ਭੀਖ ਮੰਗ ਕੇ ਲੋਕਾਂ ਦੀ ਸੇਵਾ ਕਰਦਾ ਹੈ ਇਹ ਵਿਅਕਤੀ, ਪੀਐਮ ਮੋਦੀ ਵੀ ਹੋਏ ਮੁਰੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਮਨ ਕੀ ਬਾਤ' ਵਿਚ ਕੀਤਾ ਜ਼ਿਕਰ

PM Modi mentions Raju of Pathankot in Mann Ki Baat

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 'ਮਨ ਕੀ ਬਾਤ' ਦੌਰਾਨ ਰਾਜੂ ਨਾਂਅ ਦੇ ਵਿਅਕਤੀ ਦਾ ਜ਼ਿਕਰ ਕੀਤਾ। ਰਾਜੂ ਇਸ ਤੋਂ ਪਹਿਲਾਂ ਵੀ ਅਪਣੇ ਕੰਮਾਂ ਕਾਰਨ ਚਰਚਾ ਵਿਚ ਰਹਿ ਚੁੱਕੇ ਹਨ। ਰਾਜੂ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਲੋਕਾਂ ਦੀ ਮਦਦ ਕਰ ਕੇ ਮਨੁੱਖਤਾ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ ਹੈ।

ਇਹੀ ਕਾਰ ਰਿਹਾ ਹੈ ਕਿ ਪੀਐਮ ਮੋਦੀ ਨੇ 'ਮਨ ਕੀ ਬਾਤ' ਦੌਰਾਨ ਉਹਨਾਂ ਦਾ ਜ਼ਿਕਰ ਕੀਤਾ। ਰਾਜੂ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲੇ ਹਨ। ਉਹ ਅਪਾਹਜ ਹਨ ਅਤੇ ਭੀਖ ਮੰਗ ਕੇ ਗੁਜ਼ਾਰਾ ਕਰਦੇ ਹਨ। ਭੀੜ ਵਿਚ ਮਿਲਣ ਵਾਲੇ ਪੈਸਿਆਂ ਦੀ ਵਰਤੋਂ ਰਾਜੂ ਲੋਕਾਂ ਦੀ ਸਹਾਇਤਾ ਲਈ ਕਰਦੇ ਹਨ।

ਭੀਖ ਦੇ ਪੈਸਿਆਂ ਨਾਲ ਰਾਜੂ ਨੇ ਹੁਣ ਤੱਕ 100 ਤੋਂ ਜ਼ਿਆਦਾ ਪਰਿਵਾਰਾਂ ਨੂੰ ਇਕ ਮਹੀਨੇ ਦਾ ਰਾਸ਼ਨ ਦਿੱਤਾ ਅਤੇ 2500 ਤੋਂ ਜ਼ਿਆਦਾ ਲੋਕਾਂ ਵਿਚ ਮਾਸਕ ਵੰਡ ਚੁੱਕੇ ਹਨ। ਇਹ ਪੈਸੇ ਰਾਜੂ ਨੇ ਭੀਖ ਮੰਗ ਕੇ ਇਕੱਠੇ ਕੀਤੇ ਸੀ। ਅਪਣੇ ਇਸ ਕੰਮ ਨਾਲ ਰਾਜੂ ਜ਼ਿੰਦਗੀ ਵਿਚ ਹਾਰ ਮੰਨ ਚੁੱਕੇ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣ ਗਏ ਹਨ।

ਰਾਜੂ ਰੋਜ਼ਾਨਾ ਵ੍ਹੀਲਚੇਅਰ 'ਤੇ ਬੈਠ ਕੇ ਭੀਖ ਮੰਗਦੇ ਹਨ ਤੇ ਇਕੱਠੇ ਹੋਏ ਪੈਸਿਆਂ ਨਾਲ ਲੋੜਵੰਦਾਂ ਦੀ ਮਦਦ ਕਰਦੇ ਹਨ। ਇਸ ਦੇ ਨਾਲ ਹੀ ਉਹ ਲੋਕਾਂ ਨੂੰ ਸਮਾਜਕ ਦੂਰੀ ਦੀ ਪਾਲਣਾ ਕਰਨ ਲਈ ਵੀ ਕਹਿੰਦੇ ਹਨ। ਰਾਜੂ ਦੀ ਦਰਿਆਦਿਲੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਸਮਾਜ ਸੇਵਾ ਵਿਚ ਕਾਫੀ ਸਮੇਂ ਤੋਂ ਜੁਟੇ ਹੋਏ ਹਨ।

ਹੁਣ ਤੱਕ ਉਹ 22 ਗਰੀਬ ਲੜਕੀਆਂ ਦਾ ਵਿਆਹ ਕਰਵਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕੁਝ ਗਰੀਬ ਬੱਚਿਆਂ ਦੇ ਸਕੂਲ ਦੀ ਫੀਸ ਦਾ ਖਰਚਾ ਵੀ ਚੁੱਕਦੇ ਹਨ। ਰਾਜੂ ਦਾ ਕਹਿਣਾ ਹੈ ਕਿ ਅਜਿਹਾ ਕਰ ਕੇ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ।