ਮੌਸਮ ਵਿਭਾਗ ਦਾ ਅਨੁਮਾਨ : ਅਗੱਸਤ-ਸਤੰਬਰ ਮਹੀਨਿਆਂ ਦੌਰਾਨ ਹੋਣਗੀਆਂ ਭਰਵੀਆਂ ਬਾਰਸ਼ਾਂ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਛੇਤੀ ਹੀ ਖ਼ਤਮ ਹੋਵੇਗੀ ਮੀਂਹ ਦੀ ਉਡੀਕ, ਮੌਨਸੂਨ ਮੁੜ ਹੋਵੇਗੀ ਸਰਗਰਮ

Monsoon

ਚੰਡੀਗੜ੍ਹ : ਦੇਸ਼ ਦੇ ਕਈ ਹਿੱਸਿਆਂ ਅੰਦਰ ਮੌਨਸੂਨ ਦੀ ਚੰਗੀ ਸ਼ੁਰੂਆਤ ਤੋਂ ਬਾਅਦ ਮੀਂਹ ਦੀ ਇਕਸਾਰਤਾ ਨੂੰ ਲੈ ਕੇ ਵੱਡਾ ਫ਼ਰਕ ਵੇਖਣ ਨੂੰ ਮਿਲ ਰਿਹਾ ਹੈ। ਇਸ ਵਕਤ ਕਿਤੇ ਸੋਕਾ ਤੇ ਕਿਤੇ ਡੋਬਾ ਵਾਲੀ ਸਥਿਤੀ ਬਣੀ ਹੋਈ ਹੈ। ਮੀਂਹ ਦੀ ਲੁੱਕਣਮੀਟੀ ਤੋਂ ਕਿਸਾਨਾਂ ਅੰਦਰ ਨਿਰਾਸ਼ਾ ਪਾਈ ਜਾ ਰਹੀ ਹੈ। ਹੁਣ ਜਦੋਂ ਝੋਨੇ ਦੀ ਫ਼ਸਲ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਹੈ ਤਾਂ ਮੌਨਸੂਨ ਦੀ ਬੇਰੁਖੀ ਕਾਰਨ ਕਿਸਾਨਾਂ ਨੂੰ ਮਹਿੰਗੇ ਭਾਅ ਡੀਜ਼ਲ ਫੂਕ ਤੇ ਫ਼ਸਲ ਪਾਲਣੀ ਪੈ ਰਹੀ ਹੈ। ਹੁਣ ਆਉਂਦੇ ਦੋ ਮਹੀਨਿਆਂ (ਅਗੱਸਤ ਸਤੰਬਰ) ਦੌਰਾਨ ਚੰਗੇ ਮੀਂਹ ਦੀ ਸੰਭਾਵਨਾ ਬਣ ਰਹੀ ਹੈ। ਇਸ ਸਬੰਧੀ ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਨਵੀਂ ਸੂਚਨਾ ਜਾਰੀ ਕੀਤੀ ਸੀ। ਵਿਭਾਗ ਮੁਤਾਬਕ ਬਰਸਾਤ ਦੇ ਚਾਰ ਮਹੀਨੇ ਦੇ ਮੌਸਮ ਦੇ ਦੂਜੇ ਹਿੱਸੇ ਵਿਚ ਮਾਨਸੂਨ ਆਮ ਰਹਿ ਸਕਦੀ ਹੈ।

ਮੌਸਮ ਵਿਭਾਗ ਨੇ 2020 ਵਿਚ ਦਖਣੀ ਮਾਨਸੂਨ ਦੇ ਦੂਜੇ ਹਿੱਸੇ ਯਾਨੀ ਅਗੱਸਤ ਤੋਂ ਸਤੰਬਰ ਦੌਰਾਨ ਮੀਂਹ ਦੇ ਅਨੁਮਾਨ ਵਿਚ ਕਿਹਾ ਕਿ ਅਗੱਸਤ ਵਿਚ ਲੰਮੇ ਸਮੇਂ ਵਿਚ ਮੀਂਹ ਦੇ ਔਸਤ ਦੀ 97 ਫ਼ੀ ਸਦੀ ਬਾਰਸ਼ ਹੋ ਸਕਦੀ ਹੈ। ਵਿਭਾਗ ਨੇ ਕਿਹਾ, 'ਮਿਕਦਾਰ ਦੇ ਆਧਾਰ 'ਤੇ ਵੇਖੀਏ ਤਾਂ ਇਸ ਮੌਸਮ ਦੇ ਦੂਜੇ ਹਿੱਸੇ ਵਿਚ ਪੂਰੇ ਦੇਸ਼ ਵਿਚ ਔਸਤ ਦਾ 104 ਫ਼ੀ ਸਦੀ ਮੀਂਹ ਪੈ ਸਕਦਾ ਹੈ  ਜਿਸ ਵਿਚ ਅੱਠ ਫ਼ੀ ਸਦੀ ਘੱਟ-ਵੱਧ ਦੀ ਆਮ ਤਰੁਟੀ ਸ਼ਾਮਲ ਹੈ।

ਕਾਬਲੇਗੌਰ ਹੈ ਕਿ ਲੰਘੇ ਦੋ ਮਹੀਨਿਆਂ ਦਿਨਾਂ ਦੌਰਾਨ ਦੇਸ਼ ਦੇ ਕਈ ਇਲਾਕਿਆਂ ਅੰਦਰ ਭਾਰੀ ਤੋਂ ਦਰਮਿਆਨ ਮੀਂਹ ਵੇਖਣ ਨੂੰ ਮਿਲਿਆ ਸੀ, ਜਦਕਿ ਕੁੱਝ ਥਾਵਾਂ 'ਤੇ ਹਲਕੀ ਬੂੰਦਾ-ਬਾਂਦੀ ਤੋਂ ਬਾਅਦ ਮੌਸਮ ਖੁਸ਼ਕੀ ਵਾਲਾ ਬਣਿਆ ਹੋਇਆ ਹੈ। ਇਨ੍ਹਾਂ ਇਲਾਕਿਆਂ ਅੰਦਰ ਜਿੱਥੇ ਕਿਸਾਨਾਂ ਨੂੰ ਅਪਣੀਆਂ ਫ਼ਸਲਾਂ ਪਾਲਣ ਲਈ ਪਸੀਨਾਂ ਵਹਾਉਣਾ ਪੈ ਰਿਹੈ ਉਥੇ ਆਮ ਲੋਕ ਵੀ ਗਰਮੀ ਅਤੇ ਹੁੰਮਸ ਤੋਂ ਪ੍ਰੇਸ਼ਾਨ ਹਨ।

ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਜੂਨ-ਜੁਲਾਈ ਮਹੀਨੇ ਦੌਰਾਨ ਮਾਲਵਾ ਖੇਤਰ 'ਚ ਚੰਗਾ ਮੀਂਹ ਪੈ ਗਿਆ ਸੀ। ਇਸ ਕਾਰਨ ਬਠਿੰਡਾ, ਮਾਨਸਾ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਕਈ ਥਾਈ ਡੋਬੇ ਵਾਲੀ ਸਥਿਤੀ ਬਣ ਗਈ ਸੀ। ਫ਼ਜ਼ਿਲਕਾ ਜ਼ਿਲ੍ਹੇ ਦੇ ਕਈ ਪਿੰਡਾਂ ਅੰਦਰ ਨਰਮੇ ਦੀ ਫ਼ਸਲ ਪਾਣੀ ਨਾਲ ਖ਼ਰਾਬ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ।

ਦੂਜੇ ਪਾਸੇ ਕਈ ਇਲਾਕੇ ਅਜਿਹੇ ਵੀ ਹਨ, ਜਿੱਥੇ ਹਲਕੇ ਮੀਂਹ ਤੋਂ ਬਾਅਦ ਸਥਿਤੀ ਸੋਕੇ ਵਰਗੀ ਬਣੀ ਹੋਈ ਹੈ। ਇਨ੍ਹਾਂ 'ਚ ਦੁਆਬਾ ਖੇਤਰ ਦੇ ਕਾਫ਼ੀ ਸਾਰੇ ਇਲਾਕੇ ਤੋਂ ਇਲਾਵਾ ਚੰਡੀਗੜ੍ਹ, ਰੋਪੜ, ਨਵਾਂ ਸ਼ਹਿਰ ਅਤੇ ਲੁਧਿਆਣਾ ਦੇ ਕੁੱਝ ਹਿੱਸੇ ਸ਼ਾਮਲ ਹਨ, ਜਿੱਥੇ ਕਾਲੀਆਂ ਘਟਾਵਾਂ ਚੜ੍ਹ ਚੜ੍ਹ ਤਾਂ ਆਉਂਦੀਆਂ ਹਨ, ਪਰ ਬਿਨਾਂ ਵਰ੍ਹੇ ਹੀ ਲੰਘ ਜਾਂਦੀਆਂ ਹਨ। ਮੀਂਹ ਦੀ ਇਸ ਲੁੱਕਣਮੀਟੀ ਤੋਂ ਕਿਸਾਨ ਡਾਢੇ ਪ੍ਰੇਸ਼ਾਨ ਹਨ, ਜਿਨ੍ਹਾਂ ਦਾ ਇਹ ਸ਼ਿਕਵਾ ਆਉਂਦੇ ਦਿਨਾਂ ਦੌਰਾਨ ਦੂਰ ਹੋਣ ਦੇ ਅਸਾਰ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।