ਸਿੰਗਲਾ ਨੇ ਡਾ.ਬੀ.ਆਰ. ਅੰਬੈਡਕਰ ਐੱਸ.ਸੀ.ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਕੀਤੀ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

- ਵਜੀਫ਼ਾ ਸਕੀਮ ਤਹਿਤ ਵੱਧ ਤੋਂ ਵੱਧ ਆਮਦਨ ਦੀ ਸ਼ਰਤ 2.5 ਲੱਖ ਰੁਪਏ ਤੋਂ ਵਧਾ ਕੇ 4 ਲੱਖ ਰੁਪਏ ਕੀਤੀ

Vijayinder Singla

ਸੰਗਰੂਰ : ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸੂਬੇ ਭਰ 'ਚ ਕਰਵਾਏ ਗਏ ਸਮਾਗਮਾਂ ਦੀ ਲੜੀ 'ਚ ਸੰਗਰੂਰ ਵਿਖੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੇਇੰਦਰ ਸਿੰਗਲਾ ਨੇ ਮੰਦਰ ਵਿਖੇ ਨਤਮਸਤਕ ਹੋ ਕੇ ਵਾਲਮੀਕਿ ਸਮਾਜ ਨਾਲ ਮੁਬਾਰਕਬਾਦ ਸਾਂਝੀ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਡਾ.ਬੀ.ਆਰ. ਅੰਬੈਡਕਰ ਐੱਸ.ਸੀ. ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਸੰਗਰੂਰ ਜ਼ਿਲ੍ਹੇ 'ਚ ਰਸਮੀ ਸ਼ੁਰੂਆਤ ਕੀਤੀ ਅਤੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਪੰਜ ਵਿਦਿਆਰਥੀਆਂ ਨੂੰ ਇਸ ਸਕੀਮ ਦੇ ਲਾਭ ਦੇ ਸਰਟੀਫਿਕੇਟ ਵੰਡੇ।

ਇਸ ਮੌਕੇ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਾਡੀ ਸਰਕਾਰ ਨੇ ਹਮੇਸ਼ਾਂ ਹੀ ਸਮਾਜ ਦੇ ਦੱਬੇ-ਕੁਚਲੇ ਵਰਗਾਂ ਨੂੰ ਅੱਗੇ ਲੈ ਕੇ ਆਉਣ ਲਈ ਸਿਰਤੋੜ ਯਤਨ ਕੀਤੇ ਹਨ।  ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਹਮੇਸ਼ਾਂ ਹੀ ਗਰੀਬ ਵਿਦਿਆਰਥੀਆਂ ਪੱਖੀ ਫ਼ੈਸਲੇ ਲੈਂਦੀ ਆ ਰਹੀ ਹੈ । ਜਿਸ ਨਾਲ ਪੰਜਾਬ ਦਾ ਗਰੀਬ ਵਿਦਿਆਰਥੀ ਬਾਕੀ ਰਾਜਾਂ ਦੇ ਵਿਦਿਆਥੀਆਂ ਤੋਂ ਅੱਗੇ ਨਿਕਲ ਰਿਹਾ ਹੈ । ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਵੀ ਇਤਿਹਾਸਕ ਦਿਨ ਹੈ ਕਿਉਂਕਿ ਅੱਜ ਵੀ ਅਨੂਸਚਿਤ ਜਾਤੀਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਸਿੱਖਿਆ ਮੁਹੱਈਆ ਕਰਵਾਉਣ ਲਈ ਨਵੀਂ ਵਜੀਫ਼ਾ ਸਕੀਮ ਲਾਗੂ ਕੀਤੀ ਜਾ ਰਹੀ ਹੈ ।

ਸ਼੍ਰੀ ਸਿੰਗਲਾ ਨੇ ਕਿਹਾ ਕਿ ਡਾ. ਬੀ.ਆਰ. ਅੰਬੈਡਕਰ ਐੱਸ.ਸੀ. ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਸ਼ੁਰੂ ਹੋਣ ਨਾਲ ਹੁਣ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਦਿਆਰਥੀਆਂ ਦੀ ਦਸਵੀਂ ਤੋਂ ਬਾਅਦ ਦੀ ਸਿੱਖਿਆ ਲਈ ਕੋਰਸ ਫੀਸ ਦਾ ਬੋਝ ਨਹੀਂ ਪਵੇਗਾ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ 'ਚ ਤਾਂ ਦਸਵੀਂ ਤੱਕ ਦੀ ਸਿੱਖਿਆ ਪਹਿਲਾਂ ਹੀ ਮੁਫ਼ਤ ਕੀਤੀ ਜਾ ਚੁੱਕੀ ਹੈ । ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਵਲੋਂ ਦਸਵੀਂ ਤੋਂ ਬਾਅਦ ਦਿੱਤੀ ਜਾਣ ਵਾਲੀ ਵਜੀਫ਼ਾ ਸਕੀਮ ਬੰਦ ਕਰਨ ਦੇ ਲਏ ਗਏ ਕਾਲੇ ਫ਼ੈਸਲੇ ਨਾਲ ਹੋਣ ਰਹੇ ਐੱਸ.ਸੀ. ਭਾਈਚਾਰੇ ਦੇ ਨੁਕਸਾਨ ਦੀ ਪੂਰਤੀ ਹੁਣ ਕਾਂਗਰਸ ਸਰਕਾਰ ਵੱਲੋਂ ਆਪਣੇ ਦਮ 'ਤੇ ਹੀ ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਇਸ ਸਕੀਮ ਲਈ ਲਗਭਗ 600 ਕਰੋੜ ਰੁਪਏ ਖਰਚੇ ਜਾਣਗੇ ।