ ਕਾਰਵਾਈ ਕਰੇਗਾ।