ਫ਼ਸਲਾਂ ਨੂੰ ਨੁਕਸਾਨ ਪਹੁੰਚਾ ਸਕਦੀ ਏ ਜ਼ਿਆਦਾ ਠੰਡ!

ਏਜੰਸੀ

ਖ਼ਬਰਾਂ, ਪੰਜਾਬ

ਆਲੂ ਦੀ ਫ਼ਸਲ 'ਤੇ ਝੁਲਸ ਰੋਗ ਦੇ ਹਮਲੇ ਦੀ ਸ਼ੰਕਾ

file photo

ਚੰਡੀਗੜ੍ਹ : ਦੇਸ਼ ਅੰਦਰ ਕੜਾਕੇ ਦੀ ਠੰਢ ਦਾ ਪ੍ਰਕੋਪ ਜਾਰੀ ਹੈ। ਪਹਾੜਾਂ 'ਚ ਹੋ ਰਹੀ ਬਰਫ਼ਬਾਰੀ ਕਾਰਨ ਠੰਡ 'ਚ ਨਿਰੰਤਰ ਵਾਧਾ ਹੋ ਰਿਹਾ ਹੈ। ਕੋਹਰੇ ਤੇ ਧੁੰਦ ਕਾਰਨ ਸੂਰਜ ਦੇਵਤਾ ਦੇ ਦਰਸ਼ਨ ਦੁਰਲੱਭ ਹੋ ਗਏ ਹਨ। ਅਜਿਹੇ 'ਚ ਫ਼ਸਲਾਂ 'ਤੇ ਇਸ ਦਾ ਮਾਰੂ ਅਸਰ ਹੋਣ ਦੇ ਅਸਾਰ ਬਣਦੇ ਜਾ ਰਹੇ ਹਨ।  

ਧੁੱਪ ਨਾ ਨਿਕਲਣ ਕਾਰਨ ਪੌਦਿਆਂ ਦਾ ਸਹੀ ਤਰ੍ਹਾਂ ਨਾਲ ਪ੍ਰਕਾਸ਼ ਸੰਸਲੇਸ਼ਣ ਨਹੀਂ ਪਾਉਂਦਾ। ਇਸ ਦਾ ਅਸਰ ਪੌਦਿਆਂ ਦੇ ਵਿਕਾਸ 'ਤੇ ਪੈਦਾ ਹੈ। ਲਗਾਤਾਰ ਪੈ ਰਹੀ ਠੰਡ ਤੇ ਧੁੱਪ ਨਾ ਚੜ੍ਹਨ ਦਾ ਅਸਰ ਰੱਬੀ ਦੀਆਂ ਫ਼ਸਲਾਂ 'ਤੇ ਪੈਣ ਦੀ ਸੰਭਾਵਨਾ ਵਧਦੀ ਜਾ ਰਹੀ ਹੈ।

ਇਹ ਮੌਸਮ ਭਾਵੇਂ ਕਣਕ ਦੀ ਫ਼ਸਲ ਲਈ ਕੁੱਝ ਹੱਦ ਤਕ ਖੁਸ਼ਗਵਾਰ ਹੈ ਪਰ ਆਲੂ ਤੇ ਅਜਿਹੀਆਂ ਹੀ ਹੋਰ ਫ਼ਸਲਾਂ 'ਤੇ ਲਗਾਤਾਰ ਪੈ ਰਹੇ ਕੋਹਰੇ ਤੇ ਧੁੰਦ ਦਾ ਅਸਰ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਆਲੂ ਦੀ ਫ਼ਸਲ 'ਤੇ ਝੁਲਸ ਰੋਗ ਦੇ ਹਮਲੇ ਦੀਆਂ ਖ਼ਬਰਾਂ ਪੰਜਾਬ ਤੇ ਉਤਰ ਪ੍ਰਦੇਸ਼ ਤੋਂ ਸਾਹਮਣੇ ਆਉਣੀਆਂ ਸ਼ੁਰੂ ਵੀ ਹੋ ਗਈਆਂ ਹਨ।  ਮੇਰਠ ਸਥਿਤ ਕੇਂਦਰੀ ਆਲੂ ਖੋਜ ਸੰਸਥਾਨ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਕਰਨਾਲ ਸਥਿਤ ਭਾਰਤੀ ਕਣਕ ਤੇ ਜੌਂ ਖੋਜ ਸੰਸਥਾਨ ਦੇ ਡਾਇਰੈਕਟਰ ਗਿਆਨੇਂਦਰ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਕੋਹਰੇ ਦਾ ਕਣਕ ਦੀ ਫ਼ਸਲ 'ਤੇ ਅਸਰ ਪੈਣ ਦੀ ਅਜੇ ਤਕ ਕੋਈ ਸੰਭਾਵਨਾ ਨਹੀਂ ਹੈ। ਭਾਵੇਂ ਫ਼ਸਲ ਦੇ ਵਿਕਾਸ 'ਤੇ ਇਸ ਦਾ ਅੰਸ਼ਿਕ ਪ੍ਰਭਾਵ ਪੈ ਸਕਦਾ ਹੈ। ਪਰ ਮੌਸਮ ਸਾਫ਼ ਹੋਣ 'ਤੇ ਕਣਕ ਦੀ ਫ਼ਸਲ ਤੇ ਉਸ ਦਾ ਅਸਰ ਸਮਾਪਤ ਹੋ ਜਾਂਦਾ ਹੈ। ਕਣਕ ਦੀ ਫ਼ਸਲ ਦੇ ਨਿਸਾਰੇ ਸਮੇਂ ਮੌਸਮ ਦੀ ਖਰਾਬੀ ਦਾ ਅਸਰ ਜ਼ਰੂਰ ਪੈਂਦਾ ਹੈ।

ਆਈਸੀਏਆਰ ਦੇ ਖੇਤੀ ਵਿਗਿਆਨੀ ਅਨੁਸਾਰ ਆਲੂ, ਛੋਲੇ, ਸਰ੍ਹੋਂ ਜਿਹੀਆਂ ਫ਼ਸਲਾਂ 'ਤੇ ਜ਼ਿਆਦਾ ਠੰਡ ਪੈਣ ਦਾ ਅਸਰ ਹੋ ਸਕਦਾ ਹੈ। ਦਰਅਸਲ ਲਗਾਤਾਰ ਸੀਤ ਲਹਿਰ ਜਾਰੀ ਰਹਿਣ ਨਾਲ ਪੌਦੇ ਅੰਦਰ ਪਾਣੀ ਜੰਮਣਾ ਸ਼ੁਰੂ ਹੋ ਜਾਂਦਾ ਹੈ ਜਿਸ ਦਾ ਅਸਰ ਸਿੱਟੇ 'ਤੇ ਪੈਣ ਕਾਰਨ ਦਾਣੇ ਸੁੱਕ ਜਾਂਦੇ ਹਨ।

ਮੌਸਮ ਵਿਭਾਗ ਨੇ ਆਉਂਦੇ ਦਿਨਾਂ 'ਚ ਮੀਂਹ ਪੈਣ ਤੇ ਠੰਡ ਹੋਰ ਵਧਣ ਦੀ ਚਿਤਾਵਨੀ ਦਿਤੀ ਹੈ। ਖੇਤੀ ਮਾਹਿਰਾਂ ਵਲੋਂ ਮੌਸਮ ਦੇ ਬਦਲਦੇ ਮਿਜ਼ਾਜ 'ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਲੋੜ ਪੈਣ ਤੇ ਕਿਸਾਨਾਂ ਦੀ ਮੱਦਦ ਕੀਤੀ ਜਾ ਸਕੇ।