ਲੌਕਡਾਊਨ: ਪੁਲਿਸ ਨਾਲ ਬਹਿਸ ਕਰਨ 'ਤੇ ਸਾਬਕਾ ਮੰਤਰੀ ਨੇ ਅਪਣੇ ਲੜਕੇ ਨੂੰ ਦਿੱਤੀ ਕੂੜਾ ਚੁੱਕਣ ਦੀ ਸਜ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਬਕਾ ਖੁਰਾਕ ਅਤੇ ਸਪਲਾਈ ਮੰਤਰੀ ਪ੍ਰਦਿਯੂਮਨ ਸਿੰਘ ਤੋਮਰ ਦੇ ਪੁੱਤਰ ਨੇ ਡਿਊਟੀ ਕਰ ਰਹੇ ਪੁਲਿਸ ਜਵਾਨਾਂ ਨੂੰ ਸੜਕ 'ਤੇ ਧਮਕਾਇਆ।

Photo

ਗਵਾਲੀਅਰ: ਕੋਰੋਨਾ ਦੇ ਦੌਰ ਵਿਚ ਪੁਲਿਸ ਦੇ ਜਵਾਨ ਦਿਨ-ਰਾਤ ਡਿਊਟੀ ਕਰ ਰਹੇ ਹਨ। ਇਸ ਦੌਰਾਨ ਸਾਬਕਾ ਖੁਰਾਕ ਅਤੇ ਸਪਲਾਈ ਮੰਤਰੀ ਪ੍ਰਦਿਯੂਮਨ ਸਿੰਘ ਤੋਮਰ ਦੇ ਪੁੱਤਰ ਨੇ ਡਿਊਟੀ ਕਰ ਰਹੇ ਪੁਲਿਸ ਜਵਾਨਾਂ ਨੂੰ ਸੜਕ 'ਤੇ ਧਮਕਾਇਆ।

ਭਾਜਪਾ ਨੇਤਾ ਜਯੋਤੀਰਾਦਿੱਤਿਆ ਸਿੰਧਿਆ ਦੇ ਕਰੀਬੀ ਮੰਨੇ ਜਾਣ ਵਾਲੇ ਅਤੇ ਸਾਬਕਾ ਮੰਤਰੀ ਨੇ ਪੁਲਿਸ ਕਰਮਚਾਰੀਆਂ ਨਾਲ ਬਹਿਸ ਕਰਨ 'ਤੇ ਅਪਣੇ ਪੁੱਤਰ ਨੂੰ 1 ਘੰਟੇ ਲਈ ਨਗਰਪਾਲਿਕਾ ਕਰਮਚਾਰੀਆਂ ਦੇ ਨਾਲ ਕੂੜਾ ਚੁੱਕਣ ਦੀ ਸਜ਼ਾ ਦਿੱਤੀ।  ਇਸ ਦੇ ਨਾਲ ਹੀ ਲੌਕਡਾਊਨ ਦੌਰਾਨ ਤੈਨਾਤ ਪੁਲਿਸ ਕਰਮਚਾਰੀਆਂ ਨਾਲ ਬਹਿਸ ਕਰਨ ਨੂੰ ਲੈ ਕੇ ਮਾਫੀ ਮੰਗਣ ਲਈ ਕਿਹਾ।

ਉਹਨਾਂ ਦੇ ਲੜਕੇ ਨੇ ਡਿਊਟੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਕੀਤੀ ਸੀ ਕਿਉਂਕਿ ਪੁਲਿਸ ਨੇ ਉਸ ਨੂੰ ਲੌਕਡਾਊਨ ਦੌਰਾਨ ਬਿਨਾਂ ਮਾਸਕ ਦੇ ਘੁੰਮਣ ਨੂੰ ਲੈ ਕੇ ਸਵਾਲ ਕੀਤਾ ਸੀ।  ਵੀਰਵਾਰ ਨੂੰ  ਸੋਸ਼ਲ ਮੀਡੀਆ 'ਤੇ ਇਕ ਵੀਡੀਆ ਵਾਇਰਲ ਹੋਈ ਸੀ ਜਿਸ ਵਿਚ ਸਾਬਕਾ ਮੰਤਰੀ ਦਾ ਲੜਕਾ ਰਿਪੁਦਮਨ ਕਾਂਸਟੇਬਲ ਨਾਲ ਬਹਿਸ ਕਰ ਰਿਹਾ ਸੀ।

ਰਿਪੁਦਮਨ ਨੇ ਧਮਕੀ ਦਿੱਤੀ ਕਿ ਕਾਂਸਟੇਬਲ ਨੂੰ ਬੰਗਲੇ 'ਤੇ ਬੁਲਾਓ ਅਤੇ ਦੱਸੋ ਕਿ ਮੈਂ ਕੌਣ ਹਾਂ। ਬਾਅਦ ਵਿਚ ਪ੍ਰਦਿਯੂਮਨ ਸਿੰਘ ਤੋਮਰ ਆਪਣੇ ਬੇਟੇ ਨੂੰ ਉਸੇ ਜਗ੍ਹਾ ਲੈ ਗਏ ਜਿਥੇ ਪੁਲਿਸ ਵਾਲਿਆਂ ਨਾਲ ਬਹਿਸ ਹੋਈ ਸੀ। ਉਹਨਾਂ ਨੇ ਪੁੱਤਰ ਦੇ ਵਤੀਰੇ ਲਈ ਪੁਲਿਸ ਵਾਲਿਆਂ ਤੋਂ ਮੁਆਫੀ ਮੰਗੀ ਅਤੇ ਜ਼ੁਰਮਾਨਾ ਵੀ ਅਦਾ ਕੀਤਾ।