ਹਰਸਿਮਰਤ ਬਾਦਲ ਦੇ ਦੋਸ਼ਾਂ ਦਾ ਜੈਜੀਤ ਜੌਹਲ ਵਲੋਂ ਮੂੰਹਤੋੜਵਾਂ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਾਲਾ ਸਾਬ੍ਹ ਜੈਜੀਤ ਸਿੰਘ ਜੌਹਲ ਨੇ ਹਰਸਿਮਰਤ ਕੌਰ ਬਾਦਲ ਨੂੰ ਉਨ੍ਹਾਂ ਦੋਸ਼ਾਂ ਦਾ ਮੂੰਹਤੋੜ ਜਵਾਬ ਦਿਤਾ ਹੈ, ਜਿਸ...

Jaijeet Johal

ਹਰਸਿਮਰਤ ਬਾਦਲ ਨੂੰ ਦਸਿਆ 'ਝੂਠੀ', ਕਿਹਾ, ਹਰਸਿਮਰਤ ਨੇ ਧਾਰਨ ਕੀਤਾ ਅਪਣੇ ਪਤੀ ਦਾ 'ਝੂਠ ਬੋਲਣ ਵਾਲਾ' ਗੁਣ 
ਬਠਿੰਡਾ : ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਾਲਾ ਸਾਬ੍ਹ ਜੈਜੀਤ ਸਿੰਘ ਜੌਹਲ ਨੇ ਹਰਸਿਮਰਤ ਕੌਰ ਬਾਦਲ ਨੂੰ ਉਨ੍ਹਾਂ ਦੋਸ਼ਾਂ ਦਾ ਮੂੰਹਤੋੜ ਜਵਾਬ ਦਿਤਾ ਹੈ, ਜਿਸ ਵਿਚ ਉਨ੍ਹਾਂ ਨੇ ਮਨਪ੍ਰੀਤ ਬਾਦਲ ਅਤੇ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਏਮਜ਼ ਦੀ ਉਸਾਰੀ ਵਿਚ ਅੜਿੱਕਾ ਡਾਹੁਣ ਦਾ ਦੋਸ਼ ਲਗਾਇਆ ਸੀ। ਜੈਜੀਤ ਜੌਹਲ ਨੇ ਹਰਸਿਮਰਤ ਬਾਦਲ 'ਤੇ ਤਿੱਖਾ ਸ਼ਬਦੀ ਵਾਰ ਕਰਦਿਆਂ ਆਖਿਆ ਕਿ ਹਰਸਿਮਰਤ ਨੇ 24 ਅਗੱਸਤ ਨੂੰ ਏਮਜ਼ ਹਸਪਤਾਲ ਦਾ ਨੀਂਹ ਪੱਥਰ ਰੱਖਣ ਮੌਕੇ ਮੀਡੀਆ ਅੱਗੇ ਝੂਠ ਬੋਲਿਆ ਹੈ ਕਿ ਸਰਕਾਰ ਇਸ ਵਿਚ ਅੜਿੱਕੇ ਡਾਹ ਰਹੀ ਹੈ।

ਜੈਜੀਤ ਨੇ ਦਸਿਆ ਕਿ ਹਰਸਿਮਰਤ ਨੇ ਪੱਤਰਕਾਰਾਂ ਨੇ ਗੱਲਬਾਤ ਕਰਦਿਆਂ ਦੋਸ਼ ਲਗਾਇਆ ਸੀ ਕਿ ਪੰਜਾਬ ਸਰਕਾਰ ਵਲੋਂ ਏਮਜ਼ ਲਈ ਇਨਵਾਇਰਮੈਂਟ ਕਲੀਅਰੈਂਸ ਨਹੀਂ ਦਿਤੀ ਜਾ ਰਹੀ ਹੈ, ਜਿਸ ਕਾਰਨ ਉਸਾਰੀ ਦਾ ਕੰਮ ਰੁਕਿਆ ਹੋਇਆ ਹੈ। ਜੈਜੀਤ ਨੇ ਕਿਹਾ ਕਿ ਹਰਸਿਮਰਤ ਵਲੋਂ ਲਗਾਏ ਗਏ ਦੋਸ਼ ਝੂਠੇ ਅਤੇ ਬੇਬੁਨਿਆਦ ਕਿਉਂਕਿ ਏਮਸ ਨੂੰ ਇਨਵਾਇਰਮੈਂਟ ਕਲੀਅਰੈਂਸ ਦੀ ਚਿੱਠੀ ਇਸ ਦੇ ਨੀਂਹ ਪੱਥਰ ਤੋਂ ਪਹਿਲਾਂ ਭਾਵ ਕਿ 23 ਅਗੱਸਤ ਨੂੰ ਹੀ ਜਾਰੀ ਕਰ ਦਿਤੀ ਗਈ ਸੀ। 

ਜੌਹਲ ਨੇ ਕਿਹਾ ਕਿ ਹਰਸਿਮਰਤ ਬਾਦਲ ਨੇ ਸਿਆਸੀ ਲਾਹਾ ਲੈਣ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਨੀਚਾ ਦਿਖਾਉਣ ਲਈ ਪ੍ਰੈੱਸ ਅੱਗੇ ਇੰਨਾ ਵੱਡਾ ਝੂਠ ਬੋਲਿਆ। ਜੈਜੀਤ ਨੇ ਅੱਗੇ ਬੋਲਦਿਆਂ ਆਖਿਆ ਕਿ ਇਸ ਤੋਂ ਬਾਅਦ ਹਰਸਿਮਰਤ ਨੇ ਇਹ ਵੀ ਝੂਠ ਬੋਲਿਆ ਕਿ ਉਥੇ ਬਠਿੰਡਾ ਜ਼ਿਲ੍ਹੇ ਦਾ ਕੋਈ ਅਫ਼ਸਰ ਮੌਜੂਦ ਨਹੀਂ ਸੀ ਜਦਕਿ ਏਡੀਸੀ ਅਤੇ ਐਸਡੀਐਮ ਹਰਸਿਮਰਤ ਬਾਦਲ ਨੂੰ ਸਟੇਜ 'ਤੇ ਮਿਲ ਕੇ ਆਏ ਸਨ। ਉਨ੍ਹਾਂ ਕਿਹਾ ਕਿ ਇੰਝ ਲਗਦਾ ਹੈ ਕਿ ਹੁਣ ਹਰਸਿਮਰਤ ਬਾਦਲ ਨੇ ਵੀ ਅਪਣੇ ਪਤੀ ਸੁਖਬੀਰ ਬਾਦਲ ਦਾ 'ਝੂਠ ਬੋਲਣ ਵਾਲਾ' ਗੁਣ ਧਾਰਨ ਕਰ ਲਿਆ ਹੈ। 

ਦਸ ਦਈਏ ਕਿ ਹਰਸਿਮਰਤ ਕੌਰ ਬਾਦਲ ਨੇ ਏਮਸ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਬੋਲਦਿਆਂ ਆਖਿਆ ਸੀ ਕਿ ਕੈਪਟਨ ਸਰਕਾਰ ਖ਼ਾਸ ਕਰਕੇ ਮਨਪ੍ਰੀਤ ਸਿੰਘ ਬਾਦਲ ਜਾਣਬੁੱਝ ਕੇ ਏਮਜ਼ ਦੇ ਰਾਹ ਵਿਚ ਰੋੜੇ ਅਟਕਾ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਸਰਕਾਰ ਤੋਂ ਲੜ ਝਗੜ ਕੇ ਹਸਪਤਾਲ ਦੀ ਉਸਾਰੀ ਲਈ ਕਈ ਕਲੀਅਰੈਂਸ ਲਈਆਂ ਗਈਆਂ ਹਨ ਪਰ ਹਾਲੇ ਵੀ ਇਨਵਾਇਰਮੈਂਟ ਕਲੀਅਰੈਂਸ ਬਾਕੀ ਹੈ। ਹਰਸਿਮਰਤ ਨੇ ਇਹ ਵੀ ਕਿਹਾ ਸੀ ਕਿ ਹੁਣ ਉਸ ਦੇ ਸਬਰ ਦਾ ਪਿਆਲਾ ਭਰ ਗਿਆ ਹੈ, ਉਹ ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦੀ। ਅਸੀਂ ਏਮਜ਼ ਦਾ ਕੰਮ ਸ਼ੁਰੂ ਕਰਵਾ ਦਿਤਾ ਹੈ, ਜੇਕਰ ਪੰਜਾਬ ਸਰਕਾਰ ਇਸ ਵਿਚ ਕੋਈ ਟੰਗ ਅੜਾਏਗੀ ਤਾਂ ਫਿਰ ਅਸੀਂ ਦੇਖਾਂਗੇ।

ਦਸ ਦਈਏ ਕਿ ਬਾਦਲ ਪਰਵਾਰ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਹੀ ਸ਼ਰੀਕੇਬਾਜ਼ੀ ਕਈ ਵਾਰ ਮੀਡੀਆ ਵਿਚ ਆ ਚੁੱਕੀ ਹੈ। ਏਮਜ਼ ਨੂੰ ਲੈ ਕੇ ਦੋਵੇਂ ਦਿਓਰ-ਭਰਜਾਈ (ਮਨਪ੍ਰੀਤ ਬਾਦਲ ਅਤੇ ਹਰਸਿਮਰਤ ਬਾਦਲ) ਵਿਚਕਾਰ ਪਿਛਲੇ ਕਾਫ਼ੀ ਸਮੇਂ ਤੋਂ ਜ਼ੁਬਾਨੀ ਜੰਗ ਚਲਦੀ ਆ ਰਹੀ ਹੈ ਜੋ ਏਮਜ਼ ਦੇ ਨਿਰਮਾਣ ਵਿਚ ਇਕ ਦੂਜੇ ਨੂੰ ਦੋਸ਼ੀ ਠਹਿਰਾਉਂਦੇ ਆ ਰਹੇ ਹਨ। ਇਸੇ ਦੇ ਚਲਦਿਆਂ ਹਰਸਿਮਰਤ ਨੇ ਮਨਪ੍ਰੀਤ ਬਾਦਲ 'ਤੇ ਪ੍ਰੋਜੈਕਟ ਵਿਚ ਜਾਣਬੁੱਝ ਦੇਰੀ ਕਰਨ ਦਾ ਦੋਸ਼ ਲਗਾਏ ਸਨ, ਜਿਸ ਦਾ ਜਵਾਬ ਜੈਜੀਤ ਜੌਹਲ ਵਲੋਂ ਦਿਤਾ ਗਿਆ ਹੈ।