ਕਿਸਾਨੀ ਦੀ ਮਜ਼ਬੂਤੀ ਹੀ ਦੇਸ਼ ਦੀ ਆਰਥਿਕਤਾ ਨੂੰ ਤਕੜਾ ਬਣਾ ਸਕਦੀ ਹੈ : ਰੰਧਾਵਾ

ਏਜੰਸੀ

ਖ਼ਬਰਾਂ, ਪੰਜਾਬ

ਕਿਹਾ - ਸਾਰੇ ਸੂਬਿਆਂ ਦੇ ਸਹਿਕਾਰਤਾ ਮੰਤਰੀਆਂ ਦਾ ਕੌਮੀ ਮੰਚ ਸਮੇਂ ਦੀ ਲੋੜ

National level forum of Cooperation Ministers need of hour: Sukhjinder Singh Randhawa

ਭੁਵਨੇਸ਼ਵਰ/ਚੰਡੀਗੜ੍ਹ : ਸਹਿਕਾਰਤਾ ਖੇਤਰ ਵਿਚ ਦੇਸ਼ ਭਰ ਦੇ ਸੂਬਿਆਂ ਲਈ ਮਾਲੀਏ ਦਾ ਮੁੱਖ ਸਰੋਤ ਬਣਨ ਦੀ ਵਧੇਰੇ ਸਮਰੱਥਾ ਹੈ ਅਤੇ ਇਸ ਉਦੇਸ਼ ਦੀ ਪ੍ਰਾਪਤੀ ਲਈ ਸਮੂਹ ਸੂਬਿਆਂ ਦੇ ਸਹਿਕਾਰਤਾ ਮੰਤਰੀਆਂ ਦਾ ਰਸਮੀ ਅਤੇ ਗ਼ੈਰ-ਰਸਮੀ ਮੰਚ ਬਣਾਉਣਾ ਬੇਹੱਦ ਜ਼ਰੂਰੀ ਹੈ, ਜਿਥੇ ਭਾਰਤ ਸਰਕਾਰ ਨੂੰ ਸਿਫ਼ਾਰਸ਼ਾਂ ਭੇਜਣ ਲਈ ਸੂਬੇ ਦੀਆਂ ਮੁਸ਼ਕਲਾਂ ਅਤੇ ਜ਼ਰੂਰਤਾਂ 'ਤੇ ਵਿਚਾਰ ਕੀਤਾ ਜਾ ਸਕੇ।'' ਇਹ ਗੱਲ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਤਿੰਨ ਰੋਜ਼ਾ ਉਡੀਸ਼ਾ ਦੌਰੇ ਦੇ ਆਖਰੀ ਦਿਨ ਉਡੀਸ਼ਾ ਦੇ ਸਹਿਕਾਰਤਾ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਰਣਇੰਦਰ ਪ੍ਰਤਾਪ ਸਵੈਨ ਨਾਲ ਮੁਲਾਕਾਤ ਉਪਰੰਤ ਕਹੀ। ਸਵੈਨ ਨੇ ਰੰਧਾਵਾ ਵਲੋਂ ਪੇਸ਼ ਕੀਤੇ ਇਸ ਪ੍ਰਸਤਾਵ 'ਤੇ ਸਹਿਮਤੀ ਪ੍ਰਗਟਾਈ।

ਸਹਿਕਾਰਤਾ ਮੰਤਰੀ ਦੀ ਅਗਵਾਈ 'ਚ ਇਸ ਵਫ਼ਦ ਨੇ ਉਡੀਸ਼ਾ ਸਟੇਟ ਕੋਆਪਰੇਟਿਵ ਬੈਂਕ, ਡੀ.ਸੀ.ਸੀ.ਬੀ. ਦੇ ਮੁੱਖ ਦਫ਼ਤਰ ਤੇ ਜ਼ਿਲ੍ਹਾ ਖੋਰਧਾ 'ਚ ਇਸ ਦੀ ਮਹਿਲਾ ਬ੍ਰਾਂਚ ਅਤੇ ਸ਼ਿਸ਼ੂਪਾਲ ਗੜ੍ਹ ਵਿਖੇ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੁਸਾਇਟੀ (ਪੀ.ਏ.ਸੀ.ਐਸ.) ਦਾ ਦੌਰਾ ਕੀਤਾ ਉਥੋਂ ਦੇ ਕੰਪਿਊਟਰੀਕਰਨ ਸਿਸਟਮ ਦਾ ਅਧਿਐਨ ਕੀਤਾ। ਰੰਧਾਵਾ ਨੇ ਇਸ ਫੇਰੀ ਦੌਰਾਨ ਉਡੀਸ਼ਾ ਦੀ ਕੋਰ ਬੈਂਕਿੰਗ ਸਲਿਊਸ਼ਨ ਸਿਸਟਮ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਜ਼ਮੀਨੀ ਪੱਧਰ 'ਤੇ ਜਾਣਕਾਰੀ ਲੈਣ ਲਈ ਉਨ੍ਹਾਂ ਸੁਸਾਇਟੀਆਂ ਦੇ ਸਕੱਤਰਾਂ ਅਤੇ ਵੱਖ-ਵੱਖ ਬੈਂਕਾਂ ਦੀਆਂ ਬਰਾਂਚਾਂ ਦੇ ਸੇਲਜ਼ਮੈਨਜ਼ ਨਾਲ ਗੱਲਬਾਤ ਕੀਤੀ।

