ਸਿੱਖ ਤਾਲਮੇਲ ਕਮੇਟੀ ਈਸਟ ਕੋਸਟ ਵਲੋਂ ਮੋਹਨ ਭਾਗਵਤ ਦਾ ਵੀਜ਼ਾ ਰੱਦ ਕਰਨ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਸਿੱਖ ਤਾਲਮੇਲ ਕਮੇਟੀ ਈਸਟ ਕੋਸਟ (ਐਸਸੀਸੀਈਸੀ) ਵਲੋਂ ਅਮਰੀਕਾ ਦੇ ਅਸਿਸਟੈਂਟ ਸੈਕਟਰੀ ਆਫ਼ ਸਟੇਟ ਸਾਊਥ ਐਂਡ ਸੈਂਟਰਲ ਏਸ਼ੀਅਨ ਅਫੇਅਰਜ਼ ਵਾਸ਼ਿੰਗਟਨ ...

Mohan Bhagwat

ਵਾਸ਼ਿੰਗਟਨ : ਸਿੱਖ ਤਾਲਮੇਲ ਕਮੇਟੀ ਈਸਟ ਕੋਸਟ (ਐਸਸੀਸੀਈਸੀ) ਵਲੋਂ ਅਮਰੀਕਾ ਦੇ ਅਸਿਸਟੈਂਟ ਸੈਕਟਰੀ ਆਫ਼ ਸਟੇਟ ਸਾਊਥ ਐਂਡ ਸੈਂਟਰਲ ਏਸ਼ੀਅਨ ਅਫੇਅਰਜ਼ ਵਾਸ਼ਿੰਗਟਨ ਡੀਸੀ ਨੂੰ ਚਿੱਠੀ ਲਿਖੀ ਗਈ ਹੈ, ਜਿਸ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਨੇਤਾ ਮੋਹਨ ਭਾਗਵਤ ਦੀ ਵੀਜ਼ੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਚਿੱਠੀ ਵਿਚ ਲਿਖਿਆ ਗਿਆ ਹੈ ਕਿ ਸਿੱਖ ਤਾਲਮੇਲ ਕਮੇਟੀ ਅਮਰੀਕਾ ਦਾ ਇਕ ਗ਼ੈਰ ਲਾਭਕਾਰੀ ਵਿਦਿਆਰਥੀ ਸੰਗਠਨ ਹੈ ਅਤੇ ਕਮੇਟੀ ਇਹ ਮੰਗ ਕਰਦੀ ਹੈ ਕਿ ਹਿੰਦੂ ਰਾਸ਼ਟਰਵਾਦੀ ਸੰਗਠਨ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਨੇਤਾ ਮੋਹਨ ਭਾਗਵਤ ਦਾ ਵੀਜ਼ਾ ਰੱਦ ਕੀਤਾ ਜਾਵੇ।

ਕਮੇਟੀ ਨੇ ਅੱਗੇ ਲਿਖਿਆ ਕਿ ਇਹ ਹਿੰਦੂ ਸੰਗਠਨ ਭਾਰਤ ਵਿਚ ਘੱਟ ਗਿਣਤੀਆਂ ਦੀ ਅਧੀਨਤਾ ਅਤੇ ਹੱਤਿਆਵਾਂ ਦੇ ਲਈ ਜ਼ਿੰਮੇਵਾਰ ਹੈ। ਕਮੇਟੀ ਨੇ ਲਿਖਿਆ ਕਿ ਇਸ ਸੰਗਠਨ ਦੇ ਨੇਤਾ ਮੋਹਨ ਭਾਗਵਤ ਨੇ ਖੁੱਲ੍ਹੇ ਤੌਰ 'ਤੇ ਹਿੰਦੂਤਵ ਦਾ ਐਲਾਨ ਕੀਤਾ ਹੈ ਜੋ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਬਣਾਉਣ ਲਈ ਵਰਤੀ ਜਾਣ ਵਾਲੀ ਸ਼ਬਦਾਵਲੀ ਹੈ। ਉਸ ਨੇ ਲਿਖਿਆ ਕਿ ਤੁਸੀਂ ਕਈ ਰਾਸ਼ਟਰੀ ਪੱਧਰ ਦੇ ਟੀਵੀ ਚੈਨਲਾਂ ਵਿਚ ਕੀਤੇ ਜਾਂਦੇ ਭਾਸ਼ਣਾਂ ਵਿਚ ਸੁਣਿਆ ਹੋਵੇਗਾ ਕਿ ਉਨ੍ਹਾਂ ਨੇ ਸਾਰੇ ਘੱਟ ਗਿਣਤੀ ਧਰਮਾਂ ਨੂੰ ਸਿਰਫ਼ ਹਿੰਦੂ ਐਲਾਨ ਕਰ ਦਿਤਾ ਹੈ, ਨਾ ਕਿ ਮੁਸਲਿਮ, ਇਸਾਈ, ਸਿੱਖ ਜਾਂ ਬੋਧੀ। ਇਹੀ ਨਹੀਂ, ਆਰਐਸਐਸ ਨੇ ਭਾਰਤ ਨੂੰ 2023 ਤਕ ਹਿੰਦੂ ਰਾਸ਼ਟਰ ਬਣਾਉਣ ਦਾ ਇਕ ਏਜੰਡਾ ਐਲਾਨਿਆ ਗਿਆ ਹੈ।

ਆਰਐਸਐਸ ਨੇ ਨੇ ਗਊਆਂ ਨੂੰ ਬਚਾਉਣ ਦੇ ਨਾਂਅ 'ਤੇ ਕਈ ਲੋਕਾਂ ਦੀ ਹੱਤਿਆ ਕਰ ਦਿਤੀ ਹੈ। ਉਤਰ ਪ੍ਰਦੇਸ਼ ਸੂਬੇ ਵਿਚ ਇਕ ਘਟਨਾ ਵਿਚ ਆਰਐਸਐਸ ਦੇ ਗੁੰਡਿਆਂ ਨੇ ਇਕ ਪੂਰੇ ਮੁਸਲਿਮ ਪਰਵਾਰ ਨੂੰ ਸ਼ੱਕ ਦੀ ਬਿਨਾਹ 'ਤੇ ਕਤਲ ਕਰ ਦਿਤਾ ਕਿ ਉਨ੍ਹਾਂ ਨੇ ਗਊ ਦਾ ਮਾਸ ਖਾਧਾ ਹੈ। ਗਊ ਰੱਖਿਆ ਦੇ ਨਾਂਅ 'ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਭਾਰਤ ਵਿਚ ਆਮ ਹਨ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਜਨੀਤਕ ਕਰੀਅਰ ਆਰਐਸਐਸ ਵਰਕਰ ਦੇ ਰੂਪ ਵਿਚ ਸ਼ੁਰੂ ਹੋਇਆ ਅਤੇ ਉਨ੍ਹਾਂ ਨੇ ਇਨ੍ਹਾਂ ਕਦਮਾਂ ਦਾ ਸਮਰਥਨ ਕੀਤਾ ਹੈ।

ਸੀਆਈਏ ਨੇ ਅਪਣੀ ਨਵੀਂ ਵਰਲਡ ਫੈਕਟਬੁੱਕ ਰਿਪੋਰਟ ਵਿਚ ਆਰਐਸਐਸ ਨਾਲ ਜੁੜੇ ਸੰਗਠਨ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਅਤੇ ਬਜੰਰਗ ਦਲ ਨੂੰ ਅਤਿਵਾਦੀ ਧਾਰਮਿਕ ਸੰਗਠਨ ਦੇ ਰੂਪ ਵਿਚ ਦਿਖਾਇਆ ਹੈ ਅਤੇ ਆਰਐਸਐਸ ਨੂੰ ਰਾਸ਼ਟਰਵਾਦੀ ਸੰਗਠਨ ਕਿਹਾ ਹੈ। ਸੀਆਈਏ ਫੈਕਟਬੁੱਕ ਵਿਚ ਆਰਐਸਐਸ ਨੇਤਾ ਅਤੇ ਵੀਐਚਪੀ ਦੇ ਪ੍ਰਵੀਨ ਤੋਗੜੀਆ ਵੀ ਸ਼ਾਮਲ ਹਨ ਜੋ ਕਈ ਧਾਰਮਿਕ ਜਾਂ ਅਤਿਵਾਦੀ, ਕ੍ਰਾਂਤੀਕਾਰੀ ਸੰਗਠਨਾਂ ਅਤੇ ਵੱਖ-ਵੱਖ ਵੱਖਵਾਦੀ ਸੰਗਠਨਾਂ ਦੀ ਅਗਵਾਈ ਕਰਦੇ ਹਨ।

ਮੋਹਨ ਭਾਗਵਤ 7 ਸਤੰਬਰ ਨੂੰ ਸ਼ਿਕਾਗੋ ਵਿਚ ਹੋ ਰਹੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੰਮੇਲਨ ਵਿਚ ਭਾਗ ਲੈਣ ਲਈ ਸੰਯੁਕਤ ਰਾਜ ਅਮਰੀਕਾ ਆ ਰਹੇ ਹਨ। ਕਮੇਟੀ ਨੇ ਚਿੱਠੀ ਵਿਚ ਲਿਖਿਆ ਕਿ ਉਪਰੋਕਤ ਤੱਥਾਂ ਦੀ ਰੋਸ਼ਨੀ ਵਿਚ ਸਿੱਖ ਤਾਲਮੇਲ ਕਮੇਟੀ ਈਸਟ ਕੋਸਟ ਆਪ ਜੀ ਨੂੰ ਬੇਨਤੀ ਕਰਦੀ ਹੈ ਕਿ ਇਹ ਸਭ ਕੁੱਝ ਸਪੱਸ਼ਟ ਰੂਪ ਨਾਲ ਸਾਡੇ ਦੇਸ਼ ਦੇ ਮੁੱਲਾਂ ਦੇ ਉਲਟ ਹੈ।