ਮੁੱਖ ਮੰਤਰੀ ਵੱਲੋਂ ਸ਼ਹੀਦਾਂ ਦੇ 8 ਵਾਰਸਾਂ ਦੀ ਨਿਯੁਕਤੀ ਨੂੰ ਪ੍ਰਵਾਨਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀਐਮ ਨੇ ਦੇਸ਼ ਦੀ ਰਾਖੀ ਖਾਤਰ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਮਾਨਤਾ ਦਿੰਦਿਆਂ ਉਹਨਾਂ ਦੇ ਅਗਲੇ 8 ਵਾਰਸਾਂ ਦੀ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

Captain Amarinder Singh

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੀ ਰਾਖੀ ਖਾਤਰ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਮਾਨਤਾ ਦਿੰਦਿਆਂ ਉਹਨਾਂ ਦੇ ਅਗਲੇ 8 ਵਾਰਸਾਂ ਦੀ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਅਗਵਾਈ ਵਿੱਚ ਬਣੀ ਉੱਚ ਤਾਕਤੀ ਕਮੇਟੀ ਦੀਆਂ ਸਿਫਰਾਸ਼ਾਂ ‘ਤੇ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ।

ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਵਿੱਚ ਬਤੌਰ ਤਹਿਸੀਲਦਾਰ ਨਿਯੁਕਤ ਕੀਤੇ ਗਏ ਅੰਮਿ੍ਰਤਬੀਰ ਸਿੰਘ ਦੇ ਪਿਤਾ ਇੰਸਪੈਕਟਰ ਰਘਬੀਰ ਸਿੰਘ, ਜੋ ਕਿ ਅੰਮਿ੍ਰਤਸਰ ਜ਼ਿਲੇ ਦੇ ਸਠਿਆਲਾ ਨਾਲ ਸਬੰਧਤ ਸਨ ਅਤੇ 1991 ਵਿੱਚ ਸੀ.ਆਰ.ਪੀ.ਐਫ ਵਿੱਚ ਭਰਤੀ ਹੋਏ ਸਨ, ਛੱਤੀਸਗੜ ਦੇ ਜ਼ਿਲਾ ਸੁਕਮਾ ਵਿੱਚ ਨਕਸਲੀਆਂ ਨਾਲ ਲੜਦਿਆਂ 24 ਅਪ੍ਰੈਲ 2017 ਨੂੰ ਸ਼ਹੀਦ ਹੋ ਗਏ ਸਨ। ਉਹ ਉੱਚ ਕੋਟੀ ਦੇ ਅਥਲੀਟ ਸਨ ਅਤੇ ਕੌਮੀ ਪੱਧਰ ‘ਤੇ ਉਹਨਾਂ ਕਈ ਤਮਗ਼ੇ ਜਿੱਤੇ ਸਨ।

ਤਨਵੀਰ ਕੌਰ ਨੂੰ ਮਾਲ ਵਿਭਾਗ ਵਿੱਚ ਬਤੌਰ ਤਹਿਸੀਲਦਾਰ ਨਿਯੁਕਤ ਕੀਤਾ ਗਿਆ ਹੈ। ਤਨਵੀਰ ਕੌਰ ਦੇ ਪਤੀ ਮੇਜਰ ਰਵੀ ਇੰਦਰ ਸਿੰਘ ਸਾਲ 2003 ਵਿੱਚ ਐਨ.ਡੀ.ਏ ਖਡਕਵਾਸਲਾ ਵਿੱਚ ਦਾਖਲ ਹੋਏ ਸਨ ਅਤੇ 2007 ਵਿੱਚ ਸਿਗਨਲ ਕੋਰ ਵਿੱਚ ਉਹ ਕਮਿਸ਼ਨਡ ਅਫਸਰ ਬਣੇ ਸਨ। ਉਹਨਾਂ ਦੀ ਜੰਮੂ-ਕਸ਼ਮੀਰ ਦੇ ਵਿਦਰੋਹ ਵਾਲੇ ਖੇਤਰਾਂ ਵਿੱਚ ਵੀ ਦੋ ਵਾਰ ਤਾਇਨਾਤੀ ਰਹੀ ਸੀ।

ਮੇਜਰ ਰਵੀ ਇੰਦਰ ਸਿੰਘ ਦੱਖਣੀ ਸੁਡਾਨ ਵਿੱਚ ਯੂ.ਐਨ ਮਿਸ਼ਨ ਵਿੱਚ ਸੇਵਾਵਾਂ ਦਿੰਦਿਆਂ ਸ਼ਹੀਦ ਹੋ ਗਏ ਸਨ ਅਤੇ ਦਲੇਰੀ ਨਾਲ ਡਿੳੂਟੀ ਨਿਭਾਉਣ ਅਤੇ ਕੁਰਬਾਨੀ ਦੇ ਸਤਿਕਾਰ ਵਜੋਂ ਸੰਯੁਕਤ ਰਾਸ਼ਟਰ ਵੱਲੋਂ ਉਹਨਾਂ ਨੂੰ ‘ਡੈਗ ਹਮਰਕਸਜੋਲਡ ਮੈਡਲ’ ਐਵਾਰਡ ਦਿੱਤਾ ਗਿਆ ਸੀ। ਨਿਯੁਕਤ ਹੋਣ ਵਾਲਿਆਂ ਵਿੱਚ ਸ੍ਰੀਮਤੀ ਅਕਵਿੰਦਰ ਕੌਰ ਬਤੌਰ ਨਾਇਬ ਤਹਿਸੀਲਦਾਰ, ਆਸਥਾ ਗਰਗ ਬਤੌਰ ਆਬਕਾਰੀ ਤੇ ਕਰ ਅਫਸਰ, ਮਲਕੀਤ ਕੌਰ ਬਤੌਰ ਲਾਇਬ੍ਰੇਰੀ ਸੰਭਾਲ ਕਰਤਾ (ਰੀਸਟੋਰਰ), ਤਨਵੀਰ ਕੌਰ ਬਤੌਰ ਤਹਿਸੀਲਦਾਰ, ਅਮਨਦੀਪ ਸੁਰੱਖਿਆ ਸੇਵਾਵਾਂ ਭਲਾਈ ਵਿਭਾਗ ਵਿੱਚ ਬਤੌਰ ਕਲਰਕ, ਗੁਰਪਾਲ ਸਿੰਘ ਲੋਕ ਨਿਰਮਾਣ ਵਿਭਾਗ (ਇਲੈਕਟ੍ਰੀਕਲ) ਵਿੱਚ ਬਤੌਰ ਜੂਨੀਅਰ ਇੰਜਨੀਅਰ, ਰਾਧਾ ਰਾਣੀ ਬਤੌਰ ਸਹਿਕਾਰੀ ਸਭਾਵਾਂ ਵਿੱਚ ਇੰਸਪੈਕਟਰ ਅਤੇ ਅੰਮਿ੍ਰਤਬੀਰ ਸਿੰਘ ਬਤੌਰ ਤਹਿਸੀਲਦਾਰ ਸ਼ਾਮਲ ਹਨ।

ਆਸਥਾ ਗਰਗ ਨੂੰ ਬਤੌਰ ਆਬਕਾਰੀ ਤੇ ਕਰ ਅਫਸਰ ਨਿਯੁਕਤ ਕੀਤਾ ਗਿਆ। ਉਸ ਦੇ ਪਤੀ  ਫਲਾਈਟ ਲੈਫਟੀਨੈਂਟ ਮੋਹਿਤ  ਗਰਗ ਪਟਿਆਲਾ ਜ਼ਿਲੇ  ਦੇ ਸਮਾਣਾ ਨਾਲ ਸਬੰਧਤ ਸਨ। ਪੀ.ਪੀ.ਐਸ ਨਾਭਾ ਤੋਂ ਆਪਣੀ ਪੜਾਈ ਪੂਰੀ ਕਰਨ ਉਪਰੰਤ ਉਹਨਾਂ 2009 ਵਿੱਚ ਐਨ.ਡੀ.ਏ ਖਡਕਵਾਸਲਾ ਵਿਖੇ ਦਾਖਲਾ ਲਿਆ ਸੀ ਅਤੇ 2014 ਵਿੱਚ ਭਾਰਤੀ ਹਵਾਈ ਸੈਨਾ ਵਿੱਚ ਬਤੌਰ ਪਾਇਲਟ ਕਮਿਸ਼ਨ ਹਾਸਿਲ ਕੀਤਾ ਸੀ। ਇਸ ਅਧਿਕਾਰੀ ਦੀ ਉਸ ਵਕਤ ਮੌਤ ਹੋ ਗਈ ਸੀ ਜਦੋਂ ਏ.ਐਨ 32 ਜਹਾਜ਼, ਜਿਸਨੂੰ ਉਹ ਚਲਾ ਰਹੇ ਸਨ, ਅਰੁਣਾਚਲ ਪ੍ਰਦੇਸ਼ ਦੇ ਉੱਚ ਪਹਾੜੀ ਖੇਤਰਾਂ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।

ਕਾਂਸਟੇਬਲ (ਜੀ.ਡੀ) ਮੁਖਤਿਆਰ ਸਿੰਘ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਫੱਤੂਵਾਲਾ ਨਾਲ ਸਬੰਧਤ ਸਨ ਅਤੇ ਉਹ ਸਾਲ 2000 ਵਿੱਚ ਸੀਮਾ ਸੁਰੱਖਿਆ ਬਲ ਵਿੱਚ ਭਰਤੀ ਹੋਏ ਸਨ। ਉਹ 15 ਜੁਲਾਈ 2018 ਨੂੰ ਛੱਤੀਸਗੜ ਦੀ ਸਬ ਡਿਵੀਜ਼ਨ ਪਖਨਜੁਰੇ ਵਿੱਚ ਨਕਸਲੀਆਂ ਨਾਲ ਲੜਾਈ ਦੌਰਾਨ ਸ਼ਹੀਦ ਹੋ ਗਏ ਸਨ। ਉਹਨਾਂ ਦੀ ਕੁਰਬਾਨੀ ਨੂੰ ਵੇਖਦਿਆਂ ਮਲਕੀਤ ਕੌਰ ਨੂੰ ਸਿੱਖਿਆ ਵਿਭਾਗ ਵਿੱਚ ਬਤੌਰ ਲਾਇਬ੍ਰੇਰੀ ਸੰਭਾਲ ਕਰਤਾ (ਰੀਸਟੋਰਰ) ਦੀ ਨਿਯੁਕਤੀ ਦਿੱਤੀ ਗਈ ਹੈ।

ਗੁਰਪਾਲ ਸਿੰਘ, ਜੋ ਕਿ ਸ਼ਹੀਦ ਰਾਈਫਲਮੈਨ ਸੁਖਵਿੰਦਰ ਸਿੰਘ ਦੇ ਭਰਾ ਹਨ, ਨੂੰ ਲੋਕ ਨਿਰਮਾਣ ਵਿਭਾਗ (ਇਲੈਕਟ੍ਰੀਕਲ) ਵਿੱਚ ਬਤੌਰ ਜੂਨੀਅਰ ਇੰਜਨੀਅਰ ਨਿਯੁਕਤ ਕੀਤਾ ਗਿਆ ਹੈ। ਰਾਈਫਲਮੈਨ ਸੁਖਵਿੰਦਰ ਸਿੰਘ ਦਾ ਜਨਮ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਫਤਹਿਪੁਰ ਵਿਖੇ ਹੋਇਆ ਸੀ ਅਤੇ ਉਹ 2017 ਵਿੱਚ ਜੇ.ਏ.ਕੇ ਰਾਈਫਲਜ਼ ਵਿੱਚ ਭਰਤੀ ਹੋਏ ਸਨ। ਉਹ 16 ਦਸੰਬਰ 2019 ਨੂੰ ਜੰਮੂ-ਕਸ਼ਮੀਰ ਦੇ ਸੁੰਦਰਬਨੀ ਖੇਤਰ ਵਿੱਚ ਸੀਮਾਂ ‘ਤੇ ਲੜਾਈ ਦੌਰਾਨ ਸ਼ਹੀਦ  ਹੋ ਗਏ ਸਨ।

ਰਾਧਾ ਰਾਣੀ, ਜੋ ਕਿ ਗਰਨੇਡੀਅਰ ਸੰਜੇ ਕੁਮਾਰ ਦੇ ਭੈਣ ਹਨ, ਨੂੰ ਰਜਿਸਟ੍ਰਾਰ ਸਹਿਕਾਰੀ ਸਭਾਵਾਂ ਵਿੱਚ ਬਤੌਰ ਇੰਸਪੈਕਟਰ ਨਿਯੁਕਤ ਕੀਤਾ ਗਿਆ ਹੈ। ਸੰਜੇ ਕੁਮਾਰ ਹੁਸ਼ਿਆਰਪੁਰ ਜ਼ਿਲੇ ਦੇ  ਪਿੰਡ ਰਾਜਵਾਲ ਨਾਲ ਸਬੰਧਤ ਸਨ ਅਤੇ ਉਹਨਾਂ 10 ਅਕਤੂਬਰ 2012 ਨੂੰ 5 ਗਰੇਨੇਡੀਅਰਜ਼ ਵਿੱਚ ਜੁਆਇੰਨ ਕੀਤਾ ਸੀ। ਹਥਿਆਰਾਂ ਨਾਲ ਫਾਇਰਿੰਗ ਅਭਿਆਸ ਕਰਦਿਆਂ 9 ਅਪ੍ਰੈਲ 2019 ਨੂੰ ਉਹਨਾਂ ਦੀ ਮੌਤ ਹੋ ਗਈ ਸੀ।

ਗਨਰ ਲੇਖ ਰਾਜ ਦਾ ਜਨਮ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਸ਼ਾਜਰਾਣਾ ਵਿਖੇ 1990 ਵਿੱਚ ਹੋਇਆ ਸੀ। ਉਹਨਾਂ ਨੇ ਸਾਲ 2011 ਵਿੱਚ 332 ਮੀਡੀਅਮ ਰੈਂਜੀਮੈਂਟ ਜੁਆਇੰਨ ਕੀਤੀ ਸੀ। ਉਹ 7 ਅਗਸਤ, 2018 ਨੂੰ ਅਰੁਣਾਂਚਲ ਪ੍ਰਦੇਸ਼ ਵਿਖੇ ਸੀਮਾਂ ਰੇਖਾ ‘ਤੇ ਗਸ਼ਤ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ।  ਸ਼ਹੀਦ ਦੇ ਭਰਾ ਅਮਨਦੀਪ ਨੂੰ ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਵਿੱਚ ਬਤੌਰ ਕਲਰਕ ਨਿਯੁਕਤ ਕੀਤਾ ਗਿਆ ਹੈ।

ਸ਼ਹੀਦ  ਨਾਇਕ ਮਨਵਿੰਦਰ ਸਿੰਘ ਅੰਮਿ੍ਰਤਸਰ ਜ਼ਿਲੇ ਦੇ ਪਿੰਡ ਘੋਨੇਵਾਲ ਨਾਲ ਸਬੰਧਤ ਸਨ ਅਤੇ ੳਨਾਂ ਨੇ 2008 ਵਿੱਚ 3 ਪੰਜਾਬ  ਵਿੱਚ ਨੰਬਰ ਹਾਸਿਲ ਕੀਤਾ ਸੀ। ਉਹ ਨਵੰਬਰ 18, 2019 ਨੂੰ ਸਿਆਚਿਨ ਗਲੇਸ਼ੀਅਰ ਦੇ  ਉੱਚ ਖੇਤਰਾਂ ਵਿੱਚ ਡਿਊਟੀ ਦੌਰਾਨ ਸ਼ਹੀਦ  ਹੋ ਗਏ ਸਨ। ਇਸ ਕੁਰਬਾਨੀ ਨੂੰ ਮਾਨਤਾ ਦਿੰਦਿਆਂ ਸ਼ਹੀਦ ਨਾਇਕ ਦੀ ਪਤਨੀ ਅਕਵਿੰਦਰ  ਕੌਰ ਨੂੰ ਮਾਲ ਵਿਭਾਗ ਵਿੱਚ ਬਤੌਰ ਨਾਇਬ ਤਹਿਸੀਲਦਾਰ ਨਿਯੁਕਤ ਕੀਤਾ ਗਿਆ ਹੈ।