ਰੰਧਾਵਾ ਵਲੋਂ ਪੰਜਾਬ ਸਰਕਾਰ ਦੇ ਸਹਿਕਾਰਤਾ ਖੇਤਰ ਵਿਚ ਚੁੱਕੇ ਨਿਵੇਕਲੇ ਕਦਮਾਂ ਬਾਰੇ ਜਾਣਕਾਰੀ ਦੇਣ 'ਤੇ ਉਡੀਸ਼ਾ ਦੇ ਸਹਿਕਾਰਤਾ ਮੰਤਰੀ ਸਵੈਨ ਨੇ ਇਨ੍ਹਾਂ ਕੋਸ਼ਿਸ਼ਾਂ ਦੀ ਸਲਾਹੁਤਾ ਕੀਤੀ। ਉਨ੍ਹਾਂ ਮੰਨਿਆ ਕਿ ਕਿਸਾਨੀ ਅਤੇ ਪੇਂਡੂ ਖੇਤਰ ਦੀ ਆਰਥਿਕਤਾ ਨੂੰ ਲੀਹ 'ਤੇ ਲਿਆਉਣ ਲਈ ਸਹਿਕਾਰਤਾ ਲਹਿਰ ਨੂੰ ਮਜ਼ਬੂਤੀ ਨਾਲ ਖੜ੍ਹਾ ਕਰਨ ਦੀ ਲੋੜ ਹੈ। ਦੋਵਾਂ ਮੰਤਰੀਆਂ ਦੇ ਇਸ ਮਾਮਲੇ 'ਤੇ ਇਕੋ ਰਾਏ ਸੀ ਕਿ ਸਹਿਕਾਰਤਾ ਖੇਤਰ ਕਿਸਾਨੀ ਦੀ ਰੀੜ੍ਹ ਦੀ ਹੱਡੀ ਜਿਸ ਨੂੰ ਮਜ਼ਬੂਤ ਕੀਤੇ ਬਿਨਾਂ ਕਿਸਾਨਾਂ ਦਾ ਫਾਇਦਾ ਸੰਭਵ ਨਹੀਂ ਅਤੇ ਕਿਸਾਨੀ ਦੀ ਮਜ਼ਬੂਤੀ ਹੀ ਦੇਸ਼ ਦੀ ਆਰਥਿਕਤਾ ਨੂੰ ਤਕੜਾ ਬਣਾ ਸਕਦੀ ਹੈ, ਕਿਉਂਕਿ ਭਾਰਤ ਇਕ ਖੇਤੀ ਪ੍ਰਧਾਨ ਰਾਸ਼ਟਰ ਹੈ।

ਮੀਟਿੰਗ ਦੌਰਾਨ ਦੋਵੇਂ ਮੰਤਰੀਆਂ ਨੇ ਓਡੀਸ਼ਾ ਦੇ ਸਟੇਟ ਕੋਆਪਰੇਟਿਵ ਬੈਂਕ ਤੇ ਸਹਿਕਾਰਤਾ ਵਿਭਾਗ ਵਲੋਂ ਕੀਤੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ। ਰੰਧਾਵਾ ਨੇ ਆਪਣੀ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਤਜਰਬਾ ਕਾਫ਼ੀ ਸਿੱਖਣਯੋਗ ਰਿਹਾ ਹੈ ਅਤੇ ਭਰੋਸਾ ਦਿਵਾਇਆ ਕਿ ਉਹ ਓਡੀਸ਼ਾ ਦੁਆਰਾ ਅਪਣਾਏ ਜਾ ਰਹੇ ਉੱਤਮ ਅਭਿਆਸਾਂ ਨੂੰ ਲਾਗੂ ਕਰਨਗੇ।

ਰੰਧਾਵਾ ਦੀ ਅਗਵਾਈ ਵਾਲੇ ਇਸ ਵਫ਼ਦ ਵਿਚ ਰਜਿਸਟਰਾਰ ਪੰਜਾਬ ਦੀਆਂ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵਿਕਾਸ ਗਰਗ, ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ. ਡਾ. ਐਸ.ਕੇ. ਬਾਤਿਸ਼, ਮੁੱਖ ਸੂਚਨਾ ਤਕਨਾਲੋਜੀ ਅਧਿਕਾਰੀ ਪੀ.ਐਮ.ਐਸ. ਮੱਲ੍ਹੀ, ਸੀਨੀਅਰ ਆਈ.ਟੀ. ਅਧਿਕਾਰੀ ਸੰਜੇ ਗੁਪਤਾ ਅਤੇ ਪੰਜਾਬ ਰਾਜ ਕੋਆਪਰੇਟਿਵ ਬੈਂਕ ਦੇ ਕੰਸਲਟੈਂਟ ਕੇ.ਐਸ. ਪਾਂਡੇ ਸ਼ਾਮਲ ਸਨ।