'ਆਪ' ਦੇ ਸਮੂਹ ਅਹੁਦੇਦਾਰਾਂ ਨੇ ਸ਼ੇਰਗਿੱਲ ਨੂੰ ਟਿਕਟ ਦੇਣ ਦਾ ਕੀਤਾ ਸਵਾਗਤ
ਅਨੰਦਪੁਰ ਲੋਕ ਸਭਾ ਦੇ ਹਲਕੇ ਵਿਚ ਪੈਂਦੇ ਆਮ ਆਦਮੀ ਪਾਰਟੀ ਦੇ ਸਮੂਹ ਅਹੁਦੇਦਾਰਾਂ ਦੀ ਇੱਕ ਬੈਠਕ ਅੱਜ ਦਲਵੀਰ ਸਿੰਘ ਢਿੱਲੋਂ
ਚੰਡੀਗੜ੍ਹ (ਸ.ਸ.ਸ) : ਅਨੰਦਪੁਰ ਲੋਕ ਸਭਾ ਦੇ ਹਲਕੇ ਵਿਚ ਪੈਂਦੇ ਆਮ ਆਦਮੀ ਪਾਰਟੀ ਦੇ ਸਮੂਹ ਅਹੁਦੇਦਾਰਾਂ ਦੀ ਇੱਕ ਬੈਠਕ ਅੱਜ ਦਲਵੀਰ ਸਿੰਘ ਢਿੱਲੋਂ ਜ਼ੋਨ ਇੰਚਾਰਜ ਮਾਲਵਾ-3 ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਸੀਟ ਅਨੰਦਪੁਰ ਸਾਹਿਬ ਲਈ ਐਲਾਨੇ ਗਏ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੀ ਉਮੀਦਵਾਰੀ ਦਾ ਸਵਾਗਤ ਕੀਤਾ ਅਤੇ ਆਪਣੀ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਨਰਿੰਦਰ ਸਿੰਘ ਸ਼ੇਰਗਿੱਲ ਦੀ ਆਉਣ ਵਾਲੀਆਂ ਚੋਣਾਂ ਵਿਚ ਭਰਵੀਂ ਹਿਮਾਇਤ ਕਰਨ ਦਾ ਐਲਾਨ ਕੀਤਾ।
ਸਮੂਹ ਅਹੁਦੇਦਾਰਾਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਸ਼ੇਰਗਿੱਲ ਇੱਕ ਬਹੁਤ ਹੀ ਯੋਗ, ਮਿਹਨਤੀ, ਪੜੇ ਲਿਖੇ ਅਤੇ ਅਰਵਿੰਦ ਕੇਜਰੀਵਾਲ ਦੀ ਸੋਚ ਨਾਲ ਜੁੜੇ ਹੋਏ ਵਿਅਕਤੀ ਹਨ ਅਤੇ ਉਹ ਇਹਨਾਂ ਦੀ ਉਮੀਦਵਾਰੀ ਦਾ ਸਵਾਗਤ ਕਰਦੇ ਹਨ ਅਤੇ ਅਰਵਿੰਦ ਕੇਜਰੀਵਾਲ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਨ। ਇਸ ਉਪਰੰਤ ਸਮੂਹ ਅਹੁਦੇਦਾਰਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ, ਜਿਸ ਵਿਚ ਅਮਰਜੀਤ ਸਿੰਘ ਸੰਦੋਆ ਵਿਧਾਇਕ ਰੋਪੜ ਨੇ ਬੋਲਦੇ ਹੋਏ ਕਿਹਾ ਕਿ ਨਰਿੰਦਰ ਸ਼ੇਰਗਿੱਲ ਨੂੰ ਪਾਰਲੀਮੈਂਟ 'ਚ ਜਿਤਾ ਕੇ ਭੇਜਣ ਲਈ ਉਹ ਪੂਰਾ ਜ਼ੋਰ ਲੱਗਾ ਦੇਣਗੇ ਅਤੇ ਦਿੱਲੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਲੈ ਕੇ ਜਾਣਗੇ।
ਦਲਵੀਰ ਢਿੱਲੋਂ ਨੇ ਕਿਹਾ ਕਿ ਇਹ ਚੋਣ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਲੋਕਲ ਮੁੱਦਿਆਂ ਨੂੰ ਆਧਾਰ ਬਣਾ ਕੇ ਅਤੇ ਦਿੱਲੀ ਸਰਕਾਰ ਦੀਆਂ ਪ੍ਰਾਪਤੀਆਂ ਦੇ ਆਧਾਰ 'ਤੇ ਲੜੀ ਜਾਵੇਗੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅੰਬਿਕਾ ਸੋਨੀ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਦੇ ਵੀ ਹਲਕੇ ਦੇ ਵਿਕਾਸ ਦੀ ਗੱਲ ਨਹੀਂ ਕੀਤੀ। ਬ੍ਰਿਗੇਡੀਅਰ ਰਾਜ ਕੁਮਾਰ ਨੇ ਕਿਹਾ ਕਿ ਮੈਂ ਇੱਕ ਫ਼ੌਜੀ ਦੇ ਵਾਂਗ ਇਹ ਲੜਾਈ ਲੜਾਂਗਾ ਅਤੇ ਨਰਿੰਦਰ ਸ਼ੇਰਗਿੱਲ ਨੂੰ ਆਪਣੇ ਹਲਕੇ ਬਲਾਚੌਰ ਤੋਂ ਜਿਤਾ ਕੇ ਭੇਜਾਂਗਾ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪਾਰਟੀ ਨੇ ਹਲਕੇ ਦੇ ਲੋਕਲ ਉਮੀਦਵਾਰ ਨੂੰ ਟਿਕਟ ਦਿੱਤੀ ਹੈ।
ਆਮ ਤੌਰ ਤੇ ਸਾਡੇ ਹਲਕੇ ਨੂੰ ਬਾਹਰੀ ਉਮੀਦਵਾਰ ਹੀ ਮਿਲਦੇ ਰਹੇ ਹਨ। ਇਸ ਤੋਂ ਇਲਾਵਾ ਮੈਡਮ ਰਾਜ ਗਿੱਲ, ਨਰਿੰਦਰ ਸਿੰਘ ਸ਼ੇਰਗਿੱਲ ਨੇ ਵੀ ਪੱਤਰਕਾਰਾਂ ਅਤੇ ਬੈਠਕ ਨੂੰ ਸੰਬੋਧਨ ਕੀਤਾ। ਇਸ ਬੈਠਕ ਵਿਚ ਹਰੀਸ਼ ਕੌਸ਼ਲ ਜ਼ਿਲ੍ਹਾ ਪ੍ਰਧਾਨ ਮੋਹਾਲੀ, ਹਰਦਿਆਲ ਸਿੰਘ ਜ਼ਿਲ੍ਹਾ ਪ੍ਰਧਾਨ ਰੋਪੜ, ਦਿਲਾਵਰ ਸਿੰਘ ਅਤੇ ਗੋਬਿੰਦਰ ਮਿੱਤਲ ਮੀਤ ਪ੍ਰਧਾਨ, ਇਕਬਾਲ ਸਿੰਘ ਸਪੋਕਸਪਰਸਨ, ਚੰਦਰ ਸ਼ੇਖਰ ਬਾਵਾ ਐਡਵੋਕੇਟ, ਨੀਰਜ ਸ਼ਰਮਾ ਐਡਵੋਕੇਟ, ਸਤੀਸ਼ ਚੋਪੜਾ, ਬੀ.ਐਸ ਚਾਹਲ, ਹਰਜੀਤ ਬੰਟੇ,ਗੁਰਮੁਖ ਸਿੰਘ, ਪ੍ਰਿਤਪਾਲ ਸਿੰਘ,ਪ੍ਰਭਜੋਤ ਕੌਰ, ਅਨੂੰ ਬੱਬਰ, ਕਸ਼ਮੀਰ ਕੌਰ, ਜੋਗਿੰਦਰ ਕੌਰ ਸਹੋਤਾ ਅਤੇ ਸਵਰਨ ਲਤਾ ਆਦਿ ਹਾਜ਼ਰ ਸਨ।