ਦਿੱਲੀ ਦੀਆਂ ਵਿਲੱਖਣ ਤਸਵੀਰਾਂ, ਲੰਗਰਾਂ ਨੇ ਬਦਲੀ ਝੁੱਗੀਆਂ-ਝੌਪੜੀਆਂ ਵਾਲਿਆਂ ਦੀ ਜ਼ਿੰਦਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਝੁੱਗੀਆਂ-ਝੌਪੜੀਆਂ ‘ਚ ਰਹਿਣ ਵਾਲਿਆਂ ਨੂੰ ਮਿਲੀ ਨਵੀਂ ਜ਼ਿੰਦਗੀ

Unique pictures of Delhi Farmer Protest

ਨਵੀਂ ਦਿੱਲੀ (ਹਰਦੀਪ ਸਿੰਘ ਭੌਗਲ): ਕਿਸਾਨੀ ਮੋਰਚੇ ਤੋਂ ਆਏ ਦਿਨ ਕਈ ਵਿਲੱਖਣ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਦਿੱਲੀ ਦੇ ਬਾਰਡਰਾਂ ‘ਤੇ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਨਿਰੰਤਰ ਜਾਰੀ ਹੈ। ਕਿਸਾਨਾਂ ਤੋਂ ਇਲਾਵਾ ਸਥਾਨਕ ਲੋਕਾਂ ਲਈ ਵੀ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਦਿੱਲੀ ਦੀਆਂ ਝੁੱਗੀਆਂ ਝੌਪੜੀਆਂ ਵਿਚ ਰਹਿਣ ਵਾਲੇ ਲੋਕ ਇਹਨਾਂ ਲੰਗਰਾਂ ਨਾਲ ਅਪਣੀ ਭੁੱਖ ਮਿਟਾ ਰਹੇ ਹਨ।

ਝੁੱਗੀਆਂ ਵਿਚ ਰਹਿਣ ਵਾਲੀ ਇਕ ਬਜ਼ੁਰਗ ਔਰਤ ਨੇ ਦੱਸਿਆ ਕਿ ਕਿਸਾਨਾਂ ਦੇ ਸੰਘਰਸ਼ ਨੂੰ ਦੇਖ ਕੇ ਉਸ ਨੂੰ ਬਹੁਤ ਵਧੀਆ ਲੱਗ ਰਿਹਾ ਹੈ। ਉਹਨਾਂ ਕਿਹਾ ਕਿ ਇਸ ਦੌਰਾਨ ਗਰੀਬ ਲੋਕ ਖਾਣ ਪੀਣ ਦੀਆਂ ਕਈ ਅਜਿਹੀ ਚੀਜ਼ਾਂ ਦੇਖ ਰਹੇ ਹਨ, ਜੋ ਉਹਨਾਂ ਨੇ ਪਹਿਲਾਂ ਕਦੀ ਨਹੀਂ ਦੇਖੀਆਂ। ਅਜਿਹਾ ਲੱਗ ਰਿਹਾ ਹੈ ਜਿਵੇਂ ਇਹਨਾਂ ਲੋਕਾਂ ਨੂੰ ਨਵਾਂ ਜੀਵਨ ਮਿਲ ਗਿਆ ਹੋਵੇ।

ਮਹਿਲਾ ਨੇ ਦੱਸਿਆ ਕਿ ਉਹਨਾਂ ਨੇ ਪੰਜਾਬੀਆਂ ਦੇ ਘਰ ਕੰਮ ਵੀ ਕੀਤਾ ਹੈ ਤੇ ਪਤੀ ਦੀ ਸਿਹਤ ਖ਼ਰਾਬ ਹੋਣ ਸਮੇਂ ਪੰਜਾਬੀਆਂ ਨੇ ਉਹਨਾਂ ਦੀ ਕਾਫੀ ਮਦਦ ਵੀ ਕੀਤੀ ਸੀ। ਪਰ ਸਰਕਾਰ ਦੇ ਮੰਤਰੀ ਤੇ ਅਧਿਕਾਰੀ ਗਰੀਬਾਂ ਦੀਆਂ ਝੁੱਗੀਆਂ ‘ਤੇ ਕਬਜ਼ੇ ਕਰਕੇ ਬਿਲਡਿੰਗਾਂ ਬਣਾ ਰਹੇ ਹਨ।

ਉਹਨਾਂ ਕਿਹਾ ਕਿ ਅਸੀਂ ਟੀਵੀ ਵਿਚ ਰੋਜ਼ ਦੇਖਦੇ ਹਾਂ ਕਿ ਕਿਸਾਨਾਂ ਨੂੰ ਝੂਠੇ, ਨਸ਼ੇੜੀ ਆਦਿ ਕਿਹਾ ਜਾ ਰਿਹਾ ਹੈ। ਮਹਿਲਾ ਨੇ ਦੱਸਿਆ ਕਿ ਹਰ ਰੋਜ਼ ਅਨੇਕਾਂ ਔਰਤਾਂ ਤੇ ਲੜਕੀਆਂ ਦੇਰ ਰਾਤ ਤੱਕ ਲੰਗਰ ਛਕ ਕੇ ਜਾਂਦੀਆਂ ਹਨ ਪਰ ਉਹਨਾਂ ਨੂੰ ਕੋਈ ਨਹੀਂ ਛੇੜ ਰਿਹਾ ਹਰ ਪਾਸੇ ਸੁਰੱਖਿਅਤ ਮਾਹੌਲ ਹੈ।

ਉਹਨਾਂ ਦੱਸਿਆ ਕਿ ਇੱਥੇ ਆ ਕੇ ਉਹਨਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਮਿਲ ਰਿਹਾ ਹੈ, ਅਜਿਹਾ ਪਿਆਰ ਘਰ ਵਿਚ ਵੀ ਨਹੀਂ ਮਿਲਦਾ। ਪੰਜਾਬੀ ਮੋਰਚੇ ਵਿਚ ਆ ਰਹੇ ਲੋੜਵੰਦਾਂ ਨੂੰ ਕੱਪੜੇ, ਜੁਰਾਬਾਂ ਤੇ ਜੁੱਤੀਆ ਆਦਿ ਵੀ ਦੇ ਰਹੇ ਹਨ। ਉਹਨਾਂ ਕਿਹਾ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਨਹੀਂ ਤਾਂ ਕਿਸਾਨ ਅੱਗੇ ਨਹੀਂ ਵਧ ਸਕੇਗਾ।