ਆਕਲੈਂਡ: ਸਿੱਖ ਬੱਚੀ ਨੇ ‘ਸਕੂਲ ਬੋਰਡ ਮੈਂਬਰਜ਼’ ਚੋਣ ਜਿੱਤ ਕੇ ਵਧਾਇਆ ਮਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਬੋਰਡ ਆਫ਼ ਟ੍ਰਸਟੀਜ਼ ਵਿਚ ਸਕੂਲ ਦੇ ਬੱਚਿਆਂ ਦੀ ਨੁਮਾਇੰਦਗੀ ਕਰੇਗੀ ਜੱਪਨ ਕੌਰ

Auckland: The Sikh girl won the 'School Board Members' election

 

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਖ਼ਾਸ ਕਰ ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦੀ ਖ਼ੁਸ਼ੀ ਹੋਵੇਗੀ ਕਿ ‘ਵੈਸਟਲੇਕ ਗਰਲਜ਼ ਹਾਈ ਸਕੂਲ’ ਨੌਰਥ ਸ਼ੋਰ ਜਿਥੇ ਬਹੁ ਗਿਣਤੀ ਇਥੋਂ ਦੇ ਸਥਾਨਕ ਬੱਚਿਆਂ ਦੀ ਹੀ ਹੈ ਅਤੇ ਸਿਰਫ਼ 2-3 ਪੰਜਾਬੀ ਲੜਕੀਆਂ ਹੀ ਇਥੇ ਪੜ੍ਹਦੀਆਂ ਹੋਣਗੀਆਂ, ਵਿਖੇ ਹੋਈਆਂ ਬੋਰਡ ਮੈਂਬਰ ਚੋਣਾਂ ਵਿਚ ਇਕ ਨਿਊਜ਼ੀਲੈਂਡ ਜਨਮੀ ਦਸਤਾਰਧਾਰੀ ਸਿੱਖ ਬੱਚੀ ਜੱਪਨ ਕੌਰ ਨੇ ਵਿਦਿਆਰਥੀਆਂ ਦੇ ਵੱਡੇ ਵਰਗ ਦਾ ਵਿਸ਼ਵਾਸ ਜਿਤਦਿਆਂ 47.32% ਵੋਟਾਂ ਨਾਲ ਜਿੱਤ ਹਾਸਲ ਕਰ ਕੇ ਇਕ ਤਰ੍ਹਾਂ ਨਾਲ ਇਤਿਹਾਸਕ ਪ੍ਰਾਪਤੀ ਕੀਤੀ ਹੈ।

ਬੋਰਡ ਮੈਂਬਰ ਵਾਸਤੇ 4 ਵਿਦਿਆਰਥੀ ਮੈਦਾਨ ਵਿਚ ਸਨ ਅਤੇ ਜਪਨ ਕੌਰ ਨੇ ਇਹ ਜਿੱਤ ਹਾਸਲ ਕੀਤੀ ਹੈ। ਬੋਰਡ ਆਫ਼ ਟ੍ਰਸਟੀਜ਼ ਵਿਚ ਇਹ ਸਕੂਲ ਦੇ ਬੱਚਿਆਂ ਦੀ ਨੁਮਾਇੰਦਗੀ ਕਰੇਗੀ। ਨਿਊਜ਼ੀਲੈਂਡ ਵਿਚ ਸ਼ਾਇਦ ਇਹ ਪਹਿਲੀ ਸਿੱਖੀ ਸਰੂਪ ਵਾਲੀ ਬੱਚੀ ਹੋਵੇਗੀ ਜੋ ਜਿਥੇ ਸਿੱਖੀ ਸਰੂਪ ’ਚ ਰਹਿੰਦਿਆ ਪੜ੍ਹਾਈ ਪੂਰੀ ਕਰ ਰਹੀ ਹੈ, ਉਥੇ ਇਸ ਸਕੂਲ ਦੇ ਲਗਪਗ 2200 ਵਿਦਿਆਰਥੀਆਂ ਵਿਚੋਂ ਵੱਡਾ ਵਿਸ਼ਵਾਸ ਜਿੱਤਣ ’ਚ ਕਾਮਯਾਬ ਹੋਈ ਹੈ।

ਉਹ ਇਸ ਵੇਲੇ ਸਕੂਲ ਦੇ 11ਵੇਂ ਸਾਲ ਦੀ ਪੜ੍ਹਾਈ ਕਰ ਰਹੀ ਹੈ। ਇਸ ਸਕੂਲ ਵਿਚ ਪਹਿਲੀ ਵਾਰ ਕੋਈ ਭਾਰਤੀ ਕੁੜੀ ਇਹ ਵਿਸ਼ਵਾਸ ਹਾਸਲ ਕਰ ਸਕੀ ਹੈ। ਬੱਚੀ ਜੱਪਨ ਕੌਰ ਦੇ ਪਿਤਾ ਕਰਮਜੀਤ ਸਿੰਘ ਤਲਵਾੜ ਜਿਥੇ ਗੁਰਦੁਆਰਾ ਸਾਹਿਬ ਨੌਰਥ ਸ਼ੋਰ ਦੇ ਮੁੱਖ ਸੇਵਾਦਾਰ ਹਨ, ਉਥੇ ‘ਕੈਜਲੇ ਇੰਟਰਮੀਡੀਏਟ ਸਕੂਲ’ ਪਾਪਾਟੋਏਟੋਏ ਵਿਚ ਤਿੰਨ ਵਾਰ ਬੋਰਡ ਟਰੱਸਟੀ ਵੀ ਰਹਿ ਚੁਕੇ ਹਨ। ਸਿੱਖ ਬੱਚੀ ਜੱਪਨ ਕੌਰ ਜਿਸ ਨੇ ਸਕੂਲ ਦੇ ਵਿਚ ਚੋਣ ਜਿੱਤੀ ਅਤੇ ਸਾਰੇ ਵਿਦਿਆਰਥੀਆਂ ਦੀ ਬੋਰਡ ਆਫ ਟ੍ਰਸਟੀਜ਼ ਦੇ ਵਿਚ ਨੁਮਾਇੰਦਗੀ ਕਰੇਗੀ